੍ਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਮੁੱਖ ਮੰਤਰੀ ਤਿੰਨ ਸਾਲਾ ਪ੍ਰਾਜੈਕਟ ਦੀ ਸ਼ੁਰੂਆਤ ਕਰਨਗੇ
ਚੰਡੀਗੜ੍ਹ, 28 ਸਤੰਬਰ: ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੇ ਇਤਿਹਾਸਕ ਮੌਕੇ ਦੀ ਸ਼ੁਰੂਆਤ ਵਜੋਂ ਕੇਂਦਰ ਸਰਕਾਰ ਨੇ ਸੁਲਤਾਨਪੁਰ ਲੋਧੀ ਸਮਾਰਟ ਸਿਟੀ ਪ੍ਰੋਜੈਕਟ ਲਈ ਉਲੀਕੇ ਫੰਡਾਂ ਵਿੱਚੋਂ ਆਪਣੇ ਹਿੱਸੇ ਦੀ 27.11 ਕਰੋੜ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ।
ਸਮਾਰਟ ਸਿਟੀ ਮਿਸ਼ਨ ਤਹਿਤ ਇਸ ਪ੍ਰਾਜੈਕਟ ਦੀ ਅਨੁਮਾਨਿਤ ਕੀਮਤ 271.11 ਕਰੋੜ ਰੁਪਏ ਹੈ ਜੋ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਦਰਮਿਆਨ ਬਰਾਬਰ ਵੰਡੀ ਜਾਵੇਗੀ। ਇਹ ਰਾਸ਼ੀ ਤਿੰਨ ਕਿਸ਼ਤਾਂ 20:40:40 ਦੇ ਹਿਸਾਬ ਨਾਲ ਜਾਰੀ ਕੀਤੀ ਜਾਵੇਗੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਪੁਰਬ ਸਬੰਧੀ ਹੋਣ ਵਾਲੇ ਮਹਾਨ ਸਮਾਗਮਾਂ ਦੌਰਾਨ ਗੁਰੂ ਸਾਹਿਬ ਜੀ ਨਾਲ ਸਬੰਧਤ ਵੱਖ-ਵੱਖ ਨਗਰਾਂ ਅਤੇ ਖੇਤਰਾਂ ਲਈ ਲੰਮਾ ਸਮਾਂ ਚੱਲਣ ਵਾਲੇ ਵਿਕਾਸ ਪ੍ਰੋਜੈਕਟਾਂ ਦੀ ਲੜੀ ਦੀ ਸ਼ੁਰੂਆਤ ਕਰਨਗੇ। ਸੁਲਤਾਨਪੁਰ ਲੋਧੀ ਸਿਟੀ ਵਿਕਾਸ ਪ੍ਰੋਜੈਕਟ, ਇਨ੍ਹਾਂ ਪ੍ਰੋਜੈਕਟਾਂ ਵਿੱਚ ਪ੍ਰਮੁੱਖ ਤੌਰ ‘ਤੇ ਸ਼ਾਮਲ ਹੈ।
ਸੂਬਾ ਸਰਕਾਰ ਨੂੰ ਲਿਖੇ ਪੱਤਰ ਵਿੱਚ ਕੇਂਦਰੀ ਮਕਾਨ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਨੇ ਦੱਸਿਆ ਕਿ ਇਹ ਪ੍ਰਵਾਨਗੀ ਜੀ.ਐਫ.ਆਰ. 2017 ਦੇ ਉਪਬੰਧਾਂ ਮੁਤਾਬਕ ਨਿਯਮਤ ਹੋਵੇਗੀ ਅਤੇ ਇਸ ਰਾਸ਼ੀ ਦੀ ਵਰਤੋਂ ਬੱਝਵੀਂ ਗਰਾਂਟ (ਟਾਈਡ ਗਰਾਂਟ) ਵਜੋਂ ਕੀਤੀ ਜਾਣੀ ਹੈ, ਜਿਸ ਨੂੰ ਸਿਟੀ ਲੈਵਲ ਗਰਾਂਟ ਦੇ ਤੌਰ ‘ਤੇ ਵੱਖਰਾ ਰੱਖਿਆ ਜਾਵੇਗਾ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਪ੍ਰੋਜੈਕਟ ਵੱਧ ਤੋਂ ਵੱਧ ਤਿੰਨ ਸਾਲਾਂ ਵਿੱਚ ਮੁਕੰਮਲ ਹੋਵੇਗਾ। ਸਪੈਸ਼ਲ ਪਰਪਜ਼ ਵਹੀਕਲ ਵੱਲੋਂ, ਪੰਜਾਬ ਸਰਕਾਰ ਦੇ ਸ਼ਹਿਰੀ ਸਥਾਨਕ ਵਿਭਾਗ ਰਾਹੀਂ ਐਸ.ਸੀ.ਐਮ. ਦਿਸ਼ਾ ਨਿਰਦੇਸ਼ਾਂ ਵਿੱਚ ਤੈਅ ਨਿਯਮਾਂ ਮੁਤਾਬਕ ਇਸ ਨੂੰ ਵਰਤੋਂ ਵਿੱਚ ਲਿਆਂਦਾ ਜਾਵੇਗਾ। ਸੂਬੇ ਵੱਲੋਂ ਪ੍ਰਾਪਤ ਪੱਤਰ ਮੁਤਾਬਕ ਕੇਂਦਰ ਅਤੇ ਸੂਬਾ ਸਰਕਾਰ ਦੀ ਹਿੱਸੇਦਾਰੀ ਦੀ ਘੱਟੋ-ਘੱਟ 75 ਫੀਸਦੀ ਦੀ ਲਾਗਤ ਹੋਣ ‘ਤੇ ਵਰਤੋਂ ਸਰਟੀਫਿਕੇਟ ਮੁਹੱਈਆ ਕਰਵਾਉਣ ਤੋਂ ਬਾਅਦ ਦੂਜੀ ਅਤੇ ਤੀਜੀ ਕਿਸ਼ਤ ਜਾਰੀ ਕੀਤੀ ਜਾਵੇਗੀ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮੁਲਕ ਅਤੇ ਵਿਦੇਸ਼ਾਂ ਵਿੱਚ ਮਨਾਉਣ ਲਈ ਪ੍ਰਧਾਨ ਮੰਤਰੀ ਨੇ ਵਿਕਾਸ ਪ੍ਰਾਜੈਕਟਾਂ ਅਤੇ ਹੋਰ ਕਾਰਜਾਂ ਨੂੰ ਉਲੀਕਣ ਲਈ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਤਤਕਾਲੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਕੌਮੀ ਕਮੇਟੀ ਕਾਇਮ ਕੀਤੀ ਸੀ ਜਿਸ ਵੱਲੋਂ ਪਾਸ ਕੀਤੇ ਵੱਖ-ਵੱਖ ਪ੍ਰੋਜੈਕਟਾਂ ਵਿੱਚ ਇਹ ਪ੍ਰੋਜੈਕਟ ਵੀ ਸ਼ਾਮਲ ਸੀ।
ਸੂਬਾ ਸਰਕਾਰ ਨੇ ਸੁਲਤਾਨਪੁਰ ਲੋਧੀ ਨੂੰ ਇਕ ਵਿਰਾਸਤੀ ਸ਼ਹਿਰ ਵਜੋਂ ਵਿਕਸਿਤ ਕਰਨ ਸਮੇਤ ਕੇਂਦਰ ਸਰਕਾਰ ਨੂੰ ਕਈ ਪ੍ਰੋਜੈਕਟਾਂ ਦਾ ਪ੍ਰਸਤਾਵ ਭੇਜਿਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਕਾਫੀ ਸਮਾਂ ਪਵਿੱਤਰ ਨਗਰ ਸੁਲਤਾਨਪੁਰ ਲੋਧੀ ਵਿੱਚ ਬਤੀਤ ਕੀਤਾ ਸੀ। ਬੁਲਾਰੇ ਨੇ ਦੱਸਿਆ ਕਿ ਉਕਤ ਕਮੇਟੀ ਨੇ ‘ਪਿੰਡ ਬਾਬੇ ਨਾਨਕ ਦਾ’ ਨੂੰ ਸ਼ਾਮਲ ਕਰਦਿਆਂ ਇਤਿਹਾਸਕ ਨਗਰ ਦੀ ਵਿਸ਼ੇਸ਼ ਵਿਕਾਸ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ।