ਮਾਨਸਾ, 11 ਦਸੰਬਰ- ਮਾਨਸਾ ਪੁਲੀਸ ਨੇ 7 ਵੱਖ-ਵੱਖ ਜਾਣਿਆਂ ਪਾਸੋਂ 10 ਗ੍ਰਾਮ ਹੈਰੋਇਨ, 900 ਨਸ਼ੀਲੀਆਂ ਗੋਲੀਆਂ ਅਤੇ 383 ਬੋਤਲਾਂ ਸ਼ਰਾਬ ਸਮੇਤ 1 ਕਾਰ ਅਤੇ 1 ਮੋਟਰਸਾਈਕਲ ਦੀ ਬਰਾਮਦਗੀ ਦਾ ਦਾਅਵਾ ਕੀਤਾ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲੀਸ ਨੇ ਮਨੋਜ ਕੁਮਾਰ ਉਰਫ ਰਾਜੂ ਵਾਸੀ ਬੁਢਲਾਡਾ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਨਾਕਾਬੰਦੀ ਦੌਰਾਨ ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਹੈਰੋਇੰਨ ਦੀ ਬਰਾਮਦਗੀ ਹੋਣ ਤੇ ਮੁਕੱਦਮਾ ਦਰਜ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਕਰੀਮੀਨਲ ਹੈ, ਜਿਸ ਵਿਰੁੱਧ ਪਹਿਲਾ ਵੀ ਮੁਕੱਦਮਾ ਦਰਜ਼ ਹੈ। ਇਹ ਵਿਅਕਤੀ ਜਮਾਨਤ ਤੇ ਬਾਹਰ ਆਇਆ ਹੋਇਆ ਹੈ। ਪੁਲੀਸ ਨੇ ਦੱਸਿਆ ਕਿ ਮੁਢਲੀ ਪੁੱਛਗਿੱਛ ਤੇ ਉਕਤ ਵਿਅਕਤੀ ਨੇ ਦੱਸਿਆ ਕਿ ਉਹ ਇਹ ਹੈਰੋਇਨ ਦਿੱਲੀ ਤੋਂ ਨਾਮਲੂਮ ਵਿਆਕਤੀ ਪਾਸੋਂ 10,000/-ਰੁਪਏ ਦੀ ਮੁੱਲ ਲੈਕੇ ਆਇਆ ਸੀ ਅਤੇ ਅੱਗੇ 20,000/-ਰੁਪਏ ਦੀ ਵੇਚ ਕੇ ਮੋਟੀ ਕਮਾਈ ਕਰਨੀ ਸੀ।
ਇਸ ਤੋਂ ਇਲਾਵਾ ਕੁਝ ਹੋਰ ਮਾਮਲਿਆਂ ਵਿੱਚ ਲਛਮਣ ਸਿੰਘ ਉਰਫ ਲੱਛੂ ਵਾਸੀ ਰਾਏਪੁਰ ਪਾਸੋਂ 450 ਨਸ਼ੀਲੀਆਂ ਗੋਲੀਆਂ, ਨਾਮਾ ਰਾਮ ਵਾਸੀ ਸੁੱਖਾ ਸਿੰਘ ਵਾਲਾ ਪਾਸੋਂ 230 ਨਸ਼ੀਲੀਆਂ ਗੋਲੀਆਂ, ਬਲਵਿੰਦਰ ਸਿੰਘ ਉਰਫ ਗਿੱਦੋ ਵਾਸੀ ਅੱਕਾਂਵਾਲੀ ਪਾਸੋਂ 220 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਮੋਟਰਸਾਈਕਲ ਸੀਟੀ ਡਿਲੈਕਸ(ਨੰ:ਪੀਬੀ.50ਏ-5460) ਫੜੀਆਂ ਹਨ।
ਉਨ੍ਹਾਂ ਦੱਸਿਆ ਕਿ ਅੰਗਰੇਜ ਸਿੰਘ ਵਾਸੀ ਦਾਨੇਵਾਲਾ ਪਾਸੋਂ 360 ਬੋਤਲਾਂ ਸ਼ਰਾਬ ਠੇਕਾ ਹਰਿਆਣਾ ਸਮੇਤ ਇੱਕ ਕਾਰ ਇਨੋਵਾ(ਨੰ:ਪੀਬੀ.30ਆਰ-7043) ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਗਸ਼ਤ ਦੌਰਾਨ ਵਿਅਕਤੀ ਨੂੰ ਬੋਤਲਾਂ ਸਮੇਤ ਕਾਬੂ ਕਰਕੇ ਉਸ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਜਿਸ ਨੇ ਮੁਢਲੀ ਪੁਛ-ਗਿੱਛ ਤੇ ਦੱਸਿਆ ਕਿ ਉਹ ਇਹ ਸ਼ਰਾਬ ਹਰਿਆਣਾ ਪ੍ਰਾਂਤ ਵਿੱਚੋ 500/-ਰੁਪਏ ਪ੍ਰਤੀ ਪੇਟੀ ਦੇ ਹਿਸਾਬ ਨਾਲ ਮੁੱਲ ਲੈਕੇ ਆਇਆ ਸੀ ਅਤੇ ਅੱਗੇ 1200/-ਰੁਪਏ ਪ੍ਰਤੀ ਪੇਟੀ ਦੇ ਹਿਸਾਬ ਨਾਲ ਵੇਚਣੀ ਸੀ। ਇਸੇ ਦੌਰਾਨ ਰਘਵੀਰ ਸਿੰਘ ਵਾਸੀ ਹੀਰੋ ਕਲਾਂ ਪਾਸੋਂ 12 ਬੋਤਲਾਂ ਸ਼ਰਾਬ, ਹਰਪਾਲ ਸਿੰਘ ਵਾਸੀ ਮਾਨਸਾ ਪਾਸੋਂ 11 ਬੋਤਲਾਂ ਸ਼ਰਾਬ ਹਰਿਆਣਾ ਮਾਰਕਾ ਫੜੀਆਂ ਹਨ।