ਜਲੰਧਰ(ਵਿਸ਼ਵ ਵਾਰਤਾ): ਅੱਜ ਦਾਣਾ ਮੰਡੀ ਫਗਵਾੜਾ ਵਿਖੇ ਹੋਏ ਕਿਸਾਨਾਂ ਦੇ ਵਿਸ਼ਾਲ ਇਕੱਠ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਗੰਨੇ ਦੇ ਭਾਅ ਵਿਚ ਵਾਧਾ ਨਾ ਕੀਤਾ ਗਿਆ ਤਾਂ 20 ਨਵੰਬਰ ਨੂੰ ਜਲੰਧਰ ਫਗਵਾੜਾ ਵਿਚਕਾਰ ਚਹੇੜੂ ਵਿਖੇ ਆਵਾਜਾਈ ਠੱਪ ਕੀਤੀ ਜਾਵੇਗੀ. ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਜੀ ਟੀ ਰੋਡ ਉਪਰ ਧਰਨੇ ਉਤੇ ਪਾਬੰਦੀ ਕਾਰਨ ਕਿਸਾਨਾਂ ਨੇ ਥਾਂ ਬਾਦਲ ਕੇ ਅੱਜ ਦਾਣਾ ਮੰਡੀ ਫਗਵਾੜਾ ਵਿਖੇ ਵਿਸ਼ਾਲ ਧਰਨਾ ਦਿੱਤਾ. ਧਰਨੇ ਵਿਚ ਮੌਸਮ ਦੀ ਖ਼ਰਾਬੀ ਅਤੇ ਵਰ੍ਹਦੇ ਮਹਿ ਵਿਚ ਵੀ ਵੱਡੀ ਗਿਣਤੀ ਵਿਚ ਕਿਸਾਨ ਨੀਲੀ ਸ਼ੱਤ ਹੇਠ ਹੀ ਬੈਠੇ ਰਹੇ, ਜਦ ਕਰੀਬ 2 ਵਜੇ ਤਕ ਕੋਈ ਸਰਕਾਰੀ ਅਧਿਕਾਰੀ ਕਿਸਾਨਾਂ ਦੀ ਗੱਲ ਸੁਣਨ ਲਈ ਨਹੀਂ ਆਇਆ ਤਾਂ ਦੋਆਬਾ ਕਿਸਾਨ ਸੰਗਰਸ਼ ਕਮੇਟੀ ਦੇ ਆਗੂਆਂ ਨੇ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਡੀ ਸੀ ਕਪੂਰਥਲਾ ਗੱਲ ਸੁਣਨ ਨਹੀਂ ਆਉਂਦੇ ਤਾਂ ਉਹ ਜੀ ਟੀ ਰੋਡ ਉਪਰ ਧਰਨਾ ਦੇਣ ਲਈ ਜਾਣਗੇ.
ਸਰਕਾਰੀ ਅਧਿਕਾਰੀਆਂ ਨੂੰ ਪਤਾ ਲੱਗਦਿਆਂ ਹੀ ਹੱਥਾਂ ਪੈਰਾਂ ਦੀ ਪੈ ਗਈ ਅਤੇ ਅੱਧੇ ਘੰਟੇ ਤੋਂ ਪਹਿਲਾ ਹੀ ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਕਪੂਰਥਲਾ ਧਰਨੇ ਵਾਲੀ ਥਾਂ ਆ ਪੁਜੇ. ਡਿਪਟੀ ਕਮਿਸ਼ਨਰ ਨੇ ਧਰਨੇ ਨੂੰ ਸੰਬੋਦਨ ਕਰਦਿਆਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਇਸ ਮਸਲੇ ਉਪਰ ਗੰਭੀਰ ਰੂਪ ਨਾਲ ਵਿਚਾਰ ਕਰ ਰਹੀ ਹੈ ਅਤੇ ਜਲਦੀ ਹੀ ਫੈਸਲਾ ਲਏ ਜਾਣ ਦੀ ਉਮੀਦ ਹੈ. ਡੀ ਸੀ ਦੇ ਭਰੋਸੇ ਬਾਅਦ ਦਾਣਾ ਮੰਡੀ ਵਿਖੇ ਦਿੱਤਾ ਹੋਇਆ ਧਰਨਾ ਸਮਾਪਤ ਹੋ ਗਿਆ ਪਰ ਕਿਸਾਨ ਆਗੂਆਂ ਨੇ ਦੋਹਰਾਇਆ ਕੇ ਗੰਨੇ ਦੀ ਕੀਮਤ ਨਾ ਵਧਾਏ ਜਾਣ ਦੀ ਹਾਲਤ ਵਿਚ ਉਹ ਕਿਸੇ ਵੀ ਸਰਕਾਰੀ ਯਾ ਅਦਾਲਤੀ ਹੁਕਮ ਦੀ ਪ੍ਰਵਾਹ ਨਹੀਂ ਕਰਨਗੇ ਅਤੇ 20 ਨਵੰਬਰ ਨੂੰ ਜੀ ਟੀ ਰੋਡ ਉਤੇ ਹਰ ਹਾਲਤ ਵਿਚ ਧਰਨਾ ਦਿੱਤਾ ਜਾਵੇਗਾ.