ਰਜ਼ੀਆ ਸੁਲਤਾਨਾ ਨੇ ਤੇਜ਼ਾਬੀ ਹਮਲੇ ਦੀ ਪੀੜਤ ਸਬੰਧੀ ਮੀਡੀਆ ਰਿਪੋਰਟਾਂ ਦਾ ਲਿਆ ਗੰਭੀਰ ਨੋਟਿਸ

Advertisement


ਚੰਡੀਗੜ੍ਹ, 18 ਅਗਸਤ (ਵਿਸ਼ਵ ਵਾਰਤਾ) : ਸਮਾਜਿਕ ਸੁਰੱਖਿਆ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਅੱਜ ਬਠਿੰਡਾ ਦੀ ਤੇਜ਼ਾਬੀ ਹਮਲੇ ਦੀ ਪੀੜਤ ਅਮਨਪ੍ਰੀਤ ਕੌਰ ਸਬੰਧੀ ਮੀਡੀਆ ਰਿਪੋਰਟਾਂ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਵਲੋਂ ਸ਼ੂਰੂ ਕੀਤੀ ਗਈ ਵਿਸ਼ੇਸ਼ ਸਕੀਮ ਅਧੀਨ 8,000 ਰੁਪਏ ਪੈਨਸ਼ਨ ਲਗਾਉਣ ਦੇ ਆਦੇਸ਼ ਦਿੱਤੇ ਹਨ। ਇਸ ਲਈ ਪੀੜਤ ਨੂੰ ਪਾਲਿਸੀ ਅਨੁਸਾਰ ਨਿਸ਼ਚਿਤ ਪ੍ਰਕਿਰਿਆ ਦੁਆਰਾ ਅਪਲਾਈ ਕਰਨਾ ਪਵੇਗਾ।
ਸਮਾਜਿਕ ਸੁਰੱਖਿਆ ਮੰਤਰੀ ਨੇ ਇਥੇ ਜਾਰੀ ਬਿਆਨ ਵਿਚ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਸ ਅਹਿਮ ਰਾਹਤ ਸਕੀਮ ਦਾ ਮੰਤਵ ਤੇਜ਼ਾਬ ਹਮਲੇ ਦੇ ਪੀੜਤਾਂ ਨੂੰ ਆਤਮ ਨਿਰਭਰ ਬਣਾਉਣਾ ਹੈ ਜਿਸ ਲਈ ਪੀੜਤ ਨੂੰ 8,000 ਰੁਪਏ ਦੀ ਮਹੀਨਾਵਾਰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਤੇਜ਼ਾਬ ਦੇ ਹਮਲੇ ਨਾਲ 40 ਫ਼ੀਸਦੀ ਜਾਂ ਉਸ ਤੋਂ ਵੱਧ ਅਪੰਗ ਪੀੜਤ ਇਹ ਵਿੱਤੀ ਸਹਾਇਤਾ ਲੈਣ ਦਾ ਹੱਕਦਾਰ ਹੈ। ਵਿੱਤੀ ਸਹਾਇਤਾ ਲੈਣ ਲਈ ਪੀੜਤ ਕੋਲ ਅਪੰਗਤਾ ਸਰਟੀਫ਼ਿਕੇਟ ਹੋਣਾ ਲਾਜ਼ਮੀ ਹੈ।
ਅਪੰਗਤਾ ਸਰਟੀਫ਼ਿਕੇਟ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਸਰਟੀਫ਼ਿਕੇਟ ਲਈ ਪੀੜਤ ਆਪਣੇ ਜ਼ਿਲ੍ਹੇ ਦੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਕੋਲ ਅਪਲਾਈ ਕਰ ਸਕਦੀ ਹੈ ਜਿਸ ਸਬੰਧੀ ਪੰਜਾਬ ਸਰਕਾਰ ਵਲੋਂ 20 ਜੂਨ, 2017 ਨੂੰ ਨੋਟੀਫ਼ਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ 5 ਮਾਰਚ, 2014 ਨੂੰ ਗ੍ਰਹਿ ਅਤੇ ਨਿਆਂ ਵਿਭਾਗ ਵਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਤੇਜ਼ਾਬ ਹਮਲੇ ਦੀ ਪੀੜਤ ਮੈਡੀਕਲ ਇਲਾਜ ‘ਤੇ ਆਏ ਖ਼ਰਚੇ ਲਈ ਸਰਕਾਰ ਤੋਂ 100 ਫ਼ੀਸਦੀ ਅਦਾਇਗੀ ਹਿੱਤ ਦਾਅਵਾ ਕਰ ਸਕਦੀ ਹੈ। ਮੰਤਰੀ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਕਿਸੇ ਵੀ ਦੁਰਘਟਨਾ ਵਿਚ ਅਪਾਹਜ ਹੋ ਜਾਂਦਾ ਹੈ ਤਾਂ ਉਹ ਸਬੰਧਤ ਸਿਵਲ ਸਰਜਨ ਦੇ ਦਫ਼ਤਰ ਤੋਂ ਆਪਣਾ ਅਪੰਗਤਾ ਸਰਟੀਫ਼ਿਕੇਟ ਬਣਵਾ ਸਕਦਾ ਹੈ, ਜੋ ਇਕ ਮੁਫ਼ਤ ਸੇਵਾ ਹੈ।