ਦੀਵਾਲੀ ਦੇ ਦਿਨਾਂ ਦੌਰਾਨ ਲੋਕਾਂ ਨੂੰ ਜੂਆ ਖੇਡਣ ਤੋਂ ਰੋਕਣ ਲਈ ਮਾਨਸਾ ਪੁਲੀਸ ਵੱਲੋਂ ਵਿਸ਼ੇਸ਼ ਮੁਹਿੰਮ

Advertisement


ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਸ਼ੱਕੀ ਅੱਡਿਆਂ ‘ਤੇ ਰੱਖੀ ਗਹਿਰੀ ਨਜ਼ਰ

ਮਾਨਸਾ, 23 ਅਕਤੂਬਰ – ਮਾਨਸਾ ਪੁਲੀਸ ਨੇ ਦੀਵਾਲੀ ਮੌਕੇ ਲੋਕਾਂ ਨੂੰ ਜੂਆ ਖੇਡਣ ਤੋਂ ਰੋਕਣ ਲਈ ਇੱਕ ਵਿਸ਼ੇਸ ਮੁਹਿੰਮ ਆਰੰਭ ਕੀਤੀ ਹੈ, ਜਿਸ ਤਹਿਤ ਸ਼ਹਿਰੀ ਅਤੇ ਦਿਹਾਤੀ ਖੇਤਰ ਵਿਚ ਜੂਏਬਾਜ਼ੀ ਕਰਨ ਵਾਲਿਆਂ ਉਪਰ ਗਹਿਰੀ ਨਜ਼ਰ ਰੱਖਣ ਲਈ ਪੁਲੀਸ ਥਾਣਿਆਂ ਦੇ ਮੁਖੀਆਂ ਨੂੰ ਸਖ਼ਤ ਆਦੇਸ਼ ਦਿੱਤੇ ਗਏ ਹਨ। ਪੁਲੀਸ ਨੇ ਜੂਏਬਾਜ਼ੀ ਦੇ ਅੱਡਿਆਂ ਨੂੰ ਤਲਾਸ਼ਕੇ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਲੋਕਾਂ ਦੀ ਤਲਾਸ਼ ਕਰਨੀ ਆਰੰਭ ਕਰ ਦਿੱਤੀ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲੀਸ ਵੱਲੋਂ ਦੀਵਾਲੀ ਮੌਕੇ ਹੁੰਦੀ ਜੂਏਬਾਜ਼ੀ ਨੂੰ ਰੋਕਣ ਲਈ ਇੱਕ ਵਿਸ਼ੇਸ ਛਾਪਾਮਾਰੀ ਆਰੰਭ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਜੂਏਬਾਜ਼ੀ ਨੂੰ ਪੂਰੇ ਜ਼ਿਲ੍ਹੇ ਵਿਚ ਪਹਿਲਾਂ ਹੀ ਥਾਣਿਆਂ ਵਲੋਂ ਪੂਰੀ ਤਰ੍ਹਾਂ ਰੋਕਿਆ ਹੋਇਆ ਹੈ, ਪਰ ਫਿਰ ਵੀ ਦੀਵਾਲੀ ਦੌਰਾਨ ਜੂਏਬਾਜ਼ੀ ਦੀ ਪਈ ਲੋਕਾਂ ਨੂੰ ਲਿਲਕ ਤੋਂ ਪੂਰੀ ਤਰ੍ਹਾਂ ਰੋਕੇ ਜਾਣ ਲਈ ਗੁਪਤ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਮੌਕੇ ਬਣੇ ਗੁਪਤ ਟਿਕਾਣਿਆਂ ਉਪਰ ਲੋਕ ਜੂਆ ਖੇਡਦੇ ਹਨ, ਜਿਸ ਕਰਕੇ ਸ਼ਹਿਰ ਵਿਚਲੇ ਕਲੱਬਾਂ,ਹੋਟਲਾਂ ਅਤੇ ਹੋਰ ਮਨੋਰੰਜਨ ਵਾਲੇ ਸਥਾਨਾਂ ਉਪਰ ਕੜੀ ਨਜ਼ਰ ਰੱਖਣੀ ਆਰੰਭ ਕਰ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਪੁਲੀਸ ਦਿਹਾਤੀ ਖੇਤਰ ਵਿਚ ਤਾਸ਼ ਸਹਾਰੇ ਹੁੰਦੀ ਜੂਏਬਾਜ਼ੀ ਨੂੰ ਰੋਕਣ ਲਈ ਵੀ ਛਾਪੇਮਾਰੀ ਕਰੇਗੀ,ਜਦੋਂ ਕਿ ਸ਼ਹਿਰਾਂ ਵਿਚ ਹੁੰਦੀ ਤੰਬੋਲਾ ਸਟਾਈਲ ਜੂਏਬਾਜ਼ੀ ਨੂੰ ਵੀ ਪੂਰੀ ਤਰ੍ਹਾਂ ਰੋਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੁੱਝ ਖੇਤਰਾਂ ਵਿਚ ਕਿਸਮਤ ਪੁੜੀ ਸਟਾਈਲ ਦੀ ਹੋਣ ਵਾਲੀ ਜੂਏਬਾਜ਼ੀ ਵੀ ਇਸ ਵਾਰ ਨਹੀਂ ਚੱਲਣ ਦਿੱਤੀ ਜਾਵੇਗੀ।
ਡਾ. ਭਾਰਗਵ ਦਾ ਕਹਿਣਾ ਕਿ ਬੇਸ਼ੱਕ ਜ਼ਿਲ੍ਹੇ ਦੇ 12 ਥਾਣਿਆਂ ਅਤੇ 4 ਚੌਕੀਆਂ ਵਿਚ ਸੈਂਕੜੇ ਮੁਲਾਜ਼ਮ ਕੰਮ ਕਰਦੇ ਹਨ,ਪਰ ਉਨ੍ਹਾਂ ਨੂੰ ਦੀਵਾਲੀ ਮੌਕੇ ਅਮਨ-ਸ਼ਾਂਤੀ ਕਾਇਮ ਰੱਖਣ ਲਈ ਥਾਣਿਆਂ ਵਿਚ ਹੀ ਰਹਿਣ ਦੇ ਸਖ਼ਤੀ ਭਰੇ ਆਦੇਸ਼ ਦਿੱਤੇ ਗਏ ਹਨ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਅਨੇਕਾਂ ਪੁਲੀਸ ਮੁਲਾਜ਼ਮ ਗੰਭੀਰ ਥਾਵਾਂ ‘ਤੇ ਤਾਇਨਾਤ ਕੀਤਾ ਗਿਆ ਅਤੇ ਉਹ ਹਰ ਕਿਸਮ ਦੀ ਲੜਾਈ-ਝਗੜੇ ਸੰਬੰਧੀ ਆਪਣੀ ਅੱਖ ਹਰ ਸਮੇਂ ਖੋਲ੍ਹੀ ਰੱਖਣਗੇ।
ਇਸੇ ਦੌਰਾਨ ਹੀ ਪੁਲੀਸ ਅਧਿਕਾਰੀ ਵਲੋਂ ਸ਼ਹਿਰਾਂ ਦੇ ਸਮਾਜ ਸੇਵੀ ਕਲੱਬਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਯੂਥ ਕਲੱਬਾਂ ਦੇ ਮੋਹਤਵਰ ਆਗੂਆਂ ਰਾਹੀਂ ਜੂਆ ਨਾ ਖੇਡਣ ਦਾ ਲੋਕਾਂ ਨੂੰ ਵੀ ਇੱਕ ਅਹਿਮ ਸੁਨੇਹਾ ਭਿਜਵਾਇਆ ਗਿਆ ਤਾਂ ਜੋ ਜੂਏਬਾਜ਼ ਦੇ ਰੂਪ ਵਿਚ ਫੜੇ ਜਾਣ ਵਾਲੇ ਲੋਕ ਮਗਰੋਂ ਸਿਫਾਰਸ਼ਾਂ ਜਾਂ ਅਪੀਲਾਂ ਦੇ ਝਮੇਲਿਆਂ ਵਿਚ ਨਾ ਉਲਝ ਸਕਣ।
ਉਨ੍ਹਾਂ ਇਹ ਵੀ ਕਿਹਾ ਕਿ ਦੀਵਾਲੀ ਦੇ ਪਵਿੱਤਰ ਤਿਉਹਾਰ ਦੇ ਮੱਦੇਨਜ਼ਰ ਸ਼ਹਿਰ ਅੰਦਰ ਪੁਲੀਸ ਪੈਟਰੋਲਿੰਗ ਪਾਰਟੀਆਂ ਵੱਲੋਂ ਗਸਤ ਤੇਜ਼ ਕਰ ਦਿੱਤੀ ਗਈ ਹੈ, ਪ੍ਰਮੁੱਖ ਚੌਂਕਾਂ, ਅਹਿਮ ਸਥਾਨਾਂ ‘ਤੇ ਸਖ਼ਤ ਨਾਕਾਬੰਦੀ ਕਰ ਸੱਕੀ ਵਿਅਕਤੀ ਉਪਰ ਬਾਜ ਅੱਖ ਨਾਲ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੱਸ ਅੱਡਾ,ਚੌਂਕ,ਡੀ.ਸੀ. ਤਿਕੋਨੀ,ਲੱਲੂਆਣਾ ਤਿਕੋਨੀ ਨਾਕਿਆਂ ਉਪਰ ਛੋਟੇ-ਵੱਡੇ ਵਹੀਕਲਾਂ ਤੋਂ ਇਲਾਵਾ ਸਕੂਟਰ,ਮੋਟਰ ਸਾਇਕਲਾਂ ਨੂੰ ਵੀ ਬਰੀਕੀ ਨਾਲ ਚੈਕ ਕੀਤਾ ਜਾ ਰਿਹਾ ਹੈ ਤਾਂ ਕਿ ਕੋਈ ਗੈਰ ਕਾਨੂੰਨੀ ਅਨਸਰ ਅਸਥਿਰਤਾ ਫੈਲਾਉਣ ਵਾਲਾ ਅੱਖ ਨਾ ਫੜਕਾ ਸਕੇ। ਨਾਕਿਆਂ ਉਪਰ ਅਧੂਰੇ ਦਸਤਾਵੇਜ ਰੱਖਣ ਵਾਲਿਆਂ ਦੇ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਣ ਵੀ ਕੀਤੇ ਜਾ ਰਹੇ ਹਨ।

ਫੋਟੋ ਕੈਪਸ਼ਨ: ਦੀਵਾਲੀ ਤੋਂ ਪਹਿਲਾਂ ਨਾਕੇ ਦੌਰਾਨ ਇਕ ਗੱਡੀ ਦੀ ਚੈਕਿੰਗ ਕਰਦੇ ਪੁਲੀਸ ਕਰਮਚਾਰੀ।