ਡਾਇਗਨੌਸਟਿਕ ਸੈਂਟਰ ਵਿੱਚ ਮੌਜੂਦ ਸਨ 20 ਤੋਂ ਵੱਧ ਮਰੀਜ਼
ਫਤਹਿਗੜ੍ਹ ਸਾਹਿਬ, 18 ਅਪ੍ਰੈਲ( ਵਿਸ਼ਵ ਵਾਰਤਾ)-ਫਤਹਿਗੜ੍ਹ ਸਾਹਿਬ ਪੁਲਿਸ ਨੇ ਸਰਹਿੰਦ-ਬਸੀ ਰੋਡ ਸਥਿਤ ਦੀਪਕ ਸਕੈਨਰਜ਼ ਡਾਇਗਨੌਸਟਿਕ ਸੈਂਟਰ ਦੇ ਮਾਲਕ ਡਾ. ਦੀਪਕਜੋਤ ਸਿੰਘ ਅਤੇ ਉਸ ਦੇ ਦੋ ਸਹਾਇਕਾਂ ਜਗਦੀਪ ਸਿੰਘ ਤੇ ਜਗਦੇਵ ਸਿੰਘ ਖ਼ਿਲਾਫ਼ ਕਰਫਿਊ ਅਤੇ ਕੋਰੋਨਾ ਵਾਇਰਸ ਸਬੰਧੀ ਹਦਾਇਤਾਂ ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਥਾਣਾ ਫਤਹਿਗੜ੍ਹ ਸਾਹਿਬ ਦੇ ਇੰਚਾਰਜ ਜੀ. ਐਸ. ਸਿਕੰਦ ਦੀ ਅਗਵਾਈ ਵਿੱਚ ਸਰਹਿੰਦ ਮੰਡੀ ਚੌਕੀ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਗਸ਼ਤ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੀਪਕ ਸਕੈਨਰਜ਼ ਦੇ ਬਾਹਰ ਵੱਡੀ ਗਿਣਤੀ ਵਿੱਚ ਗੱਡੀਆਂ ਖੜ੍ਹੀਆਂ ਸਨ। ਜਦੋਂ ਪੁਲਿਸ ਨੇ ਅੰਦਰ ਜਾ ਕੇ ਚੈਕਿੰਗ ਕੀਤੀ ਤਾਂ ਡਾ. ਦੀਪਕਜੋਤ ਸਿੰਘ ਆਪਣੇ ਸਹਾਇਕਾਂ ਜਗਦੇਵ ਸਿੰਘ ਅਤੇ ਜਗਦੀਪ ਸਿੰਘ ਸਮੇਤ ਮਰੀਜ਼ਾਂ ਦੀ ਸਕੈਨਿੰਗ ਕਰ ਰਿਹਾ ਸੀ ਤੇ 20 ਦੇ ਕਰੀਬ ਮਰੀਜ਼ ਰਿਸੈਪਸ਼ਨ ਲਾਗੇ ਬੈਠੇ ਸਨ, ਜਿਨ੍ਹਾਂ ਦਾ ਆਪਸੀ ਫਾਸਲਾ ਬਹੁਤ ਹੀ ਘੱਟ ਸੀ I
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਜਾਰੀ ਹਦਾਇਤਾਂ ਤੋਂ ਵੱਧ ਇਕੱਠ ਕਰਨ ਅਤੇ ਹੋਰ ਹਦਾਇਤਾਂ ਦੀ ਉਲੰਘਣਾ ਦੇ ਦੋਸ਼ ਵਿੱਚ ਡਾ. ਦੀਪਕਜੋਤ ਅਤੇ ਉਸਦੇ ਸਹਾਇਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਇਸ ਡਾਕਟਰ ਨੂੰ ਡੀ.ਐਸ. ਪੀ. ਫਤਹਿਗੜ੍ਹ ਸਾਹਿਬ ਰਮਿੰਦਰ ਸਿੰਘ ਕਾਹਲੋਂ ਅਤੇ ਥਾਣਾ ਫਤਹਿਗੜ੍ਹ ਸਾਹਿਬ ਦੇ ਇੰਚਾਰਜ ਜੀ. ਐਸ. ਸਿਕੰਦ ਵੱਲੋਂ ਨਿਯਮਾਂ ਦੀ ਪਾਲਣਾ ਸਬੰਧੀ ਚਿਤਾਵਨੀ ਦਿੱਤੀ ਗਈ ਸੀ l
ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਮੁਤਾਬਿਕ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਘਰਾਂ ਵਿੱਚ ਰਹਿ ਕੇ ਹੀ ਇਸ ਸਮੱਸਿਆ ਦੇ ਹੱਲ ਵਿੱਚ ਯੋਗਦਾਨ ਪਾਉਣ।