ਚੰਡੀਗੜ੍ਹ 23 ਮਈ( ਵਿਸ਼ਵ ਵਾਰਤਾ)-ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਭੋਮਾ, ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਜੰਮੂ, ਅਕਾਲੀ ਆਗੂ ਬਲਵਿੰਦਰ ਸਿੰਘ ਖੋਜਕੀਪੁਰ, ਕੁਲਦੀਪ ਸਿੰਘ ਮਜੀਠਾ, ਹਰਸ਼ਨਰ ਸਿੰਘ ਭਰਤਪੁਰ ਜੱਟਾਂ ਅਤੇ ਗੁਰਚਰਨ ਸਿੰਘ ਬਸਿਆਲਾ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਅਗਰ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਗੁਰਦੁਆਰਾ ਸਾਹਿਬਾਨ ਵਿੱਚ ਸੋਨੇ ਨੂੰ ਪ੍ਰਧਾਨ ਮੰਤਰੀ ਰਾਹਤ ਕੋਸ਼ ਵਿੱਚ ਦੇਣ ਬਾਰੇ ਬਿਆਨ ਬਾਰੇ ਸੱਚੇ ਦਿਲੋਂ ਸੁਹਿਰਦ ਹਨ ਤਾਂ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਤੁਰੰਤ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨਗੀ ਤੋਂ ਤੁਰੰਤ ਬਰਖ਼ਾਸਤ ਕਰਕੇ ਨਾਗਪੁਰ ਆਰ ਐੱਸ ਐੱਸ ਦੇ ਕੈਂਪਾਂ ਵਿੱਚ ਐਡਵਾਂਸ ਸਿਖਲਾਈ ਲਈ ਭੇਜਣ ਤਾਂ ਕਿ ਉਹ ਆਰਐਸਐਸ ਦੇ ਏਜੰਡੇ ਨੂੰ ਗੁਰਧਾਮਾਂ ਵਿੱਚ ਲਾਗੂ ਕਰਨ ਲੱਗਿਆਂ ਅੱਗੇ ਤੋਂ ਕੁਤਾਹੀ ਨਾ ਕਰਨ ।
ਫ਼ੈਡਰੇਸ਼ਨ ਅਕਾਲੀ ਨੇਤਾਵਾਂ ਨੇ ਕਿਹਾ ਕਿ ਮੁਰਾਰਜੀ ਦੇਸਾਈ ਦੇ ਪ੍ਰਧਾਨ ਮੰਤਰੀ ਬਣਦਿਆਂ ਹੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਪਏ ਸੋਨੇ ਅਤੇ ਦਰਸ਼ਨ ਜੋੜੀ ਵਿੱਚ ਲੱਗੇ ਚਾਂਦੀ ਦੇ ਦਰਵਾਜ਼ਿਆਂ ਨੂੰ ਹਾਸਲ ਕਰਨ ਲਈ ਪਬਲਿਕ ਤੌਰ ਤੇ ਇੱਛਾ ਪ੍ਰਗਟਾਈ ਸੀ ਇਸੇ ਤਰ੍ਹਾਂ 1984 ਦੇ ਸਾਕਾ ਨੀਲਾ ਤਾਰਾ ਸਮੇਂ ਫੌਜ ਵੱਲੋਂ ਤੋਸ਼ਾਖ਼ਾਨਾ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਿਆ ਅਤੇ ਸਾੜਿਆ ਗਿਆ ਸੀ ਆਰਐੱਸਐੱਸ ਦੀ ਇਨ੍ਹਾਂ ਚੀਜ਼ਾਂ ਤੇ ਭੈੜੀ ਨਜ਼ਰ ਰਹੀ ਹੈ ਇਹੀ ਕਾਰਨ ਹੈ ਕਿ ਮਨਜਿੰਦਰ ਸਿੰਘ ਸਿਰਸਾ ਵਰਗੇ ਆਪਣੇ ਚੇਲਿਆਂ ਰਾਹੀਂ ਆਰਐੱਸਐੱਸ ਸਿੱਖ ਕੌਮ ਤੇ ਗੁੱਝੇ ਹਮਲੇ ਕਰਦੀ ਰਹਿੰਦੀ ਹੈ ਜਦੋਂ ਅਕਾਲੀ ਦਲ ਬਾਦਲ ਦਾ ਆਰਐਸਐਸ ਭਾਜਪਾ ਨਾਲ ਨੌਹ ਮਾਸ ਦਾ ਰਿਸ਼ਤਾ ਹੈ ਤਾਂ ਸਿਰਸਾ ਵਰਗਿਆਂ ਕੋਲੋਂ ਸਿੱਖ ਕੌਮ ਕੀ ਤਵੱਕੋ ਕਰ ਸਕਦੀ ਹੈ ।
ਫ਼ੈਡਰੇਸ਼ਨ ਅਕਾਲੀ ਨੇਤਾਵਾਂ ਕਿਹਾ ਕਿ ਜਦੋਂ ਮਨਜੀਤ ਸਿੰਘ ਜੀਕੇ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖ਼ਿਲਾਫ਼ ਆਵਾਜ਼ ਉਠਾਈ ਤਾਂ ਸ. ਜੀ ਕੇ ਉੱਤੇ ਝੂਠੇ ਇਲਜ਼ਾਮ ਲਗਾ ਕੇ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਲੈ ਕੇ ਅਕਾਲੀ ਦਲ ਬਾਦਲ ਤੋਂ ਵੀ ਬਰਖਾਸਤ ਕਰ ਦਿੱਤਾ ਸੀ ਤਾਂ ਹੁਣ ਮਨਜਿੰਦਰ ਸਿੰਘ ਸਿਰਸਾ ਵੱਲੋਂ ਬਜਰ ਗੁਨਾਹ ਕਰਨ ਤੋਂ ਬਾਅਦ ਕਬੂਤਰ ਵਾਂਗ ਅੱਖਾਂ ਕਿਉਂ ਮੀਟ ਲਈਆਂ ਗਈਆਂ ਹਨ ।