– ਡਾ. ਅੰਬੇਡਕਰ ਨੂੰ ਜਿੰਨੀ ਪ੍ਰਸ਼ੰਸਾ ਮਿਲਣੀ ਚਾਹੀਦੀ ਸੀ ਉਹਨੀਂ ਨਹੀਂ ਮਿਲੀ
ਉੱਚ ਕੋਟੀ ਦੇ ਭਾਰਤੀ ਸੰਵਿਧਾਨ ਦਾ ਕੋਈ ਮੇਚ ਨਹੀਂ
– ਮਜੀਠੀਆ ਨੇ ਬੰਨੇ ਪਿ੍ਰੰਸੀਪਲ ਬੁੱਧ ਰਾਮ ਦੀਆਂ ਤਾਰੀਫ਼ਾਂ ਦੇ ਪੁਲ
ਚੰਡੀਗੜ੍ਹ, 27 ਨਵੰਬਰ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਦੀ ਕੋਰ ਕਮੇਟੀ ਦੇ ਚੇਅਰਮੈਨ ਅਤੇ ਬੁਢਲਾਡਾ ਤੋਂ ਵਿਧਾਇਕ ਪਿ੍ਰੰਸੀਪਲ ਬੁੱਧ ਰਾਮ ਨੇ ਸਦਨ ‘ਚ ਸੰਵਿਧਾਨ ਦਿਵਸ ‘ਤੇ ਬੋਲਦਿਆਂ ਕਿਹਾ ਕਿ ਡਾ. ਬੀ.ਆਰ. ਅੰਬੇਡਕਰ ਵੱਲੋਂ ਸੰਵਿਧਾਨ ਦੀ ਪੇਸ਼ਕਸ਼ (ਪ੍ਰੀਯੰਬਲ) ‘ਚ ਦਰਜ ਪੰਜ ਸ਼ਬਦਾਂ ‘ਚ ਸਮਾਜਵਾਦ, ਧਰਮ ਨਿਰਪੱਖਤਾ ਅਤੇ ਲੋਕਤੰਤਰ ਇਸ ਸਮੇਂ ਭਾਰੀ ਖ਼ਤਰੇ ‘ਚ ਹਨ। ਜਿੰਨਾ ਨੂੰ ਮੂਲ ਭਾਵਨਾ ਤਹਿਤ ਬਚਾਉਣ ਦੀ ਜ਼ਰੂਰਤ ਹੈ। ਪਿ੍ਰੰਸੀਪਲ ਬੁੱਧ ਰਾਮ ਨੇ ਇਹ ਵੀ ਕਿਹਾ ਕਿ ਡਾ. ਬੀ.ਆਰ. ਅੰਬੇਡਕਰ ਨੇ ਤਮਾਮ ਚੁਨੌਤੀਆਂ ਦੇ ਬਾਵਜੂਦ ਜਿੰਨਾ ਉੱਚ ਕੋਟੀ ਦਾ ਸੰਵਿਧਾਨ ਰਚਿਆ ਅਤੇ ਘਾਲਣਾ ਘੱਲੀ ਉਸ ਦੇ ਮੱਦੇਨਜ਼ਰ ਬਾਬਾ ਸਾਹਿਬ ਦੀ ਉਹਨੀਂ ਪ੍ਰਸ਼ੰਸਾ ਨਹੀਂ ਹੋ ਸਕੀ।
ਡਾ. ਅੰਬੇਡਕਰ ਦੇ ਜੀਵਨ, ਗ਼ਰੀਬੀ, ਸਿਰੜ ਅਤੇ ਸੰਘਰਸ਼ ਨਾਲ ਪ੍ਰਾਪਤ ਕੀਤੀ ਉੱਚ ਸਿੱਖਿਆ ਬਾਰੇ ਭਰਪੂਰ ਅਤੇ ਪ੍ਰਭਾਵਸ਼ਾਲੀ ਜਾਣਕਾਰੀ ਸਾਂਝਾ ਕਰਦੇ ਹੋਏ ਪਿ੍ਰੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਸੰਵਿਧਾਨ ਪੇਸ਼ਕਸ਼ ਦੌਰਾਨ ਬਾਬਾ ਸਾਹਿਬ ਵੱਲੋਂ ਦਰਜ ਲੋਕਤੰਤਰ, ਧਰਮ ਨਿਰਪੱਖਤਾ ਅਤੇ ਸਮਾਜਵਾਦ ਵਾਲੀ ਮੂਲ ਭਾਵਨਾ ਅੱਜ ਅਮਲੀ ਤੌਰ ‘ਤੇ ਖ਼ਤਮ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਦੇ 4 ਜੱਜਾਂ ਵੱਲੋਂ ਪੈ੍ਰਸ ਕਾਨਫ਼ਰੰਸ ਕਰ ਕੇ ਲੋਕਤੰਤਰ ਨੂੰ ਖ਼ਤਰਾ ਦੱਸਿਆ ਗਿਆ। ਮਹਾਰਾਸ਼ਟਰ ਤੇ ਕਰਨਾਟਕਾ ‘ਚ ਲੋਕਤੰਤਰ ਦੀਆਂ ਧੱਜੀਆਂ ਉਡਾਏ ਜਾਣ ਦੀਆਂ ਤਾਜ਼ਾ ਮਿਸਾਲਾਂ ਹਨ।
ਪਿ੍ਰੰਸੀਪਲ ਬੁੱਧ ਰਾਮ ਨੇ ਕਿਹਾ ਕਿ ਦੇਸ਼ ਦੀ ਧਰਮ ਨਿਰਪੱਖਤਾ ਵੀ ਖ਼ਤਰੇ ‘ਚ ਹੈ। ਫ਼ਿਰਕਾਪ੍ਰਸਤੀ ‘ਤੇ ਆਧਾਰਿਤ ਮੌਬ ਲਿੰਚਿੰਗ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸੇ ਤਰਾਂ ਸਮਾਜਵਾਦ ਦੇ ਸੰਕਲਪ ਨੂੰ ਤਿਲਾਂਜਲੀ ਦੇ ਕੇ ਸਿੱਖਿਆ, ਰੇਲਵੇ, ਖੇਤੀ, ਸੜਕਾਂ ਅਤੇ ਬੱਸਾਂ ਆਦਿ ਜਨਤਕ ਖੇਤਰਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ।
ਪਿ੍ਰੰਸੀਪਲ ਬੁੱਧ ਰਾਮ ਨੇ ਸੂਬੇ ‘ਚ ਸਰਕਾਰੀ ਸੰਸਥਾਵਾਂ ‘ਚ ਸਥਾਪਿਤ ਬਾਬਾ ਸਾਹਿਬ ਦੇ ਬੁੱਤਾਂ ਦੀ ਸਰਕਾਰ ਸ਼ਰਧਾ ਅਤੇ ਸਨਮਾਨ ਨਾਲ ਸੰਭਾਲ ਯਕੀਨੀ ਬਣਾਏ।
ਪਿ੍ਰੰਸੀਪਲ ਬੁੱਧ ਰਾਮ ਨੇ ਕਿਹਾ ਕਿ ਬਾਬਾ ਸਾਹਿਬ ਸਿੱਖ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਹੁਤ ਪ੍ਰਭਾਵਿਤ ਸਨ। ਉਨ੍ਹਾਂ ਭਗਤ ਰਵੀਦਾਸ ਦੇ ‘ਬੇਗਮਪੁਰਾ’ ਸੰਕਲਪ ਨੂੰ ਸੰਵਿਧਾਨ ‘ਚ ਪਰੋਇਆ ਜਿਸ ਨੂੰ ਸਹੀ ਅਰਥਾਂ ‘ਚ ਲਾਗੂ ਕੀਤੇ ਜਾਣ ਦੀ ਲੋੜ ਹੈ।