ਸਦਨ ਤੇ ਅਦਾਲਤਾਂ ਦੀ ਤੌਹੀਨ ਅਤੇ ‘ਗੁਰੂ’ ਦੀ ਵਾਰ-ਵਾਰ ਬੇਅਦਬੀ ਕਰ ਰਿਹਾ ਹੈ ਜਾਂਚ ਦਰ ਜਾਂਚ ਦਾ ਖੇਡ-ਹਰਪਾਲ ਸਿੰਘ ਚੀਮਾ
ਪ੍ਰਬੋਧ ਕੁਮਾਰ ਨੂੰ ਲੈ ਕੇ ਕੈਪਟਨ ਨੂੰ ਘੇਰਿਆ
ਚੰਡੀਗੜ੍ਹ, 26 ਸਤੰਬਰ – ਸਾਲ 2015 ‘ਚ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਤੇ ਤਿੰਨ ਮਹੀਨੇ ਪਹਿਲਾ ਹੈਰਾਨਕੁੰਨ ‘ਕਲੋਜਰ ਰਿਪੋਰਟ’ ਦੇਣ ਵਾਲੀ ਸੀਬੀਆਈ ਵੱਲੋਂ ਫਿਰ ਤੋਂ ਇਸ ਮਾਮਲੇ ਦੀ ਜਾਂਚ ਆਪਣੀ (ਸੀਬੀਆਈ) ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਹਵਾਲੇ ਕੀਤੇ ਜਾਣ ‘ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਇਸ ਨੂੰ ਪੰਜਾਬ ਵਿਧਾਨ ਸਭਾ ਦੇ ਪਵਿੱਤਰ ਸਦਨ ਦੀ ਮਰਯਾਦਾ ਦਾ ਹਨਨ, ਅਦਾਲਤਾਂ ਦੀ ਤੌਹੀਨ ਅਤੇ ਸਭ ਤੋਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਕਾਰਾਂ ਹੱਥੋਂ ਹੋ ਰਹੀ ਵਾਰ-ਵਾਰ ਬੇਅਦਬੀ ਦੱਸਿਆ ਹੈ।
‘ਆਪ’ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਕੁਲਵੰਤ ਸਿੰਘ ਪੰਡੋਰੀ, ਜੈ ਕ੍ਰਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਸਾਬਕਾ ਸੰਸਦ ਮੈਂਬਰ ਪ੍ਰੋ.ਸਾਧੂ ਸਿੰਘ ਅਤੇ ਕੋਰ ਕਮੇਟੀ ਮੈਂਬਰ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਬੇਅਦਬੀ ਮਾਮਲਿਆਂ ‘ਚ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਾਦਲ ਪਰਿਵਾਰ ਅਤੇ ਹੋਰ ਰਸੂਖਦਾਰ ਲੋਕਾਂ ਅਤੇ ਅਫ਼ਸਰਾਂ ਨੂੰ ਬਚਾਉਣ ਲਈ ਪੰਜਾਬ ਦੀ ਕੈਪਟਨ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਨੇ ਗੁਰੂ ਦੀ ਬੇਅਦਬੀ ਮਾਮਲਿਆਂ ਦੀ ਜਾਂਚ ਨੂੰ ਮਜ਼ਾਕ ਸਮਝ ਰੱਖਿਆ ਹੈ। ਇੱਕੋ ਮਾਮਲੇ ਦੀ ਇੱਕੋ ਸਮੇਂ ਦੋ ਜਾਂਚ ਏਜੰਸੀਆਂ ਵੱਲੋਂ ਵੱਖਰੀ-ਵੱਖਰੀ ਜਾਂਚ ਵਿੱਢੇ ਜਾਣ ‘ਤੇ ਵੀ ‘ਆਪ’ ਨੇ ਸਵਾਲ ਉਠਾਇਆ।
ਹਰਪਾਲ ਸਿੰਘ ਚੀਮਾ ਨੇ ਕਿਹਾ, ”ਜਾਂਚ ਦਰ ਜਾਂਚ ਦੇ ਇਸ ਸਿਲਸਿਲੇ ਨਾਲ ਹੁਣ ਸਰਕਾਰਾਂ ਹੀ ‘ਗੁਰੂ’ ਦੀ ਵਾਰ-ਵਾਰ ਬੇਅਦਬੀ ਕਰ ਰਹੀਆਂ ਹਨ। ਮਕਸਦ ਸਿਰਫ਼ ਇਹਨਾਂ ਜਾਂਚ ਨੂੰ ਸਿੱਟੇ ਤੱਕ ਪਹੁੰਚਣ ਲਈ ਵੱਧ ਤੋਂ ਵੱਧ ਲਟਕਾਉਣਾ ਅਤੇ ਬਾਦਲਾਂ ਸਮੇਤ ਬਾਕੀ ਮੁੱਖ ਦੋਸ਼ੀਆਂ ਨੂੰ ਬਚਾਉਣਾ ਹੈ, ਤਾਂਕਿ ਸਮਾਂ ਪੈਣ ਨਾਲ ਬੇਅਦਬੀਆਂ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਨੂੰ ਲੋਕ ਭੁੱਲ ਜਾਣ। ਪਰੰਤੂ ਅਜਿਹਾ ਨਹੀਂ ਹੋਣ ਲੱਗਾ। ਦੁਨੀਆ ਭਰ ‘ਚ ਵੱਸਦੀ ਸੰਗਤ ਆਪਣੇ ਗੁਰੂ ਦੀ ਬੇਅਦਬੀ ਕਰਨ ਅਤੇ ਨਿਹੱਥੀ ਸੰਗਤ ‘ਤੇ ਗੋਲੀਆਂ ਵਰਾਉਣ ਵਾਲਿਆਂ ਨੂੰ ਕਈ ਪੁਸ਼ਤਾਂ ਤੱਕ ਮੁਆਫ਼ ਨਹੀਂ ਕਰੇਗੀ।”
‘ਆਪ’ ਆਗੂਆਂ ਨੇ ਸੀਬੀਆਈ ਵੱਲੋਂ ਪਹਿਲਾਂ ਨਾਟਕੀ ਤਰੀਕੇ ਨਾਲ ‘ਕਲੋਜਰ ਰਿਪੋਰਟ’ ਦੇਣ ਅਤੇ ਪੰਜਾਬ ਵਿਧਾਨ ਸਭਾ ਦੇ ਸਰਬਸੰਮਤੀ ਨਾਲ ਲਏ ਗਏ ਫ਼ੈਸਲੇ ਦੇ ਉਲਟ ਜਾ ਕੇ ਪੰਜਾਬ ਦੇ ਪੁਲਸ ਅਧਿਕਾਰੀ ਪ੍ਰਬੋਧ ਕੁਮਾਰ ਦੀ ਸਿਰਫ਼ ਇੱਕ ਚਿੱਠੀ ਨਾਲ ਦੁਬਾਰਾ ਜਾਂਚ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਗੈਰ-ਸੰਵਿਧਾਨਕ ਦੱਸਿਆ।
‘ਆਪ’ ਨੇ ਸਿੱਧਾ ਦੋਸ਼ ਲਗਾਇਆ ਕਿ ਸੀਬੀਆਈ ਜਾਂਚ ਦੀ ਕਲੋਜਰ ਰਿਪੋਰਟ ਤੋਂ ਲੈ ਕੇ ਦੁਬਾਰਾ ਜਾਂਚ ਸ਼ੁਰੂ ਕਰਨ ਦੀ ਕਾਰਵਾਈ ਮੋਦੀ-ਅਮਿਤ ਸ਼ਾਹ ਰਾਹੀਂ ਬਾਦਲ ਪਰਿਵਾਰ ਕਰਵਾ ਰਿਹਾ ਹੈ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਨਾਲ ਰਲਿਆ ਹੋਇਆ ਹੈ।
ਹਰਪਾਲ ਸਿੰਘ ਚੀਮਾ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਕੀ ਕੈਪਟਨ ਦੱਸਣਗੇ ਪ੍ਰਬੋਧ ਕੁਮਾਰ ਉਨ੍ਹਾਂ (ਪੰਜਾਬ) ਦੇ ਅਧੀਨ ਹੈ ਜਾਂ ਕੇਂਦਰ ਸਰਕਾਰ ਦੇ ਅਧੀਨ ਹੈ? ਕੀ ਮੁੱਖ ਮੰਤਰੀ ਦੱਸਣਗੇ ਪ੍ਰਬੋਧ ਕੁਮਾਰ ਕੀ ਸ਼ੈਅ ਹੈ, ਜਿਸ ਨੇ ਪੰਜਾਬ ਵਿਧਾਨ ਸਭਾ ਦਾ ਫ਼ੈਸਲਾ ਹੀ ਪਲਟ ਦਿੱਤਾ? ਕੀ ਕੈਪਟਨ ਦੱਸਣਗੇ ਕਿ ਇਹ ਸਭ ਉਨ੍ਹਾਂ ਦੇ ਇਸ਼ਾਰੇ ‘ਤੇ ਨਹੀਂ ਰਿਹਾ?
ਚੀਮਾ ਮੁਤਾਬਿਕ ਜਦ ਵਿਧਾਨ ਸਭਾ ਨੇ ਬੇਅਦਬੀ ਮਾਮਲੇ ਦੀ ਜਾਂਚ ਸੀਬੀਆਈ ਤੋਂ ਵਾਪਸ ਲੈਣ ਦਾ ਫ਼ੈਸਲਾ ਲੈ ਲਿਆ ਸੀ ਫਿਰ ਪੰਜਾਬ ਸਰਕਾਰ ਵੱਲੋਂ ਗਠਿਤ ਸਿਟ ਦੇ ਮੁਖੀ ਪ੍ਰਬੋਧ ਕੁਮਾਰ ਨੇ ਇੰਨੀ ਹਿੰਮਤ ਕਿਸ ਦੀ ਸ਼ਹਿ ‘ਤੇ ਕੀਤੀ ਹੈ ਕਿ ਸੀਬੀਆਈ ਨੂੰ ਜਾਂਚ ਜਾਰੀ ਰੱਖਣ ਲਈ ਲਿਖਿਆ?
‘ਆਪ’ ਆਗੂਆਂ ਨੇ ਕਿਹਾ ਕਿ ਕੈਪਟਨ ਅਤੇ ਮੋਦੀ ਬਾਦਲਾਂ ਨੂੰ ਹਰ ਪੱਧਰ ‘ਤੇ ਬਚਾਉਣਾ ਚਾਹੁੰਦੇ ਹਨ। ਇੱਕ ਤੋਂ ਬਾਅਦ ਇੱਕ ਅਧੂਰੀ ਜਾਂਚ ਅਤੇ ਜਾਂਚ ਦੌਰਾਨ ਬਾਦਲਾਂ ਨੂੰ ਕਲੀਨ ਚਿੱਟ ਇਸ ਦੋਸ਼ ਦੀ ਪੁਸ਼ਟੀ ਕਰਦੀ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪ੍ਰਬੋਧ ਕੁਮਾਰ ਅਤੇ ਸੀਬੀਆਈ ਦੇ ਅਧਿਕਾਰੀਆਂ ਵਿਰੁੱਧ ਆਮ ਆਦਮੀ ਪਾਰਟੀ ਸਦਨ ਦੀ ਮਰਯਾਦਾ ਦੇ ਹਨਨ ਦਾ ਮਤਾ ਲਿਆ ਰਹੀ ਹੈ।