ਸਿਹਤ ਮੰਤਰੀ ਦੀ ਮੌਜੂਦਗੀ ਵਿੱਚ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਨਾਮਜ਼ਦ ਮੈਂਬਰਾਂ ਨੇ ਸੰਭਾਲਿਆ ਅਹੁਦਾ

Advertisement


ਸੂਬੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰੇਗੀ ਬੋਰਡ ਦੀ ਨਵੀਂ ਟੀਮ : ਸਿੱਧੂ
ਐਸ.ਏ.ਐਸ. ਨਗਰ, 11 ਸਤੰਬਰ- ਮੌਜੂਦਾ ਸਰਕਾਰ ਵੱਲੋਂ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (ਪੀ.ਐਸ.ਐਸ.ਐਸ. ਬੋਰਡ) ਪੰਜਾਬ ਦੇ ਨਾਮਜ਼ਦ ਕੀਤੇ ਮੈਂਬਰਾਂ ਨੇ ਅੱਜ ਪੀ. ਐਸ. ਐਸ. ਐਸ. ਬੋਰਡ ਦੇ ਵਣ ਭਵਨ ਸੈਕਟਰ-68, ਐਸ. ਐਸ. ਨਗਰ ਸਥਿਤ ਦਫ਼ਤਰ ਵਿਖੇ ਅਹੁਦਿਆ ਸੰਭਾਲਿਆ।
ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਨਵੇਂ ਮੈਂਬਰਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਉਹ ਇਕ ਟੀਮ ਵਿਚ ਕੰਮ ਕਰਦੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣਗੇ। ਕੈਬਨਿਟ ਮੰਤਰੀ ਸ. ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਕ ਅਜਿਹੀ ਟੀਮ ਬਣਾਈ ਹੈ, ਜਿਸ ਵਿੱਚ ਹਰ ਖੇਤਰ ਵਿੱਚ ਨਿਪੁੰਨ ਅਤੇ ਮਿਹਨਤੀ ਸ਼ਖਸੀਅਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਟੀਮ ਸੂਬੇ ਦੇ ਨੌਜਵਾਨਾਂ ਲਈ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਕਰਕੇ ਸੂਬੇ ਵਿੱਚੋਂ ਬੇਰੋਜ਼ਗਾਰੀ ਖ਼ਤਮ ਕਰਨ ਲਈ ਵੱਡਮੁੱਲਾ ਯੋਗਦਾਨ ਪਾਏਗੀ।
ਇਸ ਮੌਕੇ ਪੀ. ਐੱਸ. ਐੱਸ. ਐੱਸ. ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਵੱਲੋਂ ਪੂਰੇ ਪਾਰਦਰਸ਼ੀ ਤਰੀਕੇ ਨਾਲ ਨਿਯੁਕਤੀਆਂ ਨੂੰ ਸਿਰੇ ਚੜ੍ਹਾਇਆ ਹੈ ਅਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਨਵੇਂ ਚੁਣੇ ਗਏ ਮੈਂਬਰ ਪਹਿਲਾਂ ਤੋਂ ਵੀ ਵਧੀਆ ਕਾਰਗੁਜ਼ਾਰੀ ਕਰਕੇ ਵਿਦੇਸ਼ਾਂ ਵੱਲ ਟੇਕ ਲਗਾਈ ਬੈਠੀ ਨੌਜਵਾਨ ਪੀੜ੍ਹੀ ਨੂੰ ਇਥੇ ਹੀ ਰੋਜ਼ਗਾਰ ਦੇ ਕੇ ਬਾਹਰ ਜਾਣ ਤੋਂ ਰੋਕਣਗੇ। ਇਸ ਮੌਕੇ ਪੀ. ਐੱਸ. ਐੱਸ. ਐੱਸ. ਬੋਰਡ ਦੇ ਨਵ ਨਿਯੁਕਤ ਮੈਂਬਰਾਂ ਵਿਚ ਅਮਰਜੀਤ ਸਿੰਘ ਵਾਲੀਆ, ਅਲਤਾ ਆਹਲੂਵਾਲੀਆ, ਜਸਪਾਲ ਸਿੰਘ ਢਿੱਲੋਂ, ਸ਼ਮਸ਼ਾਦ ਅਲੀ, ਰਜ਼ਨੀਸ਼ ਸਹੋਤਾ ਜਲੰਧਰ ਅਤੇ ਕੁਲਦੀਪ ਸਿੰਘ ਕਾਹਲੋਂ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਮੁਨੇਸ਼ਵਰ ਸਿੰਘ ਖਹਿਰਾ, ਡਿਪਟੀ ਐਡਵੋਕੇਟ ਜਨਰਲ ਰਮਦੀਪ ਪ੍ਰਤਾਪ ਸਿੰਘ ਗੁਰਦਾਸਪੁਰੀ, ਮਹਿੰਦਰ ਸਿੰਘ ਵਾਲੀਆ, ਗੁਰਿੰਦਰ ਸਿੰਘ ਵਾਲੀਆ, ਕੁਲਜੀਤ ਸਿੰਘ ਬੇਦੀ ਕੌਂਸਲਰ, ਰਾਜਾ ਕੰਵਰਜੋਤ ਸਿੰਘ, ਚੰਦਰ ਮੁਖੀ ਸ਼ਰਮਾ, ਸੁਖਦੇਵ ਸਿੰਘ ਵਾਲੀਆ ਪ੍ਰਧਾਨ ਆਹਲੂਵਾਲੀਆ ਬਿਰਾਦਰੀ, ਜੌਲੀ ਕੌਂਸਲਰ ਰੋਪੜ, ਅਮਰੀਕ ਸਿੰਘ ਮਲਕਪੁਰ, ਹਰਿੰਦਰ ਸਿੰਘ ਗਿੱਲ, ਗੁਰਚਰਨ ਸਿੰਘ ਬਢਲ, ਸਤਨਾਮ ਸਿੰਘ ਪਿੰਕੀ, ਤੇਜਿੰਦਰ ਸਿੰਘ ਕਾਹਲੋਂ, ਇੰਦਰਜੀਤ ਸਿੰਘ ਕੰਗ, ਗੁਨੀਤ ਪ੍ਰਤਾਪ ਸਿੰਘ, ਜਸਪ੍ਰੀਤ ਕੌਰ, ਇੰਦਰਜੀਤ ਸਿੰਘ ਭੱਲਾ ਸਮੇਤ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।