*ਜੀਕੇ ਨੇ ਤਰਣਪ੍ਰੀਤ ਨੂੰ ਨਵੀਂ ਪਾਰਟੀ ਦੀ ਵਿਦਿਆਰਥੀ ਇਕਾਈ ਦਾ ਸੂਬਾ ਪ੍ਰਧਾਨ ਕੀਤਾ ਨਿਯੁਕਤ*
ਨਵੀਂ ਦਿੱਲੀ(12 ਸਤੰਬਰ 2019) ਸ਼੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਅਹੁਦੇ ਦੀ ਚੋਣ 230 ਵੋਟਾਂ ਦੇ ਭਾਰੀ ਅੰਤਰ ਨਾਲ ਜਿੱਤਣ ਵਾਲੀ ਤਰਣਪ੍ਰੀਤ ਕੌਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਸ਼ਾਖਾ ਏਸਓਆਈ ਦੇ ਖ਼ਿਲਾਫ਼ ਆਪਣਾ ਆਜ਼ਾਦ ਪੈਨਲ “ਫ਼ਤਿਹ” ਲੈ ਕੇ 5 ਸੀਟਾਂ ਉੱਤੇ ਉੱਤਰੀ ਤਰਣਪ੍ਰੀਤ 4 ਸੀਟਾਂ ਜਿੱਤਣ ਵਿੱਚ ਕਾਮਯਾਬ ਹੋਈ। ਇਸ ਤੋਂ ਪਹਿਲਾਂ ਤਰਣਪ੍ਰੀਤ ਕੁੱਝ ਦਿਨ ਪਹਿਲਾਂ ਤਦ ਚਰਚਾ ਵਿੱਚ ਆਈ ਸੀ ਜਦੋਂ ਉਸ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਪਾਕੇ ਦਾਅਵਾ ਕੀਤਾ ਸੀ ਕਿ ਨਾਮਜ਼ਦਗੀ ਵਾਪਸ ਲੈਣ ਲਈ ਉਸ ਉੱਤੇ ਅਕਾਲੀ ਆਗੂਆਂ ਦੇ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਉਸ ਦੇ ਪਰਿਵਾਰ ਨੂੰ ਧਮਕੀ ਦਿੱਤੀ ਜਾ ਰਹੀ ਹੈ।
ਜੀਕੇ ਦੇ ਵੱਲੋਂ ਅੱਜ ਘੋਸ਼ਿਤ ਕੀਤੀ ਗਈ ਨਵੀਂ ਪੰਥਕ ਪਾਰਟੀ ਦੇ ਮੌਕੇ ਉੱਤੇ ਆਈ ਤਰਣਪ੍ਰੀਤ ਨੂੰ ਜੀਕੇ ਨੇ ਆਪਣੀ ਪਾਰਟੀ ਦੀ ਸੰਭਾਵਿਤ ਵਿਦਿਆਰਥੀ ਵਿੰਗ ਦੀ ਸੂਬਾ ਪ੍ਰਧਾਨ ਨਿਯੁਕਤ ਕਰਨ ਦਾ ਵੀ ਐਲਾਨ ਕੀਤਾ। ਤਰਣਪ੍ਰੀਤ ਨੇ ਦੱਸਿਆ ਕਿ ਏਸਓਆਈ ਦੀ ਬਦਮਾਸ਼ੀ ਦੇ ਬਾਵਜੂਦ ਉਸ ਦਾ ਪੈਨਲ ਜੀਕੇ ਦੇ ਮਾਰਗ ਦਰਸ਼ਨ ਦੇ ਕਾਰਨ ਜਿੱਤ ਪਾਇਆ ਹੈ। ਇਹ ਵਿਦਿਆਰਥੀਆਂ ਦੀ ਅਤੇ ਲੋਕਤੰਤਰ ਦੀ ਜਿੱਤ ਹੈ। ਜੀਕੇ ਨੇ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਧਮਕਾਉਣ ਦਾ ਕਥਿਤ ਦੋਸ਼ੀ ਦੱਸਦੇ ਹੋਏ ਕਿਹਾ ਕਿ ਅੰਮ੍ਰਿਤਧਾਰੀ ਧੀ ਨੂੰ ਧਮਕਾਉਣ ਵਾਲਿਆਂ ਨੂੰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਉਨ੍ਹਾਂ ਦੀ ਹੈਸੀਅਤ ਦੱਸ ਦਿੱਤੀ ਹੈ। ਜੀਕੇ ਨੇ ਤਰਣਪ੍ਰੀਤ ਦੀ ਸਾਥੀ ਹਰਸ਼ੀਨ ਕੌਰ ਅਤੇ ਹੋਰਨਾਂ ਨੂੰ ਵਿਦਿਆਰਥੀ ਵਿੰਗ ਸੰਭਾਲਣ ਦਾ ਸੱਦਾ ਵੀ ਦਿੱਤਾ।