ਚੰਡੀਗੜ੍ਹ 1 ਜੂਨ( ਵਿਸ਼ਵ ਵਾਰਤਾ)-ਅਕਸਰ ਹੀ ਪੰਜਾਬੀ ਗਾਇਕ ਹਥਿਆਰਾਂ ਵਾਲੇ ਗਾਣੇ ਗਾਉਣ ਅਤੇ ਲੱਚਰ ਗਾਇਕੀ ਕਰਕੇ ਵਿਵਾਦਾਂ ‘ਚ ਘਿਰ ਜਾਂਦੇ ਹਨ। ਪਰ ਇਸ ਲਾਕਡਾਊਨ ਦੇ ਚੱਲਦਿਆਂ ਕਈ ਗਾਇਕਾਂ ਦਾ ਬਲਾਤਕਾਰ, ਮਾਰਕੁੱਟ ,ਨਸ਼ਾ ਰੱਖਣ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਆਦਿ ਨਾਲ ਵੀ ਵਿਵਾਦ ਜੁੜ ਗਏ ਹਨ ।
ਲਾਕਡਾਊਨ ਲੱਗੇ ਨੂੰ ਦੋ ਮਹੀਨਿਆਂ ਤੋਂ ਵਧ ਦਾ ਸਮਾਂ ਹੋ ਗਿਆ ਹੈ ਇਸ ਵਿਚਕਾਰ ਅੱਧਾ ਦਰਜਨ ਦੇ ਕਰੀਬ ਗਾਇਕਾਂ ‘ਤੇ ਵੱਖ ਵੱਖ ਕੇਸ ਦਰਜ ਹੋਏ ।
ਤਾਜ਼ਾ ਮਾਮਲਾ ਗਾਇਕ ਦਿਲਪ੍ਰੀਤ ਢਿੱਲੋਂ ਦਾ ਹੈ ਦਿਲਪ੍ਰੀਤ ਦੀ ਪਤਨੀ ਅੰਬਰ ਧਾਲੀਵਾਲ ਨੇ ਆਪਣੇ ਪਤੀ ‘ਤੇ ਮਾਰਕੁੱਟ ਦੇ ਦੋਸ਼ ਲਗਾਏ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀਆਂ ਹਨ। ਅੰਬਰ ਨੇ ਦਿਲਪ੍ਰੀਤ ‘ਤੇ ਦੂਜੀਆਂ ਕੁੜੀਆਂ ਨਾਲ ਵੀ ਅਫੇਅਰ ਦੇ ਦੋਸ਼ ਲਗਾਏ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਅੰਬਰ ਨੇ ਦਿਲਪ੍ਰੀਤ ਤੋਂ ਤਲਾਕ ਵੀ ਲੈ ਲਿਆ ਹੈ।
ਲਾਕਡਾਊਨ ਦੇ ਸ਼ੁਰੂਆਤੀ ਦਿਨਾਂ ਵਿੱਚ ਸੋਹਾਣਾ ਪੁਲਿਸ ਮੁਹਾਲੀ ਨੇ ਗਾਇਕ ਵੱਡਾ ਗਰੇਵਾਲ ਨੂੰ 30 ਗ੍ਰਾਮ ਅਫੀਮ ਸਣੇ ਗ੍ਰਿਫਤਾਰ ਕੀਤਾ ਸੀ ।ਜਿਸ ਤੋਂ ਬਾਅਦ ਐਨਡੀਪੀਐਸ ਐਕਟ ਦੀਆਂ ਵੱਖ ਵੱਖ ਧਰਾਵਾਂ ਤਹਿਤ ਗਰੇਵਾਲ ‘ਤੇ ਕੇਸ ਦਰਜ਼ ਕਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਜਿਸ ਤੋਂ ਬਾਅਦ ਗਰੇਵਾਲ ਨੂੰ ਜੇਲ੍ਹ ਭੇਜ ਦਿੱਤਾ ।
ਪੰਜਾਬੀ ਗਾਇਕ ਰਣਜੀਤ ਬਾਵਾ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤਹਿਤ ਥਾਣਾ ਸਦਰ ਰੋਪੜ ‘ਚ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਨੇ ਲੇਖਕ ਬੀਰ ਸਿੰਘ ਦਾ ਲਿਖਿਆ ਗੀਤ “ਮੇਰਾ ਕੀ ਕਸੂਰ” ਗਾਇਆ ਸੀ। ਇਹ ਮਾਮਲਾ ਕਾਫੀ ਦੇਰ ਤੱਕ ਸੁਰਖੀਆਂ ਵਿੱਚ ਰਿਹਾ ਪਰ ਰਣਜੀਤ ਬਾਵਾ ਨੇ ਸੋਸ਼ਲ ਮੀਡੀਆ ‘ਤੇ ਆ ਕਿ ਮੁਆਫ਼ੀ ਮੰਗ ਲਈ ।
ਹਮੇਸ਼ਾ ਵਿਵਾਦਾਂ ‘ਚ ਰਹਿਣ ਵਾਲਾ ਗਾਇਕ ਸਿੱਧੂ ਮੂਸੇਵਾਲਾ ਵੀ ਇਨ੍ਹਾਂ ਦਿਨਾਂ ਵਿੱਚ ਫਿਰ ਤੋਂ ਵਿਵਾਦਾਂ ਵਿੱਚ ਆ ਗਿਆ। ਇਸ ਵਾਰ ਸਿੱਧੂ ‘ਤੇ ਲਾਕਡਾਊਨ ਦੌਰਾਨ ਹਥਿਆਰ ਚਲਾਉਣ ‘ਤੇ ਧੂਰੀ ਪੁਲਿਸ ਥਾਣਾ ‘ਚ ਮਾਮਲਾ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਵਿੱਚ ਏਕੇ-47 ਹਥਿਆਰ ਚਲਾਉਣਾ ਸਿੱਧੂ ਨੂੰ ਪੁਲਿਸ ਹੀ ਸਿਖਾ ਰਹੀ ਸੀ. ਜਿਸ ਤੋਂ ਬਾਅਦ ਡੀਜੀਪੀ ਦਿਨਕਰ ਗੁਪਤਾ ਦੇ ਆਦੇਸ਼ਾਂ ਤੋਂ ਬਾਅਦ 9 ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ।
ਬਿੱਗ ਬੌਸ -13 ਵਿੱਚ ਹਿੱਸਾ ਲੈ ਕੇ ਕੌਮੀ ਪੱਧਰ ‘ਤੇ ਪਹਿਚਾਣ ਬਣਾਉਣ ਵਾਲੀ ਗਾਇਕਾ ਅਤੇ ਮਾਡਲ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਵਿਰੁੱਧ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ। ਮਹਿਲਾ ਜਲੰਧਰ ਦੀ ਰਹਿਣ ਵਾਲੀ ਸੀ ਜਿਸ ਦਾ ਦੋਸ਼ ਸੀ ਕਿ ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਉਨ੍ਹਾਂ ਨਾਲ ਪਿਸਤੌਲ ਦੀ ਨੋਕ ‘ਤੇ ਜਬਰ ਜਨਾਹ ਕੀਤਾ। ਇਹ ਮਾਮਲਾ ਥਾਣਾ ਬਿਆਸ ਵਿੱਚ ਦਰਜ ਕੀਤਾ ਗਿਆ ।
ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਪੰਜਾਬ ਨੰਬਰ ਦੀ ਮਰਸੀਡੀਜ਼ ਕਾਰ ਚੰਡੀਗੜ੍ਹ ਵਿੱਚ ਪੁਲੀਸ ਨੇ ਜ਼ਬਤ ਕਰ ਲਈ। ਦੋਸ਼ ਇਹ ਲੱਗਿਆ ਕਿ ਔਲਖ ਦੀ ਗੱਡੀ ਉਸ ਦਾ ਕਜ਼ਨ ਭਰਾ ਉੱਚੀ ਗਾਣੇ ਲਾ ਕਿ ਚਲਾ ਰਿਹਾ ਸੀ। ਉਸ ਦੇ ਭਰਾ ਸਮਰੀਤ ਸਿੰਘ ਕੋਲ ਗੱਡੀ ਨਾਲ ਜੁੜੇ ਦਸਤਾਵੇਜ਼ ਵੀ ਮੌਕੇ ‘ਤੇ ਨਹੀਂ ਸਨ। ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਮੋਟਰਾਈਕਲ ਐਕਟ ਦੇ ਤਹਿਤ ਗੱਡੀ ਜ਼ਬਤ ਕਰ ਲਈ ਜਿਸ ਤੋਂ ਬਾਅਦ ਮਨਕੀਰਤ ਔਲਖ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਮੀਡੀਆ ਵਾਲਿਆਂ ‘ਤੇ ਭੜਾਸ ਕੱਢੀ ।