ਸੁਲਤਾਨਪੁਰ ਲੋਧੀ ਵਿੱਚ 24*7 ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਪਾਵਰਕਾਮ ਨੇ ਗਲੀਆਂ-ਸੜਕਾਂ ‘ਚ ਵਿਛਾਇਆ ਕੇਬਲ ਨੈੱਟਵਰਕ ਦਾ ਜਾਲ

113
Advertisement

550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨ ਨੂੰ ਚਾਰ ਚੰਨ ਲਾਉਣ ਲਈ ਸ਼ਹਿਰ ਵਿੱਚ ਵਿਸ਼ੇਸ਼ 66 ਕੇਵੀ ਸਬ ਸਟੇਸ਼ਨ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਲਈ 11 ਕੇਵੀ ਬਿਜਲੀ ਫੀਡਰ ਵੀ ਕੀਤਾ ਸਥਾਪਿਤ

49 ਨਵੇਂ ਟਰਾਂਸਫਾਰਮਰਾਂ ਦੀ ਬਦੌਲਤ ਯਕੀਨੀ ਹੋਈ ਵੋਲਟੇਜ ਸਥਿਰਤਾ, ਬਿਜਲੀ ਦੇ ਫਾਲਟ ਹੋਏ ਬੰਦ

ਚੰਡੀਗੜ੍ਹ/ਸੁਲਤਾਨਪੁਰ ਲੋਧੀ (ਕਪੂਰਥਲਾ), 11 ਨਵੰਬਰ

550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਨੂੰ ਲੈ ਕੇ ਜਗਮਗ ਕਰ ਰਹੇ ਸ਼ਹਿਰ ਦੀਆਂ ਖੁਸ਼ੀਆਂ ਵਿੱਚ ਇਜ਼ਾਫਾ ਕਰਨ ‘ਚ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਨੇ ਅਹਿਮ ਭੁਮਿਕਾ ਅਦਾ ਕੀਤੀ ਹੈ, ਜੋ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਣਥੱਕ ਯਤਨਾਂ ਦਾ ਨਤੀਜਾ ਹੈ। ਇਸ ਟੀਚੇ ਨੂੰ ਹਾਸਲ ਕਰਨ ਲਈ ਪਾਵਰ ਕਾਮ ਵੱਲੋਂ ਸ਼ਹਿਰ ਦੀਆਂ ਸੜਕਾਂ-ਗਲੀਆਂ ਵਿੱਚ ਅੰਡਰ ਗਰਾਊਂਡ ਕੇਬਲ ਨੈੱਟਵਰਕ ਦਾ ਜਾਲ ਵਿਛਾਇਆ ਗਿਆ ਹੈ, ਨਾਲ ਹੀ ਨਵੇਂ ਸਬ ਸਟੇਸ਼ਨਾਂ ਅਤੇ ਫੀਡਰਾਂ ਦੀ ਸਥਾਪਨਾ ਕੀਤੀ ਗਈ ਹੈ।

ਪਾਵਰਕਾਮ ਦੇ ਸੁਪਰੀਟੈਂਡਿੰਗ ਇੰਜੀਨੀਅਰ ਇੰਦਰਪਾਲ ਸਿੰਘ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਕ ਵਿਆਪਕ ਯੋਜਨਾ ਬਣਾਈ ਗਈ ਸੀ, ਜਿਸ ਦਾ ਮਕਸਦ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣਾ ਸੀ। ਇਸ ਦੇ ਲਈ ਨਵੇਂ ਸਬ ਸਟੇਸ਼ਨ, ਫੀਡਰ ਅਤੇ ਟਰਾਂਸਫਾਰਮਰ ਲਾਉਣ ਦੀ ਜ਼ਰੂਰਤ ਮਹਿਸੂਸ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਇਸ ਯੋਜਨਾ ਨੂੰ ਲਾਗੂ ਕਰਦੇ ਹੋਏ ਸੁਲਤਾਨਪੁਰ ਲੋਧੀ ਲਈ ਇਕ ਵਿਸ਼ੇਸ਼ 66 ਕੇਵੀ ਸਬ ਸਟੇਸ਼ਨ ਸਥਾਪਿਤ ਕੀਤਾ ਗਿਆ, ਜਿਸ ਦੇ ਨਾਲ ਹੀ ਅੰਡਰ ਗਰਾਊਂਡ ਕੇਬਲ ਨੈੱਟਵਰਕ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਵਿੱਚ ਵਿਛਾਇਆ ਗਿਆ। ਇਸ ਪ੍ਰੋਜੈਕਟ ‘ਤੇ 12 ਕਰੋੜ ਰੁਪਏ ਖਰਚ ਹੋਏ, ਜਿਸ ਨਾਲ ਸ਼ਹਿਰ ਦੇ ਹਰ ਕੋਨੇ ਤੱਕ ਬਿਜਲੀ ਸਪਲਾਈ ਪਹੁੰਚੀ। ਇਸ ਤੋਂ ਇਲਾਵਾ ਜਿਥੇ ਨਵੇਂ ਸਬ ਸਟੇਸ਼ਨ ਦੀ ਬਿਲਡਿੰਗ ਨੂੰ ਵਿਸ਼ੇਸ਼ ਦਿੱਖ ਦਿੱਤੀ ਗਈ ਉਥੇ ਦਫ਼ਤਰੀ ਇਮਾਰਤ ਨੂੰ ਵੀ ਨਵੀਂ ਲੁੱਕ ਪ੍ਰਦਾਨ ਕੀਤੀ ਗਈ, ਜਿਸ ‘ਤੇ 50 ਲੱਖ ਰੁਪਏ ਖਰਚ ਆਇਆ।

ਐਸ. ਈ. ਪਾਵਰ ਕਾਮ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪਾਵਰ ਸਪਲਾਈ ਮੁਹੱਈਆ ਕਰਵਾਉਣ ਲਈ ਪਿੰਡ ਝੱਲ ਲਾਈਵਾਲ ਸਥਿਤ 220 ਕੇਵੀ ਸਬ ਸਟੇਸ਼ਨ ਅਤੇ ਪਿੰਡ ਪੰਡੋਰੀ ਜਗੀਰ ਸਥਿਤ 66 ਕੇਵੀ ਸਬ ਸਟੇਸ਼ਨ ਦੀ ਵਰਤੋਂ ਕੀਤੀ ਜਾਂਦੀ ਸੀ। ਹਾਲਾਂਕਿ ਸਿਰਫ਼ ਨਵੇਂ ਸਬ ਸਟੇਸ਼ਨ ਨੂੰ ਸਥਾਪਿਤ ਕਰਨ ਨਾਲ ਕੰਮ ਬਣਨ ਵਾਲਾ ਨਹੀਂ ਸੀ ਕਿਉਂਕਿ ਨਵੇਂ ਫੀਡਰਾਂ ਦੀ ਲੋੜ ਸੀ। ਇਸ ਲਈ ਮੌਜੂਦਾ ਦੋ ਫੀਡਰਾਂ ਨੂੰ ਤਕਸੀਮ ਕਰ ਕੇ ਪੰਜ ਫੀਡਰ ਸਥਾਪਿਤ ਕੀਤੇ ਗਏ। ਇਨ੍ਹਾਂ ਵਿੱਚੋਂ ਇਕ 11 ਕੇਵੀ ਫੀਡਰ ਸਿਰਫ਼ ਗੁਰਦੁਆਰਾ ਸ੍ਰੀ ਬੇਰ ਸਾਹਿਬ ਲਈ ਬਣਾਇਆ ਗਿਆ।

ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਪਾਵਰਕਾਮ ਵੱਲੋਂ 6 ਮੈਗਾਵਾਟ ਲੋਡ ਦੀ ਸਪਲਾਈ ਕੀਤੀ ਜਾ ਰਹੀ ਹੈ, ਜਿਸ ਦੇ ਲਈ 200 ਕੇਵੀਏ ਸਮਰੱਥਾ ਦੇ 24 ਅਤੇ 100 ਕੇਵੀਐਮ ਸਮਰੱਥਾ ਦੇ 100 ਨਵੇਂ ਟਰਾਂਸਫਾਰਮਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਨਵੇਂ ਟਰਾਂਸਫਾਰਮਰਾਂ ਨਾਲ ਸਥਿਰ ਵੋਲਟੇਜ ਯਕੀਨੀ ਹੋਈ ਹੈ ਅਤੇ ਪਾਵਰ ਲਾਸ ਨਾਮਾਤਰ ਹੋ ਗਿਆ ਹੈ। ਇਨ੍ਹਾਂ ਸਾਰੇ ਨਵੇਂ ਟਰਾਂਸਫਾਰਮਰਾਂ ਨੂੰ ਪੀਲੇ ਰੰਗ ਨਾਲ ਪੇਂਟ ਕੀਤਾ ਗਿਆ ਹੈ।

ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ 550ਵੇਂ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਤਰੀਕੇ ਨਾਲ ਮਨਾਉਣ ਲਈ ਵਚਨਬੱਧ ਹੈ, ਜਿਸ ਤਹਿਤ ਕਈ  ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ 250 ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਨਵੇਂ ਸਿਸਟਮ ਦੀ ਦੇਖ-ਰੇਖ ਲਈ ਤਾਇਨਾਤ ਕੀਤਾ ਗਿਆ ਹੈ, ਜਿਸ ਦੇ ਚੱਲਦਿਆਂ 24 ਘੰਟੇ ਨਿਰਵਿਘਨ ਪਾਵਰ ਸਪਲਾਈ ਯਕੀਨੀ ਹੋਈ ਹੈ ਅਤੇ ਰਾਤ ਸਮੇਂ ਪਵਿੱਤਰ ਨਗਰੀ ਵਿੱਚ ਲਾਈਟਿੰਗ ਨੇ ਇਕ ਵੱਖਰਾ ਹੀ ਨਜ਼ਾਰਾ ਪੇਸ਼ ਕੀਤਾ।