ਕਿਸੇ ਨੂੰ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ: ਬਲਬੀਰ ਸਿੰਘ ਸਿੱਧੂ

44
Advertisement
ਸਿਹਤ ਮੰਤਰੀ ਵਲੋਂ ਤਿਉਹਾਰਾਂ ਦੇ  ਮੱਦੇਨਜ਼ਰ ਫੂਡ ਸੇਫਟੀ ਵਿਭਾਗ ਨੂੰ ਹਦਾਇਤਾਂ ਜਾਰੀ
ਸੂਬੇ ਭਰ ’ਚ ਜ਼ਿਲਾ ਪੱਧਰੀ ਟੀਮਾਂ ਵਲੋਂ ਕੀਤੀ ਜਾਵੇਗੀ ਚੈਕਿੰਗ
ਪੰਜਾਬ ਸਰਕਾਰ ਪੌਸ਼ਟਿਕ ਅਤੇ ਸਾਫ਼-ਸੁਥਰੇ ਭੋਜਨ ਪਦਾਰਥਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ
ਆਓ ਸ਼ੁੁੱਧ ਅਤੇ ਮਿਲਾਵਟ ਰਹਿਤ ਦੁੱਧ ਤੇ ਦੁੱਧ ਉਤਪਾਦਾਂ ਦੀ ਮੰਗ ਕਰੀਏ
ਚੰਡੀਗੜ, 22 ਸਤੰਬਰ:
ਤਿਉਹਾਰਾਂ ਦੇ  ਆ ਰਹੇ ਮੌਸਮ ’ਚ ਲੋਕਾਂ ਨੂੰ ਸ਼ੁੱਧ ਤੇ ਮਿਲਾਵਟ ਰਹਿਤ ਦੁੱਧ ਤੇ ਦੁੱਧ ਉਤਪਾਦ, ਮਠਿਆਈਆਂ ਅਤੇ ਬੇਕਰੀ ਦਾ ਸਾਮਾਨ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵਲੋਂ ਕੱਚੇ ਮਾਲ ਦੇ ਉਤਪਾਦਕਾਂ ਅਤੇ ਖੁਰਾਕ ਸਨਅੱਤ ਨਾਲ ਜੁੜੀਆਂ ਹੋਰ ਇਕਾਈਆਂ ਦੀ ਸੁਚੱਜੀ ਜਾਂਚ ਲਈ ਜ਼ਿਲਾ ਪੱਧਰ ’ਤੇ ਟੀਮਾਂ ਸਥਾਪਤ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ।
ਅੱਜ ਪਰਿਵਾਰ ਭਲਾਈ ਭਵਨ, ਸੈਕਟਰ 34 ਵਿੱਚ ਸਿਹਤ ਵਿਭਾਗ ਵੱਲੋਂ ਆਯੋਜਿਤ ਜ਼ਿਲਾ ਸਿਹਤ ਅਫ਼ਸਰਾਂ, ਸਹਾਇਕ ਫੂਡ ਕਮਿਸ਼ਨਰਾਂ, ਸੀਨੀਅਰ ਅਧਿਕਾਰੀਆਂ ਅਤੇ ਲੈਬ ਐਨਾਲਿਸਟਾਂ ਦੀ ਰੀਵੀਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਲੋਕਾਂ ਨੂੰ ਸਾਫ-ਸੁਥਰੇ, ਮਿਲਾਵਟ ਰਹਿਤ ਤੇ ਪੌਸ਼ਟਿਕ ਭੋਜਨ ਪਦਾਰਥ ਮੁਹੱਈਆ ਕਰਾਉਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਜੇਕਰ ਕੋਈ ਪਰਚੂਨ ਵਿਕਰੇਤਾ (ਰਿਟੇਲਰ) ਜਾਂ ਉਤਪਾਦਕ ਅਨੈਤਿਕ ਢੰਗ ਨਾਲ ਕਾਰਜ ਕਰਦਾ ਪਾਇਆ ਗਿਆ ਤਾਂ ਉਲੰਘਣਾ ਕਰਨ ਵਾਲੇ ਵਿਰੁੱਧ “ਫੂਡ ਸੇਫਟੀ ਸਟੈਂਡਰਡਜ਼ ਅਤੇ ਰੈਗੂਲੇਸ਼ਨ ਐਕਟ” ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨਾਂ ਸਪੱਸ਼ਟ ਕੀਤਾ ਕਿ ਮਿਲਾਵਟਖ਼ੋਰੀ ਦੇ ਧੰਦੇ ਵਿਚ ਸ਼ਾਮਲ ਕਿਸੇ ਵੀ ਵਿਅੱਕਤੀ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਸੂਬੇ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਦਿੱਤੀ ਜਾਵੇਗੀ।
ਸਿਹਤ ਮੰਤਰੀ ਨੇ ਕਿਹਾ ਕਿ ਚੈਕਿੰਗ ਦਾ ਮਤਲਬ ਕਿਸੇ ਨੂੰ ਵੀ ਤੰਗ-ਪਰੇਸ਼ਾਨ ਕਰਨਾ ਨਹੀਂ ਸਗੋਂ ਲੋਕਾਂ ਨੂੰ ਸ਼ੁੱਧ ਤੇ ਮਿਆਰੀ ਦਰਜੇ ਦੇ ਭੋਜਨ ਪਦਾਰਥ ਉਪਲਬਧ ਕਰਾਉਣ ਨੂੰ ਯਕੀਨੀ ਬਣਾਉਣਾ ਹੈ। ਮਿਲਾਵਟਖ਼ੋਰੀ ਵਰਗੇ ਅਨੈਤਿਕ ਧੰਦੇ ਵਿੱਚ ਸ਼ਾਮਲ ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਸ.ਸਿੱਧੂ ਨੇ ਕਿਹਾ ਕਿ ਦੋਸ਼ੀ ਵਿਕਰੇਤਾ ਅਤੇ ਉਦਪਾਦਕਾਂ ਨੂੰ  ਵੀ ਨਤੀਜਿਆਂ ਦਾ ਸਾਹਮਣਾ ਕਰਨਾ  ਪਵੇਗਾ ਤਾਂ ਜੋ ਪੂਰਨ ਰੂਪ ਵਿੱਚ ਅਜਿਹੀਆਂ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ ਅਤੇ ਸੰਜਮ ਤੇ ਨੈਤਿਕਤਾ ਨਾਲ ਵਪਾਰ ਦਾ ਵਿਸਥਾਰ ਕੀਤਾ ਜਾ ਸਕੇ।
ਮੰਤਰੀ ਨੇ ਕਿਹਾ “ਜਦੋਂ ਅਸੀਂ ਸ਼ੁੱਧ ਤੇ ਮਿਲਾਵਟ ਰਹਿਤ ਦੁੱਧ, ਦੁੱਧ ਉਤਪਾਦਾਂ  ਅਤੇ ਹੋਰ ਭੋਜਨ ਪਦਾਰਥਾਂ ਦੀ ਮੰਗ ਕਰਨ ਲੱਗਾਂਗੇ ਤਾਂ ਕਿਸਾਨਾਂ ਤੇ ਉਤਪਾਦਕਾਂ ਨੂੰ ਉਨਾਂ ਦੇ ਉਤਪਾਦਾਂ ਦੀ ਸਹੀ ਕੀਮਤ ਮਿਲ ਸਕੇਗੀ ਅਤੇ ਇਸ ਨਾਲ ਪਦਾਰਥਾਂ ਦੀ ਗੁਣਵੱਤਾ ਵਿੱਚ ਆਪਣੇ-ਆਪ ਵਾਧਾ ਹੋਵੇਗਾ।” ਉਨਾਂ ਲੋਕਾਂ ਨੂੰ ਭੋਜਨ ਪਦਾਰਥਾਂ ਦੀ ਗੁਣਵੱਤਾ ਪ੍ਰਤੀ ਕਿਸੇ ਕਿਸਮ ਦਾ ਸਮਝੌਤਾ ਨਾ ਕਰਨ ਸਬੰਧੀ ਅਪੀਲ ਵੀ ਕੀਤੀ। ਉਨਾਂ ਸਿਹਤ ਵਿਭਾਗ ਦੇ ਅਫ਼ਸਰਾਂ ਨੂੰ ਪੂਰੇ ਸਮਰਪਣ, ਸੁਹਿਰਦਤਾ ਤੇ ਜੋਸ਼ ਨਾਲ ਬਿਨਾਂ ਕਿਸੇ ਦਬਾਅ ਤੋਂ ਕੰਮ ਕਰਨ ਦੀ ਸਲਾਹ ਵੀ ਦਿੱਤੀ। ਪੰਜਾਬ ਦੇ ਲੋਕਾਂ ਨੂੰ ਸ਼ੁੱਧ ਤੇ ਪੌਸ਼ਟਿਕ ਭੋਜਨ ਪਦਾਰਥ ਪ੍ਰਦਾਨ ਕਰਨ ਨੂੰ ਯਕੀਨੀ ਬਣਾ ਕੇ ਪੰਜਾਬ ਨੂੰ ਦੇਸ਼ ਭਰ ਵਿੱਚ ਸਿਹਤਮੰਦ ਸੂਬਾ ਬਣਾਉਣ ਦੇ ਮੱਦੇਨਜ਼ਰ ਮੰਤਰੀ ਨੇ ਭੋਜਨ ਵਪਾਰ ਨਾਲ ਜੁੜੇ ਉਤਪਾਦਕਾਂ ਤੇ ਅਪਰੇਟਰਾਂ ਨੂੰ ਸੁਹਿਰਦ ਸਮਰਥਨ ਤੇ ਸਹਿਯੋਗ ਦੇਣ ਲਈ ਅਪੀਲ ਵੀ ਕੀਤੀ।
ਸੂਬੇ ਭਰ ’ਚ ਫੂਡ ਸੇਫਟੀ ਦੀਆਂ ਟੀਮਾਂ ਦੀਆਂ ਗਤੀਵਿਧੀਆਂ  ਸਬੰਧੀ ਹੋਰ ਜਾਣਕਾਰੀ ਦਿੰਦਿਆਂ ਖੁਰਾਕ ਤੇ ਡਰੱਗ ਪ੍ਰਬੰਧਨ ਕਮਿਸ਼ਨਰ ਸ੍ਰੀ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਅਗਸਤ ਮਹੀਨੇ ਵਿਚ ਸੂਬੇ ਦੇ ਵੱਖ ਵੱਖ ਭਾਗਾਂ ਵਿੱਚੋਂ ਕੁੱਲ 853 ਸੈਂਪਲ ਲਏ ਗਏ। ਜਿਨਾਂ ਵਿਚੋਂ 690 ਸੈਂਪਲ ਸਹੀ ਅਤੇ 159 ਸੈਂਪਲ ਘਟੀਆ ਦਰਜੇ ਦੇ ਪਾਏ ਗਏ। ਵਧੀਕ ਡਿਪਟੀ ਕਮਿਸ਼ਨਰ (ਏਡੀਸੀ)ਦੇ ਸਾਹਮਣੇ ਕੁੱਲ 340 ਕੇਸ ਦਾਇਰ ਕੀਤੇ ਗਏ ਜਦਕਿ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ(ਸੀਜੇਐਮ) ਕੋਲ ਦਰਜ ਹੋਏ ਕੇਸਾਂ ਦੀ ਗਿਣਤੀ 8 ਹੈ। ਉਨਾਂ ਅੱਗੇ ਦੱਸਿਆ ਕਿ ਉਲੰਘਣਾ ਕਰ ਵਾਲਿਆਂ ਉੱਤੇ ਲਗਾਏ ਜੁਰਮਾਨੇ ਦੀ ਕੁੱਲ ਰਾਸ਼ੀ 24.50 ਲੱਖ ਹੈ। ਸ੍ਰੀ  ਪੰਨੂ ਨੇ ਦੱਸਿਆ ਕਿ ਫੂਡ ਸੇਫਟੀ ਦੀਆਂ ਟੀਮਾਂ ਵਲੋਂ ਜਾਗਰੂਕਤਾ ਅਭਿਆਨ ਚਲਾਏ ਜਾ ਰਹੇ ਹਨ ਅਤੇ ਉਤਪਾਦਕਾਂ ਤੇ ਵਿਕਰੇਤਾਵਾਂ  ਨੂੰ “ਫੂਡ ਸੇਫਟੀ ਸਟੈਂਡਰਡਜ਼ ਅਤੇ ਰੈਗੂਲੇਸ਼ਨ ਐਕਟ” ਸਬੰਧੀ ਸਿਖਲਾਈ ਦੇਣ ਦੇ ਮੱਦੇਨਜ਼ਰ ਇਸੇ ਮਹੀਨੇ ਵਿਚ ਹੁਣ ਤੱਕ ਕੁੱਲ 75 ਜਾਗਰੂਕਤਾ ਕੈਂਪ ਲਗਾਏ ਜਾ ਚੁੱਕੇ ਹਨ। ਉਨਾਂ ਅੱਗੇ ਦੱਸਿਆ ਇਨਾਂ ਸਿਖਲਾਈ ਪ੍ਰੋਗਰਾਮਾਂ ਦਾ ਮੁੱਖ ਮੰਤਵ ਘਟੀਆ ਦਰਜੇ ਦੇ ਭੋਜਨ ਪਦਾਰਥਾਂ ਤੋਂ ਹੋਣ ਵਾਲੇ ਮਾਰੂ ਪ੍ਰਭਾਵਾਂ ਤੋ ਜਾਣੂ ਕਰਾਉਣਾ ਅਤੇ ਫੂਡ ਸੇਫਟੀ ਪ੍ਰਬੰਧਨ ਪ੍ਰਣਾਲੀ , ਉਲੰਘਣਾ ਕਰਨ ਵਾਲਿਆਂ ਨੂੰ ਉਕਤ ਐਕਟ ਦੀਆਂ ਧਾਰਾਵਾਂ ਸਬੰਧੀ ਜਾਣਕਾਰੀ ਦੇਣਾ ਹੈ।
ਇਸ ਮੀਟਿੰਗ ਵਿੱਚ ਹੋਰ ਪਤਵੰਤਿਆਂ ਤੋਂ ਇਲਾਵਾ ਸ੍ਰੀ ਅਨੁਰਾਗ ਅਗਰਵਾਲ, ਪ੍ਰਮੁੱਖ ਸਕੱਤਰ(ਸਿਹਤ) ਅਤੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਵੀ ਸ਼ਾਮਲ ਸਨ।