ਸੰਬੰਧਿਤ ਜ਼ਿਲ੍ਹਿਆਂ ਦੇ ਐਸਐਸਪੀ ਪੀਪੀਐਸ ਅਫਸਰਾਂ ਦੀ ਥਾਂ ਆਈਪੀਐਸ ਅਫਸਰ ਲਗਾਏ ਜਾਣ-ਸੁਖਵਿੰਦਰ ਸੁੱਖੀ
ਚੰਡੀਗੜ੍ਹ, 24 ਸਤੰਬਰ –ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ‘ਚ 21 ਅਕਤੂਬਰ 2019 ਨੂੰ ਹੋਣ ਜਾ ਰਹੀਆਂ 4 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਰੂਪ ‘ਚ ਸਿਰੇ ਚੜਾਉਣ ਲਈ ਮੁੱਖ ਚੋਣ ਅਧਿਕਾਰੀ ਕੋਲੋਂ ਮੰਗ ਕੀਤੀ ਹੈ ਕਿ ਇਹ ਚੋਣਾਂ ਕੇਂਦਰੀ ਸੁਰੱਖਿਆਂ ਬਲਾਂ ਦੇ ਪਹਿਰੇ ਥੱਲੇ ਹੋਣ। ਇਸ ਸੰਬੰਧੀ ਪਾਰਟੀ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਰਾਹੀਂ ਭਾਰਤੀ ਚੋਣ ਕਮਿਸ਼ਨ ਨੂੰ ਪੱਤਰ ਭੇਜਿਆ ਹੈ।
ਮੰਗਲਵਾਰ ਨੂੰ ‘ਆਪ’ ਪਾਰਟੀ ਹੈੱਡਕੁਆਟਰ ਤੋਂ ਜਾਰੀ ਕੀਤੇ ਬਿਆਨ ਅਨੁਸਾਰ ਪਾਰਟੀ ਦੇ ਸੂਬਾ ਸੱਕਤਰ-ਕਮ-ਖਜਾਨਚੀ ਸੁਖਵਿੰਦਰ ਸਿੰਘ ਸੁੱਖੀ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਰਾਜਸੀ ਦਲਾਂ ਦੀ ਬੁਲਾਈ ਬੈਠਕ ‘ਚ ਹਿੱਸਾ ਲਿਆ ਅਤੇ ਮੰਗ ਪੱਤਰ ਸੌਂਪਿਆ। ਮੰਗ ਪੱਤਰ ਅਨੁਸਾਰ ਪੰਜਾਬ ਦੀਆਂ ਚਾਰੇ ਜ਼ਿਮਨੀ ਚੋਣਾਂ ਪੰਜਾਬ ਪੁਲਿਸ ਦੀ ਥਾਂ ਕੇਂਦਰੀ ਸੁਰੱਖਿਆ ਬਲਾਂ ਦੀ ਨਿਗਰਾਨੀ ਥੱਲੇ ਕਰਵਾਏ ਜਾਣ ਦੀ ਮੰਗ ਉਠਾਈ ਅਤੇ ਦਲੀਲ ਦਿੱਤੀ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਨੇ ਪੰਜਾਬ ਪੁਲਿਸ ਦਾ ਪੂਰੀ ਤਰ੍ਹਾਂ ਰਾਜਸੀਕਰਨ ਕਰ ਦਿੱਤਾ ਹੈ।
‘ਆਪ’ ਨੇ ਇਹ ਵੀ ਮੰਗ ਕੀਤੀ ਕਿ ਸੰਬੰਧਿਤ ਹਲਕਿਆਂ ਦੇ ਪੁਲਸ ਜ਼ਿਲ੍ਹਿਆਂ ‘ਚ ਐਸਐਸਪੀ ਵਜੋਂ ਤੈਨਾਤ ਪੀਪੀਐਸ ਅਫ਼ਸਰਾਂ ਦੀ ਥਾਂ ਆਈਪੀਐਸ ਤੈਨਾਤ ਕੀਤੇ ਜਾਣ। ਇਹ ਵੀ ਮੰਗ ਕੀਤੀ ਕਿ ਚੋਣ ਜਾਬਤੇ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਸੱਤਾਧਾਰੀ ਕਾਂਗਰਸ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਨਾ ਕਰ ਸਕੇ।
‘ਆਪ’ ਅਨੁਸਾਰ ਚੋਣਾਂ ‘ਚ ਰਵਾਇਤੀ ਪਾਰਟੀਆਂ (ਕਾਂਗਰਸ, ਅਕਾਲੀ-ਭਾਜਪਾ) ਵੱਲੋਂ ਡਰੱਗ, ਮਨੀ ਐਂਡ ਮਸਲ ਪਾਵਰ ਦੀ ਵਰਤੋਂ ਰੋਕਣ ਲਈ ਚੋਣ ਕਮਿਸ਼ਨ ਵਿਸ਼ੇਸ਼ ਟੀਮ ਤੈਨਾਤ ਕਰੇ ਅਤੇ ਸੂਚਨਾ ਜਾਂ ਸ਼ਿਕਾਇਤ ਕਰਨ ਲਈ ਇੱਕ 24 ਘੰਟੇ ਖੁਲੇ ਰਹਿਣ ਵਾਲਾ ਕੰਟਰੋਲ ਰੂਮ ਸਥਾਪਿਤ ਕੀਤਾ ਜਾਵੇ। ਤਾਂ ਕਿ ਕੋਈ ਵੀ ਸੂਚਨਾ ਜਾਂ ਸ਼ਿਕਾਇਤ ਤੁਰੰਤ ਰਾਜ ਚੋਣ ਅਧਿਕਾਰੀਆਂ ਨਾਲ ਸਾਂਝੀ ਕੀਤੀ ਜਾ ਸਕੇ।