ਮਾਨਸਾ ਪੁਲੀਸ ਨੇ ਹਰਿਆਣਾ ਦੇ ਪਿੰਡ ‘ਚ ਛਾਪੇਮਾਰੀ ਕਰਕੇ 10,000 ਲੀਟਰ ਲਾਹਣ ਕੀਤੀ ਬਰਾਮਦ

Advertisement


– 150 ਲੀਟਰ ਸ਼ਰਾਬ ਨਜਾਇਜ ਅਤੇ ਕਸੀਦ ਵਾਲੇ ਸਮਾਨ ਆਦਿ ਦੀ ਵੱਡੇ ਪੱਧਰ ਤੇ ਬਰਾਮਦਗੀ
– ਅਦਾਲਤ ‘ਚੋਂ ਸਰਚ ਵਾਰੰਟ ਹਾਸਲ ਕਰਕੇ 7 ਜਣਿਆਂ ਨੂੰ ਕਾਬੂ ਕੀਤਾ

ਮਾਨਸਾ, 22 ਅਕਤੂਬਰ (ਵਿਸ਼ਵ ਵਾਰਤਾ)- ਪੰਜਾਬ ਦੇ ਗੁਆਂਢੀ ਸੂਬੇ ਹਰਿਆਣੇ ਵਿੱਚ ਵਿਧਾਨਸਭਾ ਚੋਣਾਂ ਕਾਰਨ ਜਾਬਤਾ ਲੱਗਣ ਕਰਕੇ ਹੋਈ ਸਖ਼ਤੀ ਦੇ ਬਾਵਜੂਦ ਮਾਨਸਾ ਪੁਲੀਸ ਵੱਲੋਂ ਅਦਾਲਤ ਤੋਂ ਸਰਚ ਵਾਰੰਟ ਹਾਸਲ ਕਰਕੇ ਇੱਕ ਪਿੰਡ ਰੰਗਾ ਵਿੱਚ ਕੀਤੀ ਛਾਪੇਮਾਰੀ ਤੋਂ ਬਾਅਦ 10 ਹਜ਼ਾਰ ਲੀਟਰ ਲਾਹਣ ਸਮੇਤ 7 ਜਣਿਆਂ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਹੈ। ਹਰਿਆਣੇ ਦੇ ਦੇਸ਼ੂ ਯੋਧਾ ਪਿੰਡ ਵਿੱਚ ਪੰਜਾਬ ਪੁਲੀਸ ਦੀ ਕੀਤੀ ਗਈ ਕੁੱਟ-ਮਾਰ ਤੋਂ ਬਾਅਦ ਮਾਨਸਾ ਪੁਲੀਸ ਦੀ ਗੁਆਂਢੀ ਰਾਜ ਵਿੱਚ ਜਾਕੇ ਕੀਤੀ ਗਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ ਨਰਿੰਦਰ ਭਾਰਗਵ ਨੇ ਅੱਜ ਇੱਥੇ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਦੱਸਿਆ ਕਿ ਹਰਿਆਣਾ ਪ੍ਰਾਂਤ ਤੋਂ ਆ ਰਹੇ ਨਸ਼ੇ ਨੂੰ ਰੋਕਣ ਲਈ ਰੱਖੀ ਜਾ ਰਹੀ ਖਾਸ ਨਿਗਰਾਨੀ ਤਹਿਤ ਜਾਣਕਾਰੀ ਮਿਲੀ ਸੀ ਕਿ ਉੱਧਰਲੇ ਸੂਬੇ ਦੇ ਲੋਕ ਇੱਧਰਲੇ ਸੂਬੇ ਵਿੱਚ ਆਕੇ ਦੇਸ਼ੀ ਦਾਰੂ ਵੇਚਣ ਦਾ ਗੋਰਖ ਧੰਦਾ ਕਰਨ ਲੱਗੇ ਹਨ। ਉਨ੍ਹਾਂ ਦੱਸਿਆ ਕਿ ਐਸ.ਡੀ.ਜੇ.ਐਮ ਦੀ ਅਦਾਲਤ ਤੋਂ ਸਰਚ ਵਾਰੰਟ ਹਾਸਲ ਕਰਕੇ ਮੌਕੇਂ ਤੇਂ ਛਾਪਾਮਾਰੀ ਕੀਤੀ ਗਈ।
ਸੀਨੀਅਰ ਕਪਤਾਨ ਪੁਲੀਸ ਨੇ ਦੱਸਿਆ ਕਿ ਪੁਲੀਸ ਨੂੰ ਮੁਖਬਰੀ ਮਿਲੀ ਸੀ ਕਿ ਗੁਰਮੇਜ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਝੰਡਾਂ ਕਲਾਂ, ਜੋ ਹਰਿਆਣਾ ਪ੍ਰਾਂਤ ਵਿੱਚੋ ਨਜਾਇਜ਼ ਸ਼ਰਾਬ ਲਿਆ ਕੇ ਵੇਚਣ ਦਾ ਆਦੀ ਹੈ ਅਤੇ ਜੋ ਨਜਾਇਜ ਸ਼ਰਾਬ ਲੈ ਕੇ ਆ ਰਿਹਾ ਹੈ,ਜਿਸਤੇ ਪੁਲੀਸ ਪਾਰਟੀ ਵੱਲੋਂ ਢੁਕਵੀ ਜਗ੍ਹਾਂ ਤੇ ਨਾਕਾਬੰਦੀ ਕਰਕੇ ਦੋਸ਼ੀ ਗੁਰਮੇਜ ਸਿੰਘ ਉਕਤ ਨੂੰ ਕਾਬੂ ਕਰਕੇ ਉਸ ਪਾਸੋਂ 18 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀ ਗਈ ਸੀ।ਉਨ੍ਹਾਂ ਦੱਸਿਆ ਕਿ ਕਸ਼ਮੀਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਇਹ ਨਜਾਇਜ ਸ਼ਰਾਬ ਹਰਿਆਣਾ ਪ੍ਰਾਂਤ ਦੇ ਪਿੰਡ ਰੰਗਾ ਦੀ ਢਾਣੀ ਤੋਂ ਲਿਆਉਦਾ ਹੈ, ਜਿੱਥੇ ਵੱਡੇ ਪੱਧਰ ਤੇ ਨਜਾਇਜ ਸ਼ਰਾਬ ਕਸੀਦ ਕੀਤੀ ਜਾਂਦੀ ਹੈ ਅਤੇ ਇਸਦੀ ਜਿਆਦਾਤਰ ਸਪਲਾਈ ਪੰਜਾਬ ਦੇ ਪਿੰਡਾਂ ਨੂੰ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਪੁਲੀਸ ਨੇ ਅਦਾਲਤ ਤੋਂ ਆਗਿਆ ਲੈਕੇ ਛਾਪੇਮਾਰੀ ਕੀਤੀ ਗਈ, ਜਿਸ ਤਹਿਤ 7 ਵਿਅਕਤੀਆਂ ਸੋਨਾ ਸਿੰਘ, ਚਾਨਣ ਸਿੰਘ, ਕਸ਼ਮੀਰ ਸਿੰਘ, ਓਮ ਪ੍ਰਕਾਸ, ਮਲਕੀਤ ਸਿੰਘ, ਦਰਸ਼ਨ ਸਿੰਘ, ਗੁਰਦੀਪ ਸਿੰਘ ਚੱਕ ਥਰਾਜ ਢਾਣੀ ਪਿੰਡ ਰੰਗਾਂ (ਹਰਿਆਣਾ) ਨੂੰ ਕਾਬੂ ਕੀਤਾ ਗਿਆ ਅਤੇ ਸਰਚ ਕਰਨ ਤੇ 10,000 ਲੀਟਰ ਲਾਹਣ (50 ਢੋਲ 200 ਲੀਟਰ ਵਾਲੇ), 150 ਲੀਟਰ ਸ਼ਰਾਬ ਨਜਾਇਜ ਅਤੇ ਨਜਾਇਜ ਸ਼ਰਾਬ ਕਸੀਦ ਕਰਨ ਵਾਲਾ ਸਮਾਨ (4 ਗੈਸ ਸਿਲੰਡਰ, 2 ਭੱਠੀਆ, 2 ਵੱਡੇ ਪਤੀਲੇ, 2 ਵੱਡੇ ਟੱਬ) ਮੌਕੇ ਤੇਂ ਬਰਾਮਦ ਕੀਤਾ ਗਿਆ ਹੈ।

ਫੋਟੋ ਕੈਪਸ਼ਨ: ਮਾਨਸਾ ਪੁਲੀਸ ਵੱਲੋਂ ਹਰਿਆਣੇ ਦੇ ਫੜੇ 7 ਵਿਅਕਤੀ ਅਤੇ ਵੱਡੀ ਪੱਧਰ ‘ਤੇ ਲਾਹਣ। ਫੋਟੋ:ਵਿਸ਼ਵ ਵਾਰਤਾ