ਸ੍ਰੀ ਨਗਰ ਦੇ ਤਰਾਲ ਸੈਕਟਰ ਵਿਚ ਸ਼ਹੀਦ ਹੋਏ ਫੌਜੀ ਦੀ ਦੂਜੀ ਬਰਸੀ ਉੱਪਰ ਸ਼ਰਧਾਜਲੀ ਸਮਾਗਮ
ਮਾਨਸਾ, 14 ਨਵੰਬਰ (ਵਿਸ਼ਵ ਵਾਰਤਾ)- 10 ਸਿੱਖ ਬਟਾਲੀਅਨ ਦੇ ਸ਼ਹੀਦ ਮਨਜਿੰਦਰ ਸਿੰਘ ਦੀ ਦੂਜੀ ਬਰਸੀ ਦੌਰਾਨ ਉਸ ਦੀ ਜਨਮ ਭੂਮੀ ਪਿੰਡ ਬਣਾਂਵਾਲੀ ਵਿਖੇ ਉਨ੍ਹਾਂ ਦੇ ਬੁੱਤ ਉੱਪਰ ਹਾਰ ਪਾਕੇ ਮਾਨਸਾ ਦੇ ਐਸ.ਐਸ.ਪੀ ਡਾ. ਨਰਿੰਦਰ ਭਾਰਗਵ ਅਤੇ ਜਿਲ੍ਹਾ ਪ੍ਰੀਸ਼ਦ ਦੇ ਚੈਅਰਮੈਨ ਬਿਕਰਮ ਸਿੰਘ ਮੋਫਰ ਵੱਲੋਂ ਸਰਧਾ ਦੇ ਫੁੱਲ਼ ਭੇਟ ਕੀਤੇ ਗਏ।
ਇਥੇ ਜਿਕਰਯੋਗ ਹੈ ਕਿ ਸ਼੍ਰੀ ਨਗਰ ਦੇ ਤਰਾਲ ਸੈਕਟਰ ਵਿਚ ਪਿਛਲੇ ਸਾਲ 14 ਨਵੰਬਰ 2017 ਨੂੰ ਅਪ੍ਰੇਰਸ਼ਨ ਆਲ ਆਊਟ ਦੌਰਾਨ ਇਕ ਅੱਤਵਾਦੀ ਸ਼ੌਕਤ ਅਹਿਮਦ ਨੂੰ ਮਾਰਕੇ ਮਨਜਿੰਦਰ ਸਿੰਘ ਦੇਸ਼ ਲਈ ਸ਼ਹੀਦੀ ਜਾਮ ਪੀ ਗਿਆ ਸੀ।
ਡਾ. ਨਰਿੰਦਰ ਭਾਰਗਵ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆਂ ਵਿਚ ਹਮੇਸ਼ਾ ਉਹ ਕੌਮਾਂ ਰਾਜ ਕਰਦੀਆਂ ਹਨ, ਜਿੰਨ੍ਹਾਂ ਨੇ ਆਪਣੇ ਸ਼ਹੀਦਾਂ ਦੀ ਸਤਿਕਾਰ ਸਹਿਤ ਕਦਰ ਪਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਸ਼ਹੀਦ ਪਰਿਵਾਰਾਂ ਦੀ ਸਾਰ ਲੈਣ ਲਈ ਹਮੇਸ਼ਾ ਬੂਹੇ ਖੁੱਲ੍ਹੇ ਹਨ ਅਤੇ ਉਹ ਸ਼ਹੀਦਾਂ ਦੇ ਦੁੱਖ-ਸੁੱਖ ਵਿੱਚ ਸਦਾ ਸਾਨੀ ਰਹਿੰਦੇ ਹਨ। ਡਾ. ਭਾਰਗਵ ਨੇ ਸ਼ਹੀਦ ਦੇ ਬੁੱਤ ਉੱਪਰ ਫੁੱਲਾਂ ਦੇ ਹਾਰ ਪਾਉਂਦਿਆਂ ਆਪਣੀ ਭਾਵੁਕ ਤਕਰੀਰ ਦੌਰਾਨ ਕਿਹਾ ਕਿ ਸ਼ਹੀਦ ਦੇ ਇਸ ਬੁੱਤ ਨੇ ਹੁਣ ਸਾਰੀ ਉਮਰ ਲਈ ਜਿਉਂਦੇ ਰਹਿਣ ਦਾ ਪਿੰਡ ਵਾਸੀਆਂ ਨੂੰ ਇਕ ਵੱਡਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੇਖੇ ਜਿੰਦੜੀਆਂ ਲਾਉਣ ਵਾਲਿਆਂ ਦੇ ਬੁੱਤਾਂ ਤੋਂ ਨਵੀਂ ਪੀੜ੍ਹੀ ਨੂੰ ਜਰੂਰ ਸਬਕ ਲੈਣਾ ਚਾਹੀਦਾ ਹੈ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਦਾ ਚੇਤੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਨਜਿੰਦਰ ਸਿੰਘ ਇਕੱਲੇ ਪਿੰਡ ਬਣਾਂਵਾਲੀ ਦਾ ਹੀ ਸ਼ਹੀਦ ਨਹੀਂ, ਸਗੋਂ ਮਨਜਿੰਦਰ ਜ਼ਿਲ੍ਹਾ ਮਾਨਸਾ, ਪੰਜਾਬ ਅਤੇ ਭਾਰਤ ਦੇਸ਼ ਦਾ ਸ਼ਹੀਦ ਫੌਜੀ ਹੈ, ਜਿਸ ਨੇ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦੀ ਦਿੱਤੀ ਹੈ। ਸੀਨੀਅਰ ਕਪਤਾਨ ਪੁਲੀਸ ਨੇ ਸ਼ਹੀਦ ਮਨਜਿੰਦਰ ਸਿੰਘ ਦੇ ਮਾਤਾ ਪਿਤਾ ਅਤੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ ਅਤੇ ਪਿੰਡ ਦੇ ਵੀ ਅਧੂਰੇ ਪਏ ਕੰਮ ਪੂਰੇ ਕੀਤੇ ਜਾਣਗੇ।
ਇਸ ਮੌਕੇ ਬੋਲਦਿਆਂ ਜਿਲ੍ਹਾ ਪ੍ਰੀਸ਼ਦ ਦੇ ਚੈਅਰਮੈਨ ਬਿਕਰਮ ਸਿੰਘ ਮੋਫਰ ਨੇ ਕਿਹਾ ਕਿ ਸ਼ਹੀਦ ਕਿਸੇ ਵੀ ਕੌਮ ਜਾਂ ਦੇਸ਼ ਦਾ ਸਰਮਾਇਆ ਹੁੰਦੇ ਹਨ ਅਤੇ ਸਾਨੂੰ ਆਪਣੇ ਸ਼ਹੀਦਾਂ ‘ਤੇ ਮਾਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਨਜਿੰਦਰ ਸਿੰਘ ਅਤੇ ਇਸਦੇ ਪੂਰੇ ਪਰਿਵਾਰ ਤੇ ਮਾਣ ਹੈ, ਜਿੰਨ੍ਹਾਂ ਨੇ ਦੇਸ਼ ਦੀ ਰੱਖਿਆ ਕਰਦਿਆਂ ਆਪਣੀ ਜਾਨ ਵਾਰ ਦਿੱਤੀ।
ਇਸ ਮੌਕੇ ਸ਼ਹੀਦ ਦੇ ਮਾਂ-ਬਾਪ ਦੀਆਂ ਅੱਖਾਂ ਵਿਚ ਪੁੱਤ ਦੀ ਦੇਸ਼ ਲਈ ਕੀਤੀ ਕੁਰਬਾਨੀ ਦਾ ਸਰੂਰ ਸਾਫ ਝਲਕਦਾ ਸੀ, ਉਹ ਨਮ ਅੱਖਾਂ ਨਾਲ ਵੀ ਪੁੱਤ ਵੱਲੋਂ ਦੁਸ਼ਮਣ ਨਾਲ ਲੋਹਾ-ਲਾਖਾ ਹੁੰਦਿਆਂ ਦਿੱਤੀ ਸ਼ਹਾਦਤ ‘ਤੇ ਮਾਣ ਮਹਿਸੂਸ ਕਰ ਰਹੇ ਸਨ।
ਇਸ ਮੌਕੇ ਐਸ.ਪੀ. ਸਤਨਾਮ ਸਿੰਘ, ਡੀ.ਐਸ.ਪੀ ਹਰਜਿੰਦਰ ਸਿੰਘ ਗਿੱਲ, ਡੀ.ਐਸ.ਪੀ. ਸਰਬਜੀਤ ਸਿੰਘ, ਚੌਂਕੀ ਇੰਚਾਰਜ ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਬਣਾਂਵਾਲੀ, ਅਮਰੀਕ ਸਿੰਘ, ਦਵਿੰਦਰ ਸਿੰਘ, ਰਾਜਵਿੰਦਰ ਸਿੰਘ, ਪ੍ਰਕਾਸ਼ ਚੰਦ ਅਤੇ ਤਲਵੰਡੀ ਸਾਬੋ ਪਾਵਰ ਪਲਾਂਟ (ਟੀਐਸਪੀਐਲ) ਦੇ ਅਧਿਕਾਰੀ ਵੀ ਮੌਜੂਦ ਸਨ।
ਫੋਟੋ ਕੈਪਸ਼ਨ: ਸ਼ਹੀਦ ਮਨਜਿੰਦਰ ਸਿੰਘ ਦੇ ਬੁੱਤ ਕੋਲ ਖੜੇ ਡਾ. ਨਰਿੰਦਰ ਭਾਰਗਵ ਤੇ ਬਿਕਰਮ ਸਿੰਘ ਮੋਫਰ। ਫੋਟੋ: ਵਿਸ਼ਵ ਵਾਰਤਾ