
ਵਾਧੂ ਸਮਾਨ ਤੋਂ ਲਾਭਕਾਰੀ ਵਸਤਾਂ ਬਨਾਉਣ ਅਤੇ ਸਲਾਦ ਦੇ ਹੋਣਗੇ ਮੁਕਾਬਲੇ
ਤਿਉਹਾਰਾਂ ਲਈ ਹੋਣਗੇ ਵਿਸ਼ੇਸ਼ ਆਕਰਸ਼ਣ ਲੋਕ ਜਾਣ ਸਕਣਗੇ ਕਿਵੇਂ ਕਰੀਏ ਮਿਲਾਵਟ ਦੀ ਪਛਾਣ
ਬਟਾਲਾ, 18 ਅਕਤੂਬਰ – ਤਿਉਹਾਰਾਂ ਦੀ ਰੁੱਤ ਹੈ ਅਤੇ ਲੋਕਾਂ ਦੀਆਂ ਵਿਸ਼ੇਸ਼ ਲੋੜਾਂ ਅਤੇ ਉਤਸ਼ਾਹ ਦੇ ਮੱਦੇਨਜ਼ਰ ਪੀ.ਏ.ਯੂ. ਲੁਧਿਆਣਾ ਵਿੱਚ 20 ਅਕਤੂਬਰ ਨੂੰ ਭੋਜਨ ਉਦਯੋਗ ਅਤੇ ਸ਼ਿਲਪ ਮੇਲਾ ਲਗਾਇਆ ਜਾ ਰਿਹਾ ਹੈ । ਇਹ ਮੇਲਾ ਉਦਯੋਗ, ਖੋਜ, ਅਕਾਦਮਿਕ ਸੰਸਥਾਵਾਂ, ਭੋਜਨ ਅਤੇ ਇਸ ਲਈ ਕੱਚਾ ਮਾਲ ਨਿਰਮਾਤਾਵਾਂ ਅਤੇ ਉਪਭੋਗਤਾਵਾਂ ਦਾ ਸਾਂਝਾ ਮੰਚ ਹੋਵੇਗਾ। ਜ਼ਿਕਰਯੋਗ ਹੈ ਕਿ ਇਹ ਸਲਾਨਾ ਮੇਲਾ 2014 ਵਿੱਚ ਆਰੰਭ ਹੋਇਆ ਸੀ ਅਤੇ ਇਸ ਮੇਲੇ ਰਾਹੀਂ ਛੋਟੇ ਅਤੇ ਵੱਡੇ ਉਦਯੋਗਿਕ ਉਦਮੀ ਅਤੇ ਸਵੈ-ਸੇਵੀ ਗਰੁੱਪ ਸ਼ਾਮਿਲ ਹੋ ਕੇ ਖੇਤੀ/ਭੋਜਨ ਪ੍ਰੋਸੈਸਿੰਗ ਦੇ ਨਵੇਂ ਖੇਤਰਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਨ ਅਤੇ ਆਪਣੇ ਗਾਹਕਾਂ ਨੂੰ ਸਿੱਧਾ ਮਿਲਦੇ ਹਨ ।
ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਇਸ ਮੇਲੇ ਦੇ ਆਯੋਜਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੇਲੇ ਵਿੱਚ ਖੋਜ ਸੰਸਥਾਵਾਂ, ਸੈਲਫ ਹੈਲਪ ਗਰੁੱਪ, ਕਿਸਾਨ ਨਿਰਮਾਤਾ ਸੰਸਥਾਵਾਂ, ਨੌਜਵਾਨ ਉਦਮੀ, ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਨਾਲ ਸੰਬੰਧਤ ਲੋਕ ਅਤੇ ਇਸ ਖੇਤਰ ਵਿੱਚ ਕੰਮ ਕਰ ਰਹੇ ਵਿਦਿਆਰਥੀ ਸ਼ਾਮਿਲ ਹੋਣਗੇ । ਇਸ ਮੇਲੇ ਨਾਲ ਪੇਂਡੂ ਖੇਤਰ ਦੇ ਪ੍ਰੋਸੈਸਿੰਗ ਉਦਮੀਆਂ ਨੂੰ ਆਪਣੀਆਂ ਜਿਣਸਾਂ ਤੋਂ ਪ੍ਰੋਸੈਸਿੰਗ ਉਤਪਾਦ ਤਿਆਰ ਕਰਨ ਲਈ ਇੱਕ ਮੰਚ ਮੁਹੱਈਆ ਕਰਵਾਇਆ ਜਾਵੇਗਾ । ਉਹਨਾਂ ਇਹ ਵੀ ਕਿਹਾ ਕਿ ਮੇਜ਼ਬਾਨ ਸੰਸਥਾ ਹੋਣ ਦੇ ਨਾਤੇ ਪੀ.ਏ.ਯੂ. ਭੋਜਨ ਪਦਾਰਥ ਬਣਾਉਣ ਵਾਲਿਆਂ, ਪ੍ਰੋਸੈਸਿੰਗ ਕਰਨ ਵਾਲਿਆਂ ਅਤੇ ਖਪਤਕਾਰਾਂ ਵਿਚਕਾਰ ਇੱਕ ਪੁਲ ਦਾ ਕੰਮ ਕਰੇਗਾ। ਡਾ. ਮਾਹਲ ਨੇ ਕਿਹਾ ਕਿ ਇਸ ਸਾਲ ਇਸ ਮੇਲੇ ਵਿੱਚ 25,000 ਤੋਂ ਵਧੇਰੇ ਲੋਕਾਂ ਦੇ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ ।
ਇਸ ਮੇਲੇ ਵਿੱਚ ਕੁਝ ਵਿਸ਼ੇਸ਼ ਆਕਰਸ਼ਣ ਹੋਣਗੇ ਜਿਨਾਂ ਵਿੱਚ ਫੂਡ ਕੋਰਟ, ਦੀਵਾਲੀ ਗਿਫਟ, ਸਬਜ਼ੀਆਂ ਦੇ ਬੀਜ ਸਜਾਵਟੀ ਬੂਟੇ ਅਤੇ ਹੋਰ ਸਾਜੋ-ਸਮਾਨ ਮਿਲ ਸਕੇਗਾ । ਨਾਲ ਹੀ ਵਾਧੂ ਸਮਾਨ ਤੋਂ ਲਾਭਕਾਰੀ ਵਸਤਾਂ ਬਨਾਉਣ ਅਤੇ ਸਲਾਦ ਬਨਾਉਣ ਦੇ ਮੁਕਾਬਲੇ ਹੋਣਗੇ । ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਲਈ ਆਕਰਸ਼ਕ ਇਨਾਮ ਅਤੇ ਤੋਹਫ਼ੇ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ । ਮੇਲੇ ਵਿੱਚ ਭਾਗ ਲੈਣ ਵਾਲੇ ਲੋਕ ਭੋਜਨ ਦੀ ਮਿਲਾਵਟ ਦੀ ਪਰਖ ਕਰਨ ਦੇ ਤਰੀਕੇ ਸਿੱਖ ਸਕਣਗੇ । ਇਸ ਫੂਡ ਮੇਲੇ ਵਿੱਚ ਭੋਜਨ ਖੇਤਰ ਦੇ ਨਵੇਂ ਪਸਾਰ ਵੇਖਣ ਲਈ ਭਾਰੀ ਗਿਣਤੀ ਵਿੱਚ ਆਸਪਾਸ ਦੇ ਲੋਕ ਪਹੁੰਚ ਰਹੇ। ਇਸ ਮੇਲੇ ਵਿੱਚ ਦਾਖਲਾ ਅਤੇ ਪਾਰਕਿੰਗ ਮੁਫ਼ਤ ਹੋਵੇਗੀ ।





















