ਨਵਾਂਸ਼ਹਿਰ, 24 ਮਈ( ਵਿਸ਼ਵ ਵਾਰਤਾ)-ਕੋਵਿਡ ਤੋਂ ਬਚਾਉਣ ਲਈ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸੁਝਾਈਆਂ ਸਾਵਧਾਨੀਆਂ ਦਾ ਸਮਝਾਉਣ ’ਤੇ ਵੀ ਪਾਲਣ ਨਾ ਕਰਨ ਵਾਲਿਆਂ ਖ਼ਿਲਾਫ਼ ਜ਼ਿਲ੍ਹਾ ਪੁਲਿਸ ਸਖਤੀ ਦੇ ਮੂਡ ’ਚ ਆ ਗਈ ਹੈ। ਪਿਛਲੇ ਦੋ ਦਿਨਾਂ ’ਚ ਮਾਸਕ ਨਾ ਪਹਿਨਣ ਅਤੇ ਸੜ੍ਹਕ ’ਤੇ ਥੁੱਕਣ ਵਾਲੇ 536 ਵਿਅਕਤੀਆਂ ਦੇ ਚਲਾਨ ਕੀਤੇ ਗਏ ਹਨ।
ਐਸ ਐਸ ਪੀ ਸ੍ਰੀਮਤੀ ਅਲਕਾ ਮੀਨਾ ਅਨੁਸਾਰ ਸਾਡਾ ਜ਼ਿਲ੍ਹਾ ਪਹਿਲਾਂ ਹੀ ਕੋਵਿਡ ਦੇ ਪ੍ਰਭਾਵ ਹੇਠ ਰਿਹਾ ਹੈ ਅਤੇ ਕੁੱਝ ਪਿੰਡਾਂ ਨੂੰ ਪਾਜ਼ਿਟਿਵ ਕੇਸ ਆਉਣ ਬਾਅਦ ਪਾਬੰਦੀਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਉਸ ਤੋਂ ਅੱਗੇ ਹੁਣ ਜਦੋਂ ਸਰਕਾਰ ਵੱਲੋਂ ਕੁੱਝ ਢਿੱਲ ਦੇਣੀ ਸ਼ੁਰੂ ਕੀਤੀ ਗਈ ਹੈ ਤਾਂ ਸਾਡਾ ਕੋਵਿਡ ਸਾਵਧਾਨੀਆਂ ਪ੍ਰਤੀ ਲਾਪ੍ਰਵਾਹ ਹੋਣਾ, ਸਾਡੇ ਨਾਲ-ਨਾਲ ਸਾਡੇ ਆਲੇ-ਦੁਆਲੇ ਦੇ ਲੋਕਾਂ ਲਈ ਵੀ ਨੁਕਸਾਨਦੇਹ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਪਹਿਲਾਂ ਲੋਕਾਂ ਨੂੰ ਮੂੰਹ ’ਤੇ ਮਾਸਕ ਲੈਣ ਅਤੇ ਸੜ੍ਹਕਾਂ/ਜਨਤਕ ਸਥਾਨਾਂ ’ਤੇ ਥੁੱਕ ਨਾ ਸੁੱਟਣ ਪ੍ਰਤੀ ਸਮਝਾਇਆ ਜਾਂਦਾ ਰਿਹਾ ਪਰੰਤੂ ਫ਼ਿਰ ਵੀ ਉਲੰਘਣਾ ਕਰਨ ਵਾਲਿਆਂ ਲਈ ਸਖਤੀ ਦਾ ਰੁੱਖ ਅਪਨਾਉਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ’ਤੇ 150 ਐਫ ਆਈ ਆਰ ਅਤੇ ਮਾਸਕ ਨਾ ਪਹਿਨਣ ਵਾਲਿਆਂ ਦੇ ਪਿਛਲੇ ਦੋ ਦਿਨਾਂ ਦੌਰਾਨ 536 ਚਲਾਨ ਕੀਤੇ ਗਏ।
ਐਸ ਐਸ ਪੀ ਅਨੁਸਾਰ ਮਾਸਕ ਪਹਿਨਣਾ ਸਾਡੇ ਲਈ ਜ਼ਰੂਰੀ ਹੈ ਅਤੇ ਜਨਤਕ ਥਾਂਵਾਂ ’ਤੇ ਨਾ ਥੁੱਕਣਾ ਵੀ ਸਾਡੀ ਵੱਡੀ ਜ਼ਿੰਮੇਂਵਾਰੀ ਬਣਦੀ ਹੈ। ਜੇਕਰ ਅਸੀਂ ਸਮਝਦਾਰ ਹੋ ਕੇ ਚੱਲਾਂਗੇ ਤਾਂ ਆਪਣੇ ਸਮਾਜ ਨੂੰ ਕੋਵਿਡ ਤੋਂ ਬਚਾਉਣ ’ਚ ਆਪਣਾ ਯੋਗਦਾਨ ਪਾਉਣ ’ਚ ਸਫ਼ਲ ਹੋਵਾਂਗੇ।






















