ਮਾਨਸਾ ਪੁਲੀਸ ਨੇ ਅਗਿਆਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਜਾਂਚ ਕੀਤੀ ਸ਼ੁਰੂ
ਮਾਨਸਾ, 19 ਨਵੰਬਰ (ਵਿਸ਼ਵ ਵਾਰਤਾ)- ਮਾਨਸਾ ਨੇੜਲੇ ਪਿੰਡ ਮੂਸਾ ਵਿੱਚ ਅੱਜ ਸਵੇਰੇ ਡਾਕ ਰਾਹੀਂ ਆਏ ਪ੍ਰਸ਼ਾਦ(ਸੁੱਕਾ) ਨੂੰ ਖਾਣ ਨਾਲ ਕਈ ਲੋਕਾਂ ਦੇ ਬੀਮਾਰ ਹੋਣ ਦੀ ਜਾਣਕਾਰੀ ਮਿਲੀ ਹੈ। ਇਹ ਪ੍ਰਸ਼ਾਦ ਕਿੱਥੋਂ ਆਇਆ ਅਤੇ ਇਸਨੂੰ ਕਿਸਨੇ ਕਿਹੜੇ ਇਰਾਦੇ ਨਾਲ ਭੇਜਿਆ, ਇਸ ਦਾ ਅਜੇਂ ਤੱਕ ਕੁਝ ਵੀ ਪਤਾ ਨਹੀਂ ਲੱਗਿਆ ਹੈ, ਪਰ ਮਾਨਸਾ ਪੁਲੀਸ ਨੇ ਇਸ ਮਾਮਲੇ ਦੇ ਸਬੰਧੀ ਅਗਿਆਤ ਵਿਅਕਤੀਆਂ ਉੱਪਰ ਪਰਚਾ ਦਰਜ਼ ਕਰਕੇ ਜਾਂਚ ਆਰੰਭ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਮਾਨਸਾ ਦੇ ਥਾਣਾ ਸਦਰ ਦੀ ਪੁਲੀਸ ਨੇ ਅਗਿਆਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਇਸ ਪ੍ਰਸ਼ਾਦ ਨੂੰ ਕੋਈ ਵੀ ਵਿਅਕਤੀ ਨਾ ਛਕ ਸਕੇ, ਇਸ ਲਈ ਸੂਚਨਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸਪੀਕਰ ਜਰੀਏ ਗ੍ਰੰਥੀ ਵੱਲੋਂ ਦਿੱਤੀ ਗਈ। ਜਿਹੜੇ ਵਿਅਕਤੀ ਪ੍ਰਸ਼ਾਦ ਛਕਣ ਨਾਲ ਬੀਮਾਰ ਹੋਏ ਹਨ, ਫਿਲਹਾਲ ਉਹ ਦਵਾਈ ਲੈਣ ਤੋਂ ਬਾਅਦ ਠੀਕ ਦੱਸੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਉਲਟੀਆਂ ਲੱਗਣ ਸਮੇਤ ਪੇਟ ਦਰਦ ਦੀ ਤਕਲੀਫ਼ ਹੋਈ ਹੈ। ਇੱਕ ਵਾਰ ਇਸ ਘਟਨਾ ਨੇ ਪਿੰਡ ਦੇ ਲੋਕਾਂ ਅਤੇ ਆਸੇ-ਪਾਸੇ ਦੇ ਪਿੰਡਾਂ ਵਿੱਚ ਭਾਰੀ ਘਬਰਾਹਟ ਪੈਦਾ ਕਰ ਦਿੱਤੀ ਹੈ।
ਪਿੰਡ ਵਿੱਚ ਡਾਕ ਵੰਡਣ ਵਾਲੇ ਡਾਕੀਏ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਖੁਦ ਪ੍ਰਸ਼ਾਦ ਨੂੰ ਖਾਧਾ ਅਤੇ ਬੀਮਾਰ ਹੋ ਗਏ, ਪਰੰਤੂ ਇਸ ਨੂੰ ਕਿਸ ਵੱਲੋਂ ਭੇਜਿਆ ਗਿਆ, ਉਨ੍ਹਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ ਅਤੇ ਪੈਕਟ ਵਿੱਚ ਪ੍ਰਸ਼ਾਦ ਹੈ, ਇਸ ਦਾ ਲੋਕਾਂ ਵੱਲੋਂ ਖੋਲਣ ਤੋਂ ਬਾਅਦ ਹੀ ਪਤਾ ਲੱਗਾ। ਉਨ੍ਹਾਂ ਕਿਹਾ ਕਿ ਐਡਰੈਸ ਵਾਲੇ ਲੋਕਾਂ ਨੂੰ ਹੀ ਇਹ ਪੈਕਟ ਡਿਊਟੀ ਮੁਤਾਬਕ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਪਿੰਡ ਮੂਸਾ ਵਿੱਚ ਅੱਜ ਸਵੇਰੇ ਡਾਕੀਏ ਗੁਰਦੀਪ ਸਿੰਘ ਦੁਆਰਾ ਵੱਖ-ਵੱਖ ਲੋਕਾਂ ਨੂੰ ਡਾਕ ਰਾਹੀ ਆਏ 15 ਪੈਕਟ ਵੰਡੇ ਗਏ। ਇਸ ਪੈਕਟ ਉੱਤੇ ਪ੍ਰਸ਼ਾਦ ਹੋਣ ਦੀ ਸੂਚਨਾ ਵੀ ਲਿਖੀ ਹੋਈ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਇਸ ਵਿਚਲਾ ਭੋਗ 19 ਨਵੰਬਰ ਨੂੰ ਆਰਤੀ ਕਰਕੇ ਵੰਡਿਆ ਜਾਵੇਗਾ, ਇਸ ਲਈ ਜਿਸਨੂੰ ਵੀ ਇਹ ਪੈਕਟ ਮਿਲੇ ਉਹ ਸਵੇਰੇ 7:20 ਤੇ ਮੰਗਲਵਾਰ ਨੂੰ ਭੋਗ ਲਾਵੇ ਅਤੇ ਅਰਦਾਸ ਦੇ ਸਮੇਂ ਉਸਦਾ ਨਾਮ ਲਿਆ ਜਾਵੇਗਾ। ਡਾਕ ਵਿਚਲੇ ਪੱਤਰ ਉੱਪਰ ਭੇਜਣ ਵਾਲੇ ਦਾ ਨਾਮ ‘ਸੰਤ ਹਰ ਕਾ ਦਾਸ, ਸਬ ਕਾ ਦਾਸ’ ਲਿਖਿਆ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਭੋਗ ਕੁਝ ਵਿਅਕਤੀਆਂ ਨੇ ਖਾ ਲਿਆ ਅਤੇ ਉਨ੍ਹਾਂ ਦਾ ਸਿਰ ਚਕਰਾਉਣ ਲੱਗਾ ਅਤੇ ਪਿੰਡ ਵਾਸੀ ਸੁਖਦੀਪ ਸਿੰਘ ਅਤੇ ਬਲਕਰਨ ਸਿੰਘ ਨੇ ਦੱਸਿਆ ਕਿ ਉਹ ਭੋਗ ਖਾਣ ਤੋਂ ਬਾਅਦ ਬੀਮਾਰ ਹੋ ਗਏ ਹਨ ਅਤੇ ਦਵਾਈ ਲੈਣ ਤੋਂ ਬਾਅਦ ਕੁਝ ਕੁ ਠੀਕ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਸ਼ਾਦ ਵਿੱਚ ਕੋਈ ਜ਼ਹਿਰੀਲੀ ਵਸਤੂ ਮਿਲੇ ਹੋਣ ਦਾ ਸ਼ੱਕ ਹੈ, ਉਨ੍ਹਾਂ ਅਨੁਸਾਰ ਕਰੀਬ 6 ਪੈਕਟ ਪ੍ਰਸ਼ਾਦ ਵਜੋਂ ਵਰਤੇ ਗਏ ਅਤੇ ਇਹ ਪੈਕਟ ਨੇੜਲੇ ਪਿੰਡ ਕਰਮਗੜ ਔਤਾਂਵਾਲੀ ਅਤੇ ਭੈਣੀਬਾਘਾ ਵਿੱਚ ਵੀ ਵੰਡੇ ਗਏ ਹਨ।
ਮਾਨਸਾ ਦੇ ਐਸ.ਐਸ.ਪੀ ਡਾ. ਨਰਿੰਦਰ ਭਾਰਗਵ ਨੇ ਸੰਪਰਕ ਕਰਨ ਤੇ ਦੱਸਿਆ ਕਿ ਪੁਲੀਸ ਨੂੰ ਇਸ ਦੀ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਮਾਨਸਾ ਸਦਰ ਥਾਣਾ ਪੁਲੀਸ ਨੇ ਜਾੰਚ ਆਰੰਭ ਦਿੱਤੀ ਹੈ ਅਤੇ ਅਗਿਆਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕਰਕੇ ਪ੍ਰਸ਼ਾਦ ਦੇ ਸਾਰੇ ਪੈਕਟ ਆਪਣੇ ਕਬਜ਼ੇ ਵਿੱਚ ਲੈਕੇ ਇਸਦੀ ਜਾਂਚ ਆਰੰਭ ਦਿੱਤੀ ਹੈ।
ਫੋਟੋ ਕੈਪਸ਼ਨ: ਪਿੰਡ ਮੂਸਾ ਵਿੱਚ ਵੰਡਣ ਤੋਂ ਬਾਅਦ ਇਕੱਠੇ ਕੀਤੇ ਪ੍ਰਸ਼ਾਦ ਵਾਲੇ ਪੈਕਟ। (ਫੋਟੋ ਵਿਸ਼ਵ ਵਾਰਤਾ)