
ਬਠਿੰਡਾ, 22 ਅਪ੍ਰੈਲ( ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਇਸ ਸਾਲ ਬਠਿੰਡਾ ਜਿ਼ਲ੍ਹੇ ਵਿਚ 2 ਲੱਖ ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਈ ਦਾ ਟੀਚਾ ਮਿੱਥਿਆ ਗਿਆ ਹੈ ਜਦ ਕਿ ਪਿੱਛਲੇ ਸਾਲ ਜਿ਼ਲ੍ਹੇ ਵਿਚ 1.4 ਲੱਖ ਹੈਕਟੇਅਰ ਰਕਬੇ ਵਿਚ ਨਰਮੇ ਦੀ ਕਾਸਤ ਕੀਤੀ ਗਈ ਸੀ। ਇਹ ਜਾਣਕਾਰੀ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸ੍ਰੀ ਸੁਤੰਤਰ ਕੁਮਾਰ ਐਰੀ ਨੇ ਅੱਜ ਇੱਥੇ ਜਿ਼ਲ੍ਹੇ ਦੇ ਦੌਰੇ ਦੌਰਾਨ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਹੈ ਕਿ ਝੋਨੇ ਹੇਠੋਂ ਰਕਬਾ ਘਟਾਇਆ ਜਾਵੇ ਅਤੇ ਦੁਸਰੀਆਂ ਘੱਟ ਪਾਣੀ ਨਾਲ ਪੱਕਣ ਵਾਲੀਆਂ ਫਸਲਾਂ ਦੀ ਕਾਸਤ ਵਧਾਈ ਜਾਵੇ।
ਡਾਇਰੈਕਟਰ ਸ੍ਰੀ ਸੁਤੰਤਰ ਕੁਮਾਰ ਐਰੀ ਨੇ ਹੋਰ ਦੱਸਿਆ ਕਿ ਮੱਕੀ ਦੀ ਫਸਲ ਹੇਠ ਪਿਛਲੇ ਸਾਲ ਜਿ਼ਲ੍ਹੇ ਵਿਚ ਕੋਈ ਰਕਬਾ ਨਹੀ ਸੀ ਪਰ ਇਸ ਸਾਲ ਕਿਸਾਨਾਂ ਨੂੰ 14000 ਹੈਕ. ਰਕਬੇ ਵਿੱਚ ਮੱਕੀ ਦੀ ਬਿਜਾਈ ਕਰਨ ਹਿਤ ਪ੍ਰੇਰਿਆ ਜਾ ਰਿਹਾ ਹੈ।ਝੋਨੇ ਦੀ ਸਿਧੀ ਬਿਜਾਈ ਹੇਠ ਇਸ ਵਾਰ ਘੱਟੋ ਘੱਟ 5000 ਹੈਕ. ਰਕਬਾ ਆਉਣ ਦੀ ਉਮੀਦ ਹੈ ਅਤੇ ਬਾਸਮਤੀ ਦੀ ਫਸਲ ਹੇਠ ਪਿਛਲੇ ਸਾਲ 8000 ਹੈਕ. ਰਕਬਾ ਸੀ, ਇਸ ਸਾਲ 14000 ਹੈਕ. ਰਕਬਾ ਆਉਣ ਦੀ ਪੂਰੀ ਪੂਰੀ ਉਮੀਦ ਹੈ।ਕਿਸਾਨ ਪਸ਼ੂਆਂ ਦੇ ਹਰੇ ਚਾਰੇ ਲਈ ਮੱਕੀ ਦੀ ਫਸਲ ਤੋਂ ਸਾਰਾ ਸਾਲ ਚਾਰਾ ਲੈਣ ਲਈ ਮੱਕੀ ਦੀ ਫਸਲ ਦਾ ਆਚਾਰ ਵੱਡੇ ਪੱਧਰ ਤੇ ਤਿਆਰ ਕਰਨਗੇ।ਉਨ੍ਹਾਂ ਨੇ ਕਿਹਾ ਕਿ ਇਹ ਸਾਰੀ ਵਿਉਤਬੰਦੀ ਜ਼ਿਲ੍ਹਾ ਬਠਿੰਡਾ ਦੇ ਸਾਰੇ ਖੇਤੀਬਾੜੀ ਮਾਹਿਰਾਂ ਸਦਕਾ ਅਤੇ ਉਨ੍ਹਾਂ ਦੀ ਮਿਹਨਤ ਸਦਕਾ ਹੀ ਸੰਭਵ ਹੈ। ਝੋਨੇ ਹੇਠ ਰਕਬਾ ਜਿਥੇ ਪਿਛਲੇ ਸਾਲ 171000 ਹੈਕ. ਸੀ, ਉਹ ਇਸ ਸਾਲ ਘੱਟ ਕੇ ਸਿਰਫ 53000 ਹੈਕ. ਹੀ ਰਹਿਣ ਦੀ ਉਮੀਦ ਹੈ।ਜ਼ਿਲ੍ਹਾ ਬਠਿੰਡਾ ਦਾ ਖੇਤੀਬਾੜੀ ਵਿਭਾਗ ਦਾ ਸਮੂਹ ਟੈਕਨੀਕਲ ਸਟਾਫ ਬਹੁਤ ਹੀ ਮਾਹਿਰ ਹੋਣ ਕਰਕੇ ਹਰੇਕ ਫਸਲ ਦਾ ਝਾੜ ਪ੍ਰਤੀ ਏਕੜ ਵਧੇਗਾ ਅਤੇ ਖਰਚਾ ਵੀ ਬਹੁਤ ਘੱਟ ਹੋਵੇਗਾ।
ਵਧੀਕ ਮੁੱਖ ਸਕੱਤਰ (ਵਿਕਾਸ) ਖੇਤੀਬਾੜੀ ਵਿਭਾਗ, ਪੰਜਾਬ ਸ੍ਰੀ ਵਿਸ਼ਵਜੀਤ ਖੰਨਾ ਤੇ ਖੇਤੀਬਾੜੀ ਸਕੱਤਰ ਸ੍ਰੀ ਕਾਹਨ ਸਿੰਘ ਪੰਨੂੰ ਦੀ ਸੁਚੱਜੀ ਅਗਵਾਈ ਹੇਠ ਫਸਲੀ ਵਿਭਿੰਨਤਾ ਤਹਿਤ ਜ਼ਿਲ੍ਹਾ ਬਠਿੰਡਾ ਵਿੱਚ ਪੈਦੇ ਸਾਰੇ ਹੀ ਪਿੰਡਾਂ ਵਿੱਚ ਸਿਫਾਰਸ਼ ਕੀਤੀਆਂ ਬੀ.ਟੀ.ਨਰਮੇ ਦੀਆਂ ਕਿਸਮਾਂ, ਝੋਨੇ ਦੇ ਬੀਜ ਦੀ ਸਿੱਧੀ ਬਿਜਾਈ, ਮੱਕੀ ਦੀ ਫਸਲ ਹੇਠ ਅਤੇ ਬਾਸਮਤੀ ਦੀਆਂ ਕਿਸਮਾਂ ਆਦਿ ਕਿਸਾਨਾਂ ਨੂੰ ਬਿਜਵਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਤਾਂ ਜੋ ਪਾਣੀ ਦਾ ਪੱਧਰ ਉਪਰ ਚੁੱਕਿਆ ਜਾ ਸਕੇ। ਇਸ ਸਬੰਧੀ ਹੋਈ ਬੈਠਕ ਵਿਚ ਜ਼ਿਲ੍ਹੇ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਮੁੱਖ ਖੇਤੀਬਾੜੀ ਅਫਸਰ ਡਾ.ਸੁਸ਼ੀਲ ਕੁਮਾਰ ਅਤੇ ਸਮੂਹ ਬਲਾਕ ਖੇਤੀਬਾੜੀ ਅਫਸਰਾਂ ਹਾਜਰ ਸਨ।
ਡਾ.ਸੁਸ਼ੀਲ ਕੁਮਾਰ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਨੇ ਦੱਸਿਆ ਕਿ ਅੱਜ ਤੋਂ ਕਾਫੀ ਸਮਾਂ ਪਹਿਲਾਂ ਹੀ ਵਿਉਤਬੰਦੀ ਬਣਾ ਕੇ ਜ਼ਿਲ੍ਹਾ ਬਠਿੰਡਾ ਦੇ ਸਾਰੇ ਬਲਾਕਾਂ ਵਿੱਚ ਪੈਦੇ ਸਰਕਲਾਂ ਵਿੱਚ ਟੀਮਾਂ ਬਣਾ ਦਿੱਤੀਆਂ ਸਨ ਜਿਸ ਦੇ ਤਹਿਤ ਹੀ ਪ੍ਰਸ਼ਾਸ਼ਨ ਦੀ ਮੱਦਦ ਅਤੇ ਜ਼ਿਲ੍ਹੇ ਦੇ ਹੋਰ ਵਿਭਾਗਾਂ ਦੀ ਮੱਦਦ ਨਾਲ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਨੇ ਨਰਮੇ ਦੀ ਫਸਲ ਤੇ ਚਿੱਟੇ ਮੱਛਰ ਦਾ ਹਮਲਾ ਨਾ ਹੋਵੇ, ਚਿੱਟੇ ਮੱਛਰ ਨੂੰ ਪਨਾਹ ਦੇਣ ਵਾਲੇ ਨਦੀਨਾਂ ਦਾ ਖਾਤਮਾ ਫਰਵਰੀ ਤੇ ਮਾਰਚ ਮਹੀਨੇ ਵਿਚ ਹੀ ਕਰਾ ਦਿੱਤਾ ਸੀ।





















