ਮੇਅਰ ਤੋਂ ਪਰੂਨਿੰਗ ਮਸ਼ੀਨਾਂ ਲਈ ਦਿੱਤੇ ਇਕ ਕਰੋੜ ਰੁਪਏ ਦਾ ਲਵਾਂਗੇ ਹਿਸਾਬ : ਸਿੱਧੂ

Advertisement

ਨਗਰ ਨਿਗਮ ਕਮਿਸ਼ਨਰ ਨੂੰ ਵਿਕਾਸ ਕਾਰਜਾਂ ਲਈ 54.11 ਲੱਖ ਦੀ ਗਰਾਂਟ ਦਾ ਚੈੱਕ ਸੌਪਿਆ
ਐਸ.ਏ.ਐਸ. ਨਗਰ, 11 ਸਤੰਬਰ- ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਨਗਰ ਨਿਗਮ ਮੇਅਰ ਕੁਲਵੰਤ ਸਿੰਘ ਵੱਲੋਂ ਦਰੱਖਤਾਂ ਦੀ ਛੰਗਾਈ ਲਈ ਪਰੂਨਿੰਗ ਮਸ਼ੀਨ ਖਰੀਦਣ ਵਾਸਤੇ ਦਿੱਤੇ ਇਕ ਕਰੋੜ ਰੁਪਏ ਦਾ ਹਿਸਾਬ ਲਿਆ ਜਾਵੇਗਾ।
ਇੱਥੇ ਨਗਰ ਨਿਗਮ ਦਫ਼ਤਰ ਵਿੱਚ ਮੋਹਾਲੀ ਸ਼ਹਿਰ ਦੇ ਵਿਕਾਸ ਲਈ ਸਰਕਾਰ ਵੱਲੋਂ ਮਨਜ਼ੂਰ ਕੀਤੇ ਫੰਡਾਂ ਵਿੱਚੋਂ ਪਹਿਲੀ ਕਿਸ਼ਤ ਵਜੋਂ ਆਏ 54.11 ਲੱਖ ਰੁਪਏ ਦਾ ਚੈੱਕ ਨਗਰ ਨਿਗਮ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੂੰ ਸੌਂਪਦਿਆਂ ਸ. ਸਿੱਧੂ ਨੇ ਕਿਹਾ ਕਿ ਪਰੂਨਿੰਗ ਮਸ਼ੀਨ ਖਰੀਦਣ ਲਈ 1.80 ਕਰੋੜ ਰੁਪਏ ਮਨਜ਼ੂਰ ਕੀਤੇ ਗਏ, ਜਿਸ ਵਿੱਚੋਂ ਇਕ ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਗਿਆ ਪਰ ਹੁਣ ਇਹ ਪੈਸਾ ਕਿੱਥੇ ਹੈ, ਇਸ ਦਾ ਕੋਈ ਹਿਸਾਬ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕਰਵਾ ਕੇ ਇਹ ਪੈਸਾ ਸਮੇਤ ਵਿਆਜ ਵਸੂਲਿਆ ਜਾਵੇਗਾ।
ਮੋਹਾਲੀ ਸ਼ਹਿਰ ਦੇ ਵਿਕਾਸ ਲਈ ਕੈਪਟਨ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸ਼ਹਿਰ ਲਈ 10 ਕਰੋੜ ਰੁਪਏ ਮਨਜ਼ੂਰ ਕੀਤੇ ਹਨ, ਜਿਨ੍ਹਾਂ ਵਿੱਚੋਂ 2.18 ਕਰੋੜ ਰੁਪਏ ਆ ਗਏ ਹਨ। ਇਸ ਵਿੱਚੋਂ ਪਹਿਲੀ ਕਿਸ਼ਤ ਵਜੋਂ ਅੱਜ 54.11 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਗਰਾਂਟਾਂ ਲਿਆਉਣ ਬਾਰੇ ਭੰਬਲਭੂਸਾ ਪਾਇਆ ਜਾ ਰਿਹਾ ਹੈ, ਜਦੋਂ ਕਿ ਇਹ ਸਾਰੇ ਫੰਡ ਉਨ੍ਹਾਂ (ਸ. ਸਿੱਧੂ) ਦੇ ਯਤਨਾਂ ਨਾਲ ਪੰਜਾਬ ਦੇ ਖ਼ਜ਼ਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਮਨਜ਼ੂਰ ਕੀਤੇ ਹਨ। ਉਨ੍ਹਾਂ ਨਗਰ ਨਿਗਮ ਕਮਿਸ਼ਨਰ ਨੂੰ ਕਿਹਾ ਕਿ ਸਾਰੇ ਵਾਰਡਾਂ ਵਿੱਚ ਵਿਕਾਸ ਕਾਰਜ ਜਲਦੀ ਸ਼ੁਰੂ ਕੀਤੇ ਜਾਣ ਅਤੇ ਸਾਰੇ ਕੰਮ ਸਬੰਧਤ ਕੌਂਸਲਰਾਂ ਦੀ ਨਿਗਰਾਨੀ ਹੇਠ ਹੋਣ, ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ., ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਪ੍ਰਧਾਨ ਬਲਾਕ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਜਸਪ੍ਰੀਤ ਗਿੱਲ, ਰਾਜਾ ਕੰਵਰਜੋਤ ਸਿੰਘ ਮੋਹਾਲੀ, ਕੌਂਸਲਰ ਰਾਜਿੰਦਰ ਸਿੰਘ ਰਾਣਾ, ਕੌਂਸਲਰ ਭਾਰਤ ਭੂਸ਼ਨ ਮੈਣੀ, ਕੌਂਸਲਰ ਕੁਲਜੀਤ ਸਿੰਘ ਬੇਦੀ, ਕੌਂਸਲਰ ਅਮਰੀਕ ਸਿੰਘ ਸੋਮਲ, ਕੌਂਸਲਰ ਨਰਾਇਣ ਸਿੰਘ ਸਿੱਧੂ, ਕੌਂਸਲਰ ਜਸਵੀਰ ਸਿੰਘ ਮਣਕੂ, ਕੌਂਸਲਰ ਨਛੱਤਰ ਸਿੰਘ, ਗੁਰਸਾਹਿਬ ਸਿੰਘ, ਜ਼ੈਲਦਾਰ ਬਲਵਿੰਦਰ ਸਿੰਘ ਕੁੰਭੜਾ, ਸੁੱਚਾ ਸਿੰਘ ਕਲੌੜ, ਹਰਦਿਆਲ ਚੰਦ ਬਡਬਰ, ਰਾਜੇਸ਼ ਲਖੋਤਰਾ, ਜਸਵਿੰਦਰ ਸ਼ਰਮਾ, ਇੰਦਰਜੀਤ ਸਿੰਘ ਸ਼ੈਲਾ ਅਤੇ ਜੀ.ਐਸ. ਰਿਆੜ ਹਾਜ਼ਰ ਸਨ।