ਖਰੀਫ ਮਾਰਕੀਟਿੰਗ ਸੀਜ਼ਨ 2019-20 ਦੌਰਾਨ 163.49 ਲੱਖ ਮੀਟਿ੍ਰਕ ਟਨ ਝੋਨੇ ਦੀ ਹੋਈ ਖਰੀਦ :ਆਸ਼ੂ

14
Advertisement
ਚੰਡੀਗੜ, 2 ਦਸੰਬਰ:ਖਰੀਫ ਮਾਰਕੀਟਿੰਗ ਸੀਜ਼ਨ 2019-20 ਦੌਰਾਨ ਸੂਬੇ ਭਰ ਦੀਆਂ ਮੰਡੀਆਂ ਵਿਚ 163.49 ਲੱਖ ਮੀਟਿ੍ਰਕ ਟਨ ਝੋਨੇ ਦੀ ਆਮਦ ਹੋਈ ਜਿਸ ਦੀ ਖਰੀਦ ਸੂਬੇ ਦੀਆਂ ਖਰੀਦ ਏਜੰਸੀਆਂ ਵਲੋਂ ਨਿਰਧਾਰਤ ਸਮੇਂ ਅੰਦਰ ਸਫਲਤਾਪੂਰਵਕ ਕੀਤੀ ਗਈ। ਇਹ ਜਾਣਕਾਰੀ  ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦਿੱਤੀ।
ਸੂਬੇ ਵਿੱਚ ਨਿਰਵਿਘਨ ਖਰੀਦ ਪ੍ਰਕਿਰਿਆ ਲਈ ਸਾਰੇ ਭਾਈਵਾਲਾਂ ਨੂੰ ਵਧਾਈ ਦਿੰਦਿਆਂ ਮੰਤਰੀ ਨੇ ਕਿਹਾ ਕਿ ਮੰਡੀਆਂ ਵਿੱਚ ਫਸਲਾਂ ਦੀ ਔਸਤਨ ਆਮਦ ਸਬੰਧੀ ਅਨੁਮਾਨ ਲਗਾ ਕੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੇ ਪਹਿਲਾਂ ਹੀ ਲੋੜੀਂਦੇ ਪ੍ਰਬੰਧ ਕਰ ਲਏ ਸਨ। ਇਸ ਤੋਂ ਇਲਾਵਾ, ਚੁਣੇ ਹੋਏ ਨੁਮਾਇੰਦੇ (ਐਮ.ਐਲ.ਏ.) ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਨਿੱਜੀ ਤੌਰ ‘ਤੇ ਖਰੀਦ, ਚੁਕਾਈ ਅਤੇ ਭੁਗਤਾਨ ਸਮੇਤ ਸਾਰੇ ਖਰੀਦ ਕਾਰਜਾਂ ਦੀ ਨਿਗਰਾਨੀ ਕੀਤੀ ਜਿਸ ਨਾਲ ਮੰਡੀ ਪੱਧਰ ਦੀਆਂ ਮੁਸ਼ਕਲਾਂ ਦਾ ਫੌਰੀ ਨਿਪਟਾਰਾ ਸੰਭਵ ਹੋਇਆ ਅਤੇ ਖਰੀਦ ਪ੍ਰਕਿਰਿਆ ਵਿੱਚ ਕਿਸੇ ਵੀ ਪ੍ਰਕਾਰ ਦੀ ਰੁਕਾਵਟ ਨਹੀਂ ਆਈ।
ਉਨਾਂ ਦੱਸਿਆ ਕਿ ਸੂਬੇ ਦੇ ਵੱਖ-ਵੱਖ ਖਰੀਦ ਕੇਂਦਰਾਂ ਤੋਂ ਹੋਈ ਕੁੱਲ ਖਰੀਦ ਵਿੱਚੋਂ ਸਰਕਾਰੀ ਏਜੰਸੀਆਂ ਨੇ 16227800.22 ਮੀਟਿ੍ਰਕ ਟਨ ਝੋਨੇ ਦੀ ਖਰੀਦ ਕੀਤੀ ਜਦਕਿ ਮਿੱਲ ਮਾਲਕਾਂ ਵੱਲੋਂ 121675 ਮੀਟਿ੍ਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਸੂਬਾ ਖਰੀਦ ਏਜੰਸੀਆਂ ਵਿਚੋਂ ਪਨਗ੍ਰੇਨ ਨੇ 6738908.55 ਮੀਟਿ੍ਰਕ ਟਨ, ਮਾਰਕਫੈਡ ਨੇ 4170380.68 ਟਨ ਅਤੇ ਪਨਸਪ ਨੇ 3308481.28 ਟਨ ਝੋਨੇ ਦੀ ਖਰੀਦ ਕੀਤੀ ਜਦੋਂਕਿ ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ 1786642.99 ਮੀਟਰਕ ਟਨ ਅਤੇ ਐਫ.ਸੀ.ਆਈ. ਨੇ 223386.75 ਮੀਟਿ੍ਰਕ ਟਨ ਝੋਨੇ ਦੀ ਖਰੀਦ ਕੀਤੀ ਹੈ।
ਇਸ ਤੋਂ ਇਲਾਵਾ, 72 ਘੰਟਿਆਂ ਦੇ ਚੁਕਾਈ ਨਿਯਮ ਅਨੁਸਾਰ 27 ਨਵੰਬਰ ਤੱਕ 162.19 ਲੱਖ ਮੀਟਿ੍ਰਕ ਟਨ ਝੋਨੇ ਦੀ ਚੁੱਕਾਈ ਕੀਤੀ ਗਈ ਅਤੇ 1125238 ਆੜਤੀਆਂ/ਕਿਸਾਨਾਂ ਨੂੰ ਉਹਨਾਂ ਦੇ ਬੈਂਕ ਖਾਤਿਆਂ ਵਿੱਚ 29328.82 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ। ਜਿਕਰਯੋਗ ਹੈ ਕਿ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਕਿਸਾਨਾਂ ਨੂੰ ਆਨਲਾਈਨ ਭੁਗਤਾਨ ਲਈ ਜਨਤਕ ਵਿੱਤੀ ਪ੍ਰਬੰਧਨ ਪ੍ਰਣਾਲੀ (ਪੀ.ਐਫ.ਐਮ.ਐਸ.) ਸ਼ੁਰੂ ਕੀਤੀ ਅਤੇ ਇਸ ਸੀਜ਼ਨ ਦੌਰਾਨ ਈ-ਪੇਮੈਂਟ ਤਹਿਤ 2557 ਕਿਸਾਨਾਂ ਨੂੰ ਕਵਰ ਕੀਤਾ ਗਿਆ।