ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਸਰਕਾਰ ਨੂੰ ਆਪਣੀ ਨੀਤੀ ਬਦਲਣ ਦਾ ਸੱਦਾ ਦਿੰਦਿਆਂ ਐਲ.ਏ.ਸੀ. ‘ਤੇ ਸੈਨਿਕਾਂ ਨੂੰ ਸਵੈ-ਰੱਖਿਆ ਵਾਸਤੇ ਗੋਲੀ ਚਲਾਉਣ ਦੀ ਆਗਿਆ ਦੇਣ ਦੀ ਮੰਗ ਕੀਤੀ

Advertisement


• ਮੁੱਖ ਮੰਤਰੀ ਨੇ ‘ਕੈਪਟਨ ਨੂੰ ਪੁੱਛੋ’ ਸੈਸ਼ਨ ਵਿੱਚ ਕਿਹਾ, ”ਭਾਰਤ ਦੀ ਨੀਤੀ ਇਕ ਸੈਨਿਕ ਬਦਲੇ ਪੰਜ ਸੈਨਿਕ ਮਾਰਨ ਦੀ ਹੋਣੀ ਚਾਹੀਦੀ”
• ਕਿਹਾ, ”ਐਸ.ਜੇ.ਐਫ. ਦਾ ਪੰਨੂੰ ਅਤਿਵਾਦ ਨੂੰ ਹੁਲਾਰਾ ਦੇਣ ਲਈ ਨਿਰੰਤਰ ਸਰਗਰਮ”
ਚੰਡੀਗੜ•, 20 ਜੂਨ ( ਵਿਸ਼ਵ ਵਾਰਤਾ )-ਗਲਵਾਨ ਘਾਟੀ ਵਿਖੇ ਹੋਈ ਹਿੰਸਕ ਝੜਪ ਦੇ ਮੁੱਦੇ ‘ਤੇ ਸੱਦੀ ਸਰਵ ਭਾਰਤੀ ਮੀਟਿੰਗ ਵਿੱਚ ਦੇਸ਼ ਦੀਆਂ ਸਾਰੀਆਂ ਕੌਮੀ ਰਾਜਸੀ ਪਾਰਟੀਆਂ ਵੱਲੋਂ ਭਾਰਤ ਸਰਕਾਰ ਨੂੰ ਪੂਰਾ ਸਹਿਯੋਗ ਦੇਣ ਦੀ ਪੇਸ਼ਕਸ਼ ਦੇ ਇਕ ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਕੇਂਦਰ ਸਰਕਾਰ ਕੋਲ ਆਪਣੀ ਨੀਤੀ ਬਦਲਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਸਰਹੱਦਾਂ ‘ਤੇ ਤਾਇਨਾਤ ਸੈਨਿਕਾਂ ਨੂੰ ਸਵੈ-ਰੱਖਿਆ ਅਤੇ ਦੇਸ਼ ਦੀਆਂ ਹੱਦਾਂ ਦੀ ਰਾਖੀ ਲਈ ਹਥਿਆਰ ਚਲਾਉਣ ਦੀ ਆਗਿਆ ਦੇਵੇ।

ਆਪਣੇ ਫੇਸਬੁੱਕ ਲਾਈਵ ‘ਕੈਪਟਨ ਨੂੰ ਪੁੱਛੋ’ ਦੇ ਸੱਤਵੇ ਐਡੀਸ਼ਨ ਦੌਰਾਨ ਬੋਲਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਅਸਲ ਨਿਯੰਤਰਣ ਰੇਖਾ (ਐਲ.ਏ.ਸੀ.) ‘ਤੇ ਸੈਨਿਕਾਂ ਨੂੰ ਹਥਿਆਰਾਂ ਤੋਂ ਬਿਨਾਂ ਭੇਜਣ ਦੀ ਉਹ ਕਤਈ ਹਮਾਇਤ ਨਹੀਂ ਕਰਦੇ। ਉਨ•ਾਂ ਕਿਹਾ ਕਿ ਭਾਰਤ ਸਰਕਾਰ ਦੀ ਇਹ ਨੀਤੀ ਹੋਣੀ ਚਾਹੀਦੀ ਹੈ, ”ਜੇ ਉਹ ਸਾਡਾ ਇਕ ਸੈਨਿਕ ਮਾਰਦੇ ਹਨ ਤਾਂ ਅਸੀਂ ਉਨ•ਾਂ ਦੇ ਪੰਜ ਸੈਨਿਕ ਮਾਰੀਏ।” ਉਨ•ਾਂ ਕਿਹਾ ਕਿ ਇਹ ਸਰਾਸਰ ਗਲਤ ਹੈ ਕਿ ਸੈਨਿਕਾਂ ਨੂੰ ਬਿਨਾਂ ਹਥਿਆਰਾਂ ਤੋਂ ਭੇਜਿਆ ਜਾਵੇ ਅਤੇ ਉਨ•ਾਂ ਨੂੰ ਆਪਣੀ ਰੱਖਿਆ ਕਰਨ ਦੀ ਆਗਿਆ ਨਾ ਦਿੱਤੀ ਜਾਵੇ। ਉਨ•ਾਂ ਕਿਹਾ ਕਿ ਜਦੋਂ ਉਹ ਆਪਣੇ ਸੈਨਿਕ ਸਾਥੀਆਂ ਨਾਲ ਐਲ.ਏ.ਸੀ. ਉਤੇ ਦੋ ਸਾਲ ਲਈ ਤਾਇਨਾਤ ਸਨ ਤਾਂ ਗਸ਼ਤ ਉਤੇ ਨਿਕਲਦਿਆਂ ਉਹ ਹਰ ਤਰ•ਾਂ ਦੇ ਹਥਿਆਰਾਂ ਨਾਲ ਲੈਸ ਹੁੰਦੇ ਸਨ।
ਮੁੱਖ ਮੰਤਰੀ ਨੇ ਚਾਰ ਪੰਜਾਬੀਆਂ ਸਣੇ 20 ਭਾਰਤੀ ਸੈਨਿਕਾਂ ਦੇ ਮਾਰੇ ਜਾਣ ‘ਤੇ ਡੂੰਘਾ ਦੁੱਖ ਅਤੇ ਗੁੱਸਾ ਜ਼ਾਹਰ ਕਰਦਿਆਂ ਕਿਹਾ, ”ਅਸੀਂ ਪਰਮਾਣੂੰ ਯੁੱਗ ਵਿੱਚ ਰਹਿ ਰਹੇ ਹਨ ਅਤੇ ਅਸੀਂ ਡੰਡੇ ਲੈ ਕੇ ਜਾ ਰਹੇ ਹਾਂ ਤੇ ਡੰਡਿਆਂ ਨਾਲ ਕੁੱਟੇ ਜਾ ਰਹੇ ਹਾਂ।” ਉਨ•ਾਂ ਕਿਹਾ ਕਿ ਸਾਡੇ ਸੈਨਿਕ ਚੀਨੀਆਂ ਵੱਲੋਂ ਕੀਤੀ ਪੱਥਰਬਾਜ਼ੀ ਤੇ ਲਾਠੀਆਂ ਨਾਲ ਹਮਲੇ ਵਿੱਚ ਸ਼ਹੀਦ ਹੋਏ ਜਿਸ ‘ਤੇ ਇੰਨਾ ਸਹਿਜੇ ਹੀ ਯਕੀਨ ਨਹੀਂ ਕੀਤਾ ਜਾ ਸਕਦਾ।
ਗਲਵਾਨ ਘਾਟੀ ਵਿੱਚ ਚਾਰ ਪੰਜਾਬੀ ਸੈਨਿਕਾਂ ਦੀ ਸ਼ਹੀਦੀ ‘ਤੇ ਸੋਗ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ, ਹਾਲਾਂਕਿ “ਫੌਜ ਦੇ ਜਵਾਨ ਹੋਣ ਦੇ ਨਾਤੇ ਅਸੀਂ ਗੋਲੀ ਲੈਣ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ। ਉਨ•ਾਂ ਕਿਹਾ ਕਿ ਸ਼ਹੀਦਾਂ ਦੇ ਵਾਰਸਾਂ ਦੇ ਮੁਆਵਜ਼ੇ ਨੂੰ 12 ਲੱਖ ਰੁਪਏ ਤੋਂ ਵਧਾ ਕੇ 50 ਲੱਖ ਰੁਪਏ ਕਰਨ ਦੇ ਨਾਲ-ਨਾਲ ਸਰਕਾਰ ਨੇ ਸ਼ਹੀਦਾਂ ਦੇ ਨਾਂ ‘ਤੇ ਸਕੂਲਾਂ ਦਾ ਨਾਮ ਰੱਖਣ ਦਾ ਫੈਸਲਾ ਕੀਤਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਹੁਣ ਤੱਕ ਦੋ ਸ਼ਹੀਦ ਸੈਨਿਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰ ਚੁੱਕੇ ਹਨ।
ਸਿੱਖਸ ਫਾਰ ਜਸਟਿਸ (ਐਸ.ਐਫ.ਜੇ.) ਦੇ ਵਕੀਲ ਗੁਰਪਤਵੰਤ ਸਿੰਘ ਪੰਨੂੰ ਦੇ ਚੀਨ ਨੂੰ ਸਮਰਥਨ ਦੇਣ ਦੇ ਮੁੱਦੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਨਾ ਸਿਰਫ ਭਾਰਤ ਵਿਚ ਵੱਖਵਾਦ ਅਤੇ ਅਤਿਵਾਦ ਦਾ ਪ੍ਰਚਾਰ ਕਰ ਰਹੇ ਹਨ ਬਲਕਿ ਇਸ ਨੂੰ ਉਤਸ਼ਾਹਤ ਕਰਨ ਵਿਚ ਸਰਗਰਮੀ ਨਾਲ ਸ਼ਾਮਲ ਹਨ। ਉਨ•ਾਂ ਕਿਹਾ ਕਿ ਉਹ ਪੰਨੂੰ ਨੂੰ ਉਸ ਦੇ ਵੰਡਪਾਊ ਏਜੰਡੇ ਵਿਚ ਕਾਮਯਾਬ ਨਹੀਂ ਹੋਣ ਦੇਣਗੇ ਅਤੇ ਕਿਸੇ ਵੀ ਕੀਮਤ ‘ਤੇ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਕੈਪਟਨ ਅਮਰਿੰਦਰ ਸਿੰਘ ਨੇ ਖਾਲਿਸਤਾਨੀ ਪੱਖੀ ਪ੍ਰਚਾਰ ਕਰਨ ਵਾਲੇ ਨੂੰ ਇਸ ਨਾਪਾਕ ਮੁਹਿੰਮ ਨੂੰ ਫੈਲਾਉਣ ਲਈ ਦੂਸਰੇ ਦੇਸ਼ਾਂ ਵਿਚ ਛੁਪਣ ਦੀ ਬਜਾਏ ਪੰਜਾਬ ਆਉਣ ਦੀ ਚੁਣੌਤੀ ਦਿੱਤੀ।
ਹਰ ਕੀਮਤ ‘ਤੇ ਪੰਜਾਬ ਦੀ ਸ਼ਾਂਤੀ ਕਾਇਮ ਰੱਖਣ ਲਈ ਆਪਣੀ ਵਚਨਬੱਧਤਾ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ਾਂਤੀ ਨਾ ਹੋਣ ‘ਤੇ ਸੂਬੇ ਵਿੱਚ ਕੋਈ ਉਦਯੋਗ ਨਹੀਂ ਆਵੇਗਾ ਅਤੇ ਸਾਡੇ ਬੱਚਿਆਂ ਨੂੰ ਕੋਈ ਨੌਕਰੀ ਨਹੀਂ ਮਿਲੇਗੀ। ਉਨ•ਾਂ ਅੱਗੇ ਕਿਹਾ ਕਿ ਜੇ ਸ਼ਾਂਤੀ ਨੂੰ ਭੰਗ ਕਰਨ ਵਾਲੀਆਂ ਗ਼ੈਰ-ਕਾਨੂੰਨੀ ਤਾਕਤਾਂ ਨੂੰ ਪੈਰ ਪਸਾਰਨ ਦੀ ਆਗਿਆ ਦਿੱਤੀ ਜਾਂਦੀ ਹੈ ਤਾਂ ਸੂਬੇ ਦੇ ਅਰਥਚਾਰੇ ਦੀ ਬਰਬਾਦੀ ਹੋਵੇਗੀ।
——-