ਵਿਆਹ ਤੁੜਵਾਉਣ ਵਾਲੇ ਲੜਕੇ ਨੇ ਵੀ ਜ਼ਹਿਰੀਲੀ ਚੀਜ ਨਿਗਲੀ, ਹਾਲਤ ਸਥਿਰ
ਮਾਨਸਾ, 15 ਨਵੰਬਰ (ਵਿਸ਼ਵ ਵਾਰਤਾ)- ਆਪਣੇ ਸਾਬਕਾ ਦੋਸਤ ਤੋਂ ਪ੍ਰੇਸ਼ਾਨ ਮਹਿਲਾ ਪੁਲੀਸ ਕਾਂਸਟੇਬਲ ਵੱਲੋਂ ਕੋਈ ਜਹਿਰੀਲੀ ਚੀਜ ਨਿਗਲ ਕੇ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਇਸ ਲੜਕੀ ਨੂੰ ਤੰਗ ਪ੍ਰੇਸਾਨ ਕਰਨ ਵਾਲਾ ਨੌਜਵਾਨ ਵੀ ਆਪਣੇ ਖਿਲਾਫ ਇਸ ਮਾਮਲੇ ਚ ਪੁਲੀਸ ਕਾਰਵਾਈ ਹੋਣ ਦੇ ਡਰੋਂ ਕੋਈ ਜ਼ਹਿਰੀਲੀ ਚੀਜ ਨਿਗਲ ਗਿਆ, ਜੋ ਕਿ ਪਟਿਆਲਾ ਵਿਖੇ ਜੇਰੇ ਇਲਾਜ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸ਼ਹਿਰੀ ਬੁਢਲਾਡਾ ਵਿਖੇ ਤਾਇਨਾਤ ਕਾਂਸਟੇਬਲ ਗਗਨਦੀਪ ਕੌਰ ਦਾ ਰਿਸ਼ਤਾ ਕੁੱਝ ਸਮਾਂ ਪਹਿਲਾਂ ਵਧੀਆ ਪਰਿਵਾਰ ਵਿਚ ਹੋ ਗਿਆ ਸੀ, ਪਰ ਉਸਦਾ ਸਾਬਕਾ ਦੋਸਤ,ਉਸ ਦੇ ਸਹੁਰਿਆ ਨੂੰ ਫੋਨ ਕਰਕੇ ਰਿਸ਼ਤਾ ਨਾ ਕਰਨ ਲਈ ਆਖ ਰਿਹਾ ਸੀ ਅਤੇ ਰਿਸ਼ਤੇ ਨੂੰ ਤੋੜਨ ਦਬਾਅ ਪਾ ਰਿਹਾ ਸੀ।
ਵਿਆਹ ਦਾ ਦਿਨ ਧਰਿਆ ਹੋਣ ਦੌਰਾਨ ਹੀ ਰਿਸ਼ਤਾ ਟੁੱਟਣ ਦੇ ਡਰੋਂ ਇਹ ਲੜਕੀ ਉਦਾਸ ਰਹਿਣ ਲੱਗੀ ਅਤੇ ਬੀਤੇ ਕੱਲ ਥਾਣਾ ਸ਼ਹਿਰੀ ਵਿਖੇ ਡਿਊਟੀ ਉਪਰ ਆਈ ਅਤੇ ਉਲਟੀਆਂ ਕਰਨ ਲੱਗੀ, ਜਿਸਨੂੰ ਉਸਦੇ ਸਾਥੀ ਮੁਲਾਜਮਾਂ ਨੇ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿਥੋਂ ਉਸਦੀ ਨਾਜੁਕ ਹਾਲਤ ਨੂੰ ਦੇਖਦਿਆ ਕਿਸੇ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ ਅਤੇ ਬਠਿੰਡਾ ਦੇ ਹਸਪਤਾਲ ਵਿਖੇ ਉਸਦੀ ਮੌਤ ਹੋ ਗਈ।ਲੜਕੀ ਦੇ ਪਿਤਾ ਰਣਵੀਰ ਸਿੰਘ ਵੱਲੋਂ ਦਰਜ ਬਿਆਨਾਂ ਦੇ ਆਧਾਰ ਤੇ ਗੁਰਪ੍ਰੀਤ ਸਿੰਘ ਵਾਸੀ ਚੀਮਾਂ ਖਿਲਾਫ ਮਾਮਲਾ ਦਰਜ ਕਰਕੇ ਪੁਲੀਸ ਜਾਂਚ ਆਰੰਭ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੰਦਭਾਗੀ ਲੜਕੀ ਦੀ ਸ਼ਾਦੀ 7 ਦਸੰਬਰ ਨੂੰ ਹੋਣੀ ਤਹਿ ਹੋ ਗਈ ਸੀ ਅਤੇ ਮੈਰਿਜ ਪੈਲੇਸ ਵੀ ਬੁੱਕ ਕਰ ਲਿਆ ਗਿਆ ਸੀ, ਪਰ ਕੁਝ ਦਿਨ ਪਹਿਲਾ ਸ਼ਾਦੀ ਟੁੱਟ ਗਈ ਸੀ।
ਇਸੇ ਦੌਰਾਨ ਪੁਲੀਸ ਸਟੇਸ਼ਨ ਬੁਢਲਾਡਾ ਦੇ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਲੇਡੀ ਕਾਂਸਟੇਬਲ ਦੇ ਪਿਤਾ ਦੇ ਬਿਆਨਾਂ ਉਪਰ ਹਰਪ੍ਰੀਤ ਸਿੰਘ ਚੀਮਾ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਅਤੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।