– ‘ਕੈਨੇਡਾ ਵਿਚ ਪੰਜਾਬੀਆਂ ਨੇ ਚਮਕਾਇਆ ਪੰਜਾਬ ਦਾ ਨਾਮ ਤੇ ਪੰਜਾਬ ਦੇ ਆਗੂ ਕਰ ਰਹੇ ਬਦਨਾਮ’
– ‘ਆਪਣੀ ਜ਼ੁਬਾਨ ’ਤੇ ਵੀ ਨਹੀਂ ਖੜ੍ਹ ਸਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ’
– ‘ਸਟੇਜ ਲਗਾਉਣ ਨੂੰ ਸਾਰੇ ਕਾਹਲ਼ੇ, ਪਰ ਸ਼ਰਧਾਲੂਆਂ ਦੇ 20 ਡਾਲਰ ਕਹਿੰਦੇ ਦੂਜੀ ਧਿਰ ਭਰੇ’
ਚੰਡੀਗੜ੍ਹ, 23 ਅਕਤੂਬਰ : ਕੈਨੇਡਾ ਦੀਆਂ ਪਾਰਲੀਮੈਂਟ ਚੋਣਾਂ ਵਿਚ 19 ਪੰਜਾਬੀਆਂ ਨੇ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤ ਕੇ ਪੰਜਾਬ ਦਾ ਨਾਮ ਦੇਸ਼ਾਂ ਵਿਦੇਸ਼ਾਂ ਵਿਚ ਚਮਕਾਇਆ ਹੈ, ਪ੍ਰੰਤੂ ਸਾਡੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀਆਂ ਦੇ ਆਗੂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਣ ਵਾਲੇ ਬਾਬਾ ਨਾਨਕ ਦੇ 550 ਸਾਲਾ ਜਨਮ ਸ਼ਤਾਬਦੀ ਸਮਾਗਮਾਂ ਮੌਕੇ ਵੱਖਰੀ-ਵੱਖਰੀ ਸਟੇਜ ਲਗਾਉਣ ਨੂੰ ਲੈ ਕੇ ਪੰਜਾਬ ਦਾ ਜਲੂਸ ਕੱਢਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਸਾਡੇ ਆਗੂ ਪੰਜਾਬ ਦਾ ਨਾਂ ਬਦਨਾਮ ਕਰਨ ਵਿਚ ਜੁਟੇ ਹੋਏ ਹਨ। ਵਿਧਾਨ ਸਭਾ ਹਲਕਾ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਐਮ.ਐਲ.ਏ. ਸ੍ਰੀ ਅਮਨ ਅਰੋੜਾ ਨੇ ਇਹ ਵਿਚਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਸ੍ਰੀ ਅਰੋੜਾ ਨੇ ਕਿਹਾ ਕਿ ਕਿੰਨੀ ਹਾਸੋਹੀਣੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸਟੇਜਾਂ ਤਾਂ ਆਪੋ-ਆਪਣੀਆਂ ਲਗਾਉਣੀਆਂ ਚਾਹੁੰਦੇ ਹਨ ਪਰ ਜਦੋਂ ਸ਼ਰਧਾਲੂਆਂ ਦੇ 20 ਡਾਲਰ ਪੈਸੇ ਭਰਨ ਦੀ ਗੱਲ ਆਉਂਦੀ ਹੈ ਤਾਂ ਅਕਾਲੀ ਕਹਿੰਦੇ ਕਿ ਪੈਸੇ ਪੰਜਾਬ ਸਰਕਾਰ ਭਰੇ ਜਦਕਿ ਕਾਂਗਰਸੀ ਆਗੂ ਕਹਿੰਦੇ ਕਿ ਪੈਸੇ ਐਸ.ਜੀ.ਪੀ.ਸੀ. ਭਰੇ। ਕੁੱਲ ਮਿਲਾ ਕੇ ਬਾਬਾ ਨਾਨਕ ਦੇ ਇਨ੍ਹਾਂ ਸਮਾਗਮਾਂ ਮੌਕੇ ਦੋਵੇਂ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਇਸ ਸਟੇਜੀ ਲੜਾਈ ਨੂੰ ਪੰਜਾਬ ਦੇ ਲੋਕਾਂ ਵਿਚ ਸ਼ਰਧਾ ਨਾਲ ਮਜ਼ਾਕ ਮੰਨਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਹੋਰ ਤਾਂ ਹੋਰ ਖ਼ੁਦ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਕਹੀ ਹੋਈ ਉਸ ਜ਼ਬੁਾਨ ਉਤੇ ਵੀ ਨਹੀਂ ਖੜ੍ਹ ਸਕੇ ਜਿਸ ਵਿਚ ਉਨ੍ਹਾਂ ਆਪਣੇ ਦੋ ਮੰਤਰੀਆਂ ਨੂੰ ਚਿੱਠੀ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਸਟੇਜ ਲਈ ਸਹਿਮਤੀ ਦੇਣ ਲਈ ਭੇਜਿਆ ਸੀ। ਹੁਣ ਜਦੋਂ ਅਕਾਲ ਤਖ਼ਤ ਸਾਹਿਬ ਵੱਲੋਂ ਫੁਰਮਾਨ ਜਾਰੀ ਹੋਇਆ ਕਿ ਸਟੇਜ ਤਾਂ ਐਸ.ਜੀ.ਪੀ.ਸੀ. ਦੀ ਹੀ ਲੱਗੇਗੀ, ਤਾਂ ਕੈਪਟਨ ਸਾਹਿਬ ਆਪਣੇ ਵਾਅਦੇ ਤੋਂ ਮੁੱਕਰ ਗਏ ਹਨ। ਪੰਜਾਬ ਸਰਕਾਰ ਵੱਲੋਂ ਵੱਖਰੀ ਸਟੇਜ ਲਗਾਈ ਜਾਣ ਸਬੰਧੀ ਸਰਕਾਰ ਦੇ ਇੱਕ ਮੰਤਰੀ ਵੱਲੋਂ ਮੀਡੀਆ ਵਿਚ ਦਿੱਤਾ ਬਿਆਨ ਕੈਪਟਨ ਸਾਹਿਬ ਦੇ ਮੁੱਕਰਨ ਵਾਲੀ ਗੱਲ ਦੀ ਪੁਸ਼ਟੀ ਕਰਦਾ ਹੈ। ਅਸਲੀ ਗੱਲ ਤਾਂ ਇਹ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਦੋਵੇਂ ਪਾਰਟੀਆਂ ਨੂੰ ਬਾਬਾ ਨਾਨਕ ਦੇ ਜਨਮ ਸ਼ਤਾਬਦੀ ਨਾਲ ਕੋਈ ਸਰੋਕਾਰ ਨਹੀਂ ਹੈ, ਇਨ੍ਹਾਂ ਦੋਵੇਂ ਪਾਰਟੀਆਂ ਦਾ ਮਕਸਦ ਤਾਂ ਆਪਣੀ ਸਿਰਫ਼ ਸੌੜੀ ਸਿਆਸਤ ਕਰਨਾ ਹੀ ਹੈ। ਇਹ ਪੰਜਾਬੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਗੱਲ ਹੈ ਕਿ ਅਕਾਲੀ ਅਤੇ ਕਾਂਗਰਸੀ ਆਗੂ ਅਜਿਹੇ ਧਾਰਮਿਕ ਸਮਾਗਮ ਮੌਕੇ ਵੀ ਆਪਣੇ ਸੌੜੇ ਸਿਆਸੀ ਹਿੱਤਾਂ ਨੂੰ ਨਹੀਂ ਛੱਡ ਰਹੇ।
ਵਿਧਾਇਕ ਸ੍ਰੀ ਅਰੋੜਾ ਨੇ ਕਿਹਾ ਕਿ ਸਹੀ ਗੱਲ ਤਾਂ ਇਹ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਦਿੱਲੀ ਨਿਵਾਸੀ ਸ਼ਰਧਾਲੂਆਂ ਦਾ ਸਾਰਾ ਖਰਚ ਖ਼ੁਦ ਚੁੱਕ ਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਇਨ੍ਹਾਂ ਵਿਰੋਧੀ ਰਾਜਨੀਤਕ ਪਾਰਟੀਆਂ ਦੇ ਸਿਆਸੀ ਚਪੇੜ ਮਾਰੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਸ਼ਰਧਾਲੂਆਂ ਨੂੰ ਸ੍ਰੀ ਕਰਤਾਰਪੁਰ ਸਹਿਬ ਦੇ ਦਰਸ਼ਨ ਕਰਵਾਉਣ ਲਈ ਖ਼ੁਦ ਪੈਸੇ ਭਰਦੀ ਹੈ, ਸਿਰਫ਼ ਉਸੇ ਸਟੇਜ ਨੂੰ ਹੀ ਅਸਲੀ ਸਟੇਜ ਸਮਝਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਾਂਗਰਸੀ ਅਤੇ ਅਕਾਲੀ ਆਗੂਆਂ ਨੂੰ ਅਪੀਲ ਕਰਦਿਆਂ ਕਿ ਬਾਬਾ ਨਾਨਕ ਦੇ ਇਨ੍ਹਾਂ ਪਵਿੱਤਰ ਸਮਾਗਮਾਂ ਮੌਕੇ ਪੰਜਾਬ ਅਤੇ ਪੰਜਾਬੀਅਤ ਨੂੰ ਸ਼ਰਮਸ਼ਾਰ ਨਾ ਕਰਦੇ ਹੋਏ ਦੇਸ਼ਾਂ ਵਿਦੇਸ਼ਾਂ ਵਿਚ ਪੰਜਾਬ ਦਾ ਅਕਸ ਖਰਾਬ ਨਾ ਕਰਨ।