ਪੰਜਾਬ ਸਰਕਾਰ ਵੱਲੋਂ ਮਹਿਲਾ ਕਮਿਸ਼ਨ ਨੂੰ ਮਜਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ

Advertisement
ਕਮਿਸ਼ਨ ਦੀ ਚੇਅਰਪਰਸਨ ਔਰਤਾਂ ਦੇ ਕੇਸਾਂ ਵਿੱਚ ਪਹਿਲ ਦੇ ਅਧਾਰ ਤੇ ਕਾਰਵਾਈ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੀ ਤੈਨਾਤੀ ਲਈ ਕਰਨਗੇ ਸਿਫਾਰਸ਼ਾਂ
ਚੰਡੀਗੜ੍ਹ, 22 ਅਕਤੂਬਰ, ਪੰਜਾਬ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਂਦੇ ਹੋਏ ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਹੋਰ ਮਜਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਪੁੱਟਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤੇ ਪੰਜਾਬ ਪੁਲਿਸ ਦੇ ਇੰਸਪੈਕਟਰ ਜਨਰਲ ਅਮਰਦੀਪ ਸਿੰਘ ਰਾਏ ਵੱਲੋਂ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਮਨੀਸ਼ਾ ਗੁਲਾਟੀ ਨੂੰ ਇੱਕ ਅਰਧ ਸਰਕਾਰੀ ਪੱਤਰ ਰਾਹੀਂ ਲਿਖਿਆ ਹੈ ਕਿ ਜਦੋਂ ਵੀ ਪੰਜਾਬ ਰਾਜ ਮਹਿਲਾ ਕਮਿਸ਼ਨ, ਪੰਜਾਬ ਸਰਕਾਰ ਦੇ ਧਿਆਨ ਵਿੱਚ ਕਿਸੇ ਪੁਲਿਸ ਅਧਿਕਾਰੀ ਵਿਰੁੱਧ ਕੋਈ ਸ਼ਿਕਾਇਤ ਆਉਂਦੀ ਹੈ ਅਤੇ ਕਮਿਸ਼ਨ ਸਮਝਦਾ ਹੈ ਕਿ ਅਧਿਕਾਰੀ ਨੇ ਕੋਈ ਕੁਤਾਹੀ ਕੀਤੀ ਹੈ, ਤਾਂ ਤੁਰੰਤ ਇਸ ਦਫਤਰ ਦੇ ਨੋਟਿਸ ਵਿੱਚ ਲਿਆਂਦਾ ਜਾਵੇ ਤਾਂ ਜੋ ਅਧਿਕਾਰੀ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਸਕੇ ਅਤੇ ਬਦਲੀਆਂ/ਤਾਇਨਾਤੀਆਂ ਸਮੇਂ ਧਿਆਨ ਵਿੱਚ ਰੱਖਿਆ ਜਾ ਸਕੇ। ਜਿਹੜੇ ਅਧਿਕਾਰੀ ਔਰਤਾਂ ਦੇ ਕੇਸਾਂ ਤੇ ਪਹਿਲ ਦੇ ਆਧਾਰ ਤੇ ਕਾਰਵਾਈ ਕਰਦੇ ਹਨ ਅਤੇ ਉਨ੍ਹਾਂ ਨੂੰ ਇਨਸਾਫ ਦਿੰਦੇ ਹਨ, ਉਨ੍ਹਾਂ ਪੁਲਿਸ ਅਧਿਕਾਰੀਆਂ ਦੇ ਨਾਮ ਵੀ ਇਸ ਦਫਤਰ ਨੂੰ ਦੱਸਿਆ ਜਾਇਆ ਕਰਨ ਤਾਂ ਜੋ ਉਨ੍ਹਾਂ ਨੂੰ ਬਣਦਾ ਸਨਮਾਨ ਦਿੱਤਾ ਜਾਵੇ।
ਸ਼੍ਰੀਮਤੀ ਗੁਲਾਟੀ ਨੇ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਵੱਲੋਂ ਔਰਤਾਂ ਦੀ ਬਿਹਤਰੀ ਦੀ ਦਿਸ਼ਾ ਵਿੱਚ ਚੁੱਕੇ ਗਏ ਇਸ ਕਦਮ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਮਿਸ਼ਨ ਪੰਜਾਬ ਰਾਜ ਦੀਆਂ ਮਹਿਲਾਵਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਪੂਰੀ ਦਿ੍ਰੜਤਾ ਨਾਲ ਕੰਮ ਕਰਦਾ ਰਹੇਗਾ।