ਚੰਡੀਗੜ੍ਹ, 24 ਅਕਤੂਬਰ (ਵਿਸ਼ਵ ਵਾਰਤਾ) – ਪੰਜਾਬ ਦੇ ਚਾਰ ਹਲਕਿਆਂ ਵਿਚ ਹੋਈਆਂ ਜ਼ਿਮਨੀ ਚੋਣਾਂ ਵਿਚ ਕਾਂਗਰਸ ਨੇ ਵੱਡੀ ਜਿੱਤ ਦਰਜ ਕਰਦਿਆਂ ਜਲਾਲਾਬਾਦ, ਫਗਵਾੜਾ ਤੇ ਮੁਕੇਰੀਆਂ ਦੀਆਂ ਤਿੰਨ ਸੀਟਾਂ ਆਪਣੇ ਨਾਮ ਕਰ ਲਈਆਂ ਹਨ। ਜਦਕਿ ਦਾਖਾ ਹਲਕੇ ਵਿਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਹਨਾਂ ਜ਼ਿਮਨੀ ਚੋਣਾਂ ਵਿਚ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਸਮੇਤ ਚਾਰਾਂ ਪਾਰਟੀਆਂ ਦੀ ਇੱਕ-ਇੱਕ ਸੀਟ ਸੀ, ਪਰ ਕਾਂਗਰਸ ਪਾਰਟੀ ਨੇ ਇੱਕ ਦੀ ਬਜਾਏ 2 ਹੋਰ ਸੀਟਾਂ ਜਿੱਤ ਲਈਆਂ।
ਦੱਸਣਯੋਗ ਹੈ ਕਿ ਜਲਾਲਾਬਾਦ ਸੀਟ, ਜੋ ਕਿ ਸੁਖਬੀਰ ਸਿੰਘ ਬਾਦਲ ਦੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਖਾਲੀ ਹੋਈ ਸੀ, ਉਤੇ ਕਾਂਗਰਸੀ ਉਮੀਦਵਾਰ ਰਮਿੰਦਰ ਸਿੰਘ ਆਵਲਾ ਨੇ ਜਿੱਤ ਦਰਜ ਕੀਤੀ। ਜਦਕਿ ਫਗਵਾੜਾ ਸੀਟ ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਦੇ ਮੈਂਬਰ ਪਾਰਲੀਮੈਂਟ ਬਣਨ ਨਾਲ ਖਾਲੀ ਹੋਈ ਸੀ ਅਤੇ ਇਥੇ ਹੋਈ ਜ਼ਿਮਨੀ ਚੋਣ ਉਤੇ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਜਿੱਤ ਦਰਜ ਕੀਤੀ।
ਇਸ ਤੋਂ ਇਲਾਵਾ ਮੁਕੇਰੀਆਂ ਸੀਟ ਮੁੜ ਤੋਂ ਕਾਂਗਰਸ ਕੋਲ ਹੀ ਰਹੇਗੀ, ਜਿਥੇ ਮਰਹੂਮ ਰਜਨੀਸ਼ ਬੱਬੀ ਦੇ ਅਕਾਲ ਚਲਾਣੇ ਤੋਂ ਬਾਅਦ ਪਾਰਟੀ ਨੇ ਉਹਨਾਂ ਦੀ ਪਤਨੀ ਇੰਦੂ ਬਾਲਾ ਨੂੰ ਇਥੋਂ ਟਿਕਟ ਦਿੱਤੀ ਸੀ ਤੇ ਇੰਦੂ ਬਾਲਾ ਨੇ ਜਿੱਤ ਦਰਜ ਕੀਤੀ।
ਇਸ ਤੋਂ ਇਲਾਵਾ ਦਾਖਾ ਵਿਧਾਨ ਸਭਾ ਸੀਟ, ਜਿਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ.ਐੱਸ. ਫੂਲਕਾ ਨੇ ਅਸਤੀਫਾ ਦੇ ਦਿੱਤਾ ਸੀ, ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੂੰ ਜਿੱਤ ਲਿਆ ਹੈ।