ਨਵੀਂ ਦਿੱਲੀ, 13 ਨਵੰਬਰ (ਵਿਸ਼ਵ ਵਾਰਤਾ) : ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿਖੇ ਇਕੱਤਰ ਹੋਏ ਵਿਸ਼ਵ ਦੇ ਆਗੂਆਂ ਨੇ ਅੱਜ ਵੱਖ-ਵੱਖ ਮੁਲਕਾਂ ਦਰਮਿਆਨ ਚੱਲਦੇ ਟਕਰਾਅ ਨੂੰ ਖਤਮ ਕਰਵਾ ਕੇ ਸ਼ਾਂਤੀ ਬਹਾਲ ਕਰਵਾਉਣ ਲਈ ਨਵਾਂ ਮੰਚ ਇੰਟਰਰਿਲੀਜੀਅਸ ਐਸੋਸੀਏਸ਼ਨ ਫਾਰ ਪੀਸ ਐਂਡ ਡਿਵੈਲਪਮੈਂਟ (ਆਈ. ਏ. ਪੀ. ਡੀ.) ਸ਼ੁਰੂ ਕਰ ਲਿਆ ਅਤੇ ਹਰ ਤਰਾਂ ਦੇ ਟਕਰਾਅ ਖਤਮ ਕਰਨ ਦਾ ਸੱਦਾ ਦਿੱਤਾ।
ਇਸ ਦੇ ਸ਼ੁਰੂਆਤੀ ਸਮਾਗਮ ਵਿਚ ਸਿੱਖਾਂ ਦੀ ਪ੍ਰਤੀਨਿਧਤਾ ਕਰ ਰਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਜਿਨਾਂ ਨੇ ਸਿੱਖੀ ਰਵਾਇਤ ਅਨੁਸਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂਜੀ ਦੀ ਫਤਿਹ ਸਾਂਝੀ ਕਰਕੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ ਨੇ ਕਿਹਾ ਕਿ ਇਹ ਇਕ ਇਤਿਹਾਸਕ ਮੌਕਾ ਹੈ ਜਦੋਂ ਵਿਸ਼ਵ ਵਿਚ ਸ਼ਾਂਤੀ ਦੀ ਸਥਾਪਨਾ ਲਈ ਖਾਸ ਤੌਰ ‘ਤੇ ਆਪਸ ਵਿਚ ਟਕਰਾਅ ਵਿਚ ਉਲਝੇ ਮੁਲਕਾਂ ਵਿਚ ਸ਼ਾਂਤੀ ਬਹਾਲੀਲਈ ਯਤਨ ਕੀਤੇ ਗਏ ਹਨ। ਸ਼੍ਰੀ ਸਿਰਸਾ ਨੇ ਕਿਹਾ ਕਿ ਸਦੀਆਂ ਪਹਿਲਾਂ ਸਿੱਖ ਗੁਰੂ ਸਾਹਿਬਾਨ ਨੇ ਆਪਣੀਆਂ ਸਿੱਖਿਆਵਾਂ ਵਿਚ ਸ਼ਾਂਤੀ ਦਾ ਸੰਦੇਸ਼ ਦਿੱਤਾ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਤਾਂ ਟਕਰਾਅ ਦੀ ਨੀਤੀ ਅਪਣਾਉਣ ‘ਤੇ ਹਮਲਾਵਰਬਾਬਰ ਦੀ ਨਿਖੇਧੀ ਵੀ ਕੀਤੀ ਸੀ। ਉਨਾਂ ਕਿਹਾ ਕਿ ਅੱਜ ਸਾਰੀ ਦੁਨੀਆ ਨੇ ਮਹਿਸੂਸ ਕਰ ਲਿਆ ਹੈ ਕਿ ਵਿਕਾਸ ਤੇ ਤਰੱਕੀ ਲਈ ਸ਼ਾਂਤੀ ਹੋਣਾ ਬਹੁਤ ਲਾਜਮੀ ਹੈ। ਉਨਾਂ ਕਿਹਾ ਕਿ ਇਤਿਹਾਸ ਦੇ ਇਸ ਅਹਿਮ ਪੜਾਅ ‘ਤੇ ਆਈ. ਏ. ਪੀ. ਡੀ.ਮੰਚ ਦੀ ਸਥਾਪਨਾ ਵਿਸ਼ਵ ਸ਼ਾਂਤੀ ਵਿਚ ਅਹਿਮ ਭੂਮਿਕਾ ਅਦਾ ਕਰੇਗੀ। ਇਸ ਪਹਿਲਕਦਮੀ ਲਈ ਯੂਨੀਵਰਸਲ ਪੀਸ ਫੈਡਰੇਸ਼ਨ ਲੀਡਰਸ਼ਿਪ ਨੂੰ ਵਧਾਈ ਦਿੰਦਿਆਂ ਸ਼੍ਰੀ ਸਿਰਸਾ ਨੇ ਕਿਹਾ ਕਿ ਇਹ ਮਨੁੱਖਤਾ ਪ੍ਰਤੀ ਮਹਾਨ ਸੇਵਾ ਅਤੇ ਚੰਗਾ ਉਧਮ ਹੈ। ਉਨਾਂ ਮੌਕੇ ‘ਤੇ ਇਕੱਤਰ ਹੋਏ ਵਿਸ਼ਵ ਆਗੂਆਂ ਨੂੰ ਭਰੋਸਾਦਵਾਇਆ ਕਿ ਉਹ ਅਤੇ ਹੋਰ ਸਿੱਖ ਆਗੂ ਨਵੇਂ ਮੰਚ ਦੇ ਮਿਸ਼ਨ ਦੀ ਪ੍ਰਾਪਤੀ ਲਈ ਸਰਗਰਮ ਭੂਮਿਕਾ ਅਦਾ ਕਰਨਗੇ ਅਤੇ ਯੂ. ਟੀ. ਐਫ. ਵਿਚ ਸ਼ਾਮਲ ਹੋ ਕੇ ਖੁਸ਼ ਹੋਣਗੇ।
ਆਪਣੇ ਭਾਸ਼ਣ ਦੀ ਸਮਾਪਤੀ ‘ਤੇ ਫਿਰ ਫਤਿਹ ਸਾਂਝੀ ਕਰਦਿਆਂ ਸ਼੍ਰੀ ਸਿਰਸਾ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਉਨਾਂ ਲਈ ਹਮੇਸ਼ਾ ਮਾਰਗ ਦਰਸ਼ਕ ਰਹੀਆਂ ਹਨ ਅਤੇ ਰਹਿਣਗੀਆਂ।