man
13 ਸਤੰਬਰ ਨੂੰ ਮਾਨਸਾ ਸ਼ਹਿਰ ਬੰਦ ਰੱਖਕੇ ਸ਼ੁਰੂ ਕੀਤੀ ਜਾਵੇਗੀ ਭੁੱਖ ਹੜਤਾਲ
ਮਾਨਸਾ, 10 ਸਤੰਬਰ- ਨਿੱਤ ਦਿਨ ਵੱਡੇ ਜਾਨੀ ਤੇ ਮਾਲੀ ਨੁਕਸਾਨ ਦਾ ਕਾਰਨ ਬਣ ਰਹੇ ਆਵਾਰਾ ਗਊਆਂ ਤੇ ਢੱਠਿਆਂ ਦੀ ਗੰਭੀਰ ਸਮਸਿਆ ਬਾਰੇ ਵਪਾਰ ਮੰਡਲ ਦੇ ਸੱਦੇ ਤੇ ਮਾਨਸਾ ਦੇ ਪ੍ਰਮੁੱਖ ਸ਼ਹਿਰੀਆਂ ਦੀ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ 13 ਸਤੰਬਰ ਨੂੰ ਮਾਨਸਾ ਸ਼ਹਿਰ ਬੰਦ ਰੱਖਕੇ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਇਕੱਠ ਵਲੋਂ ਸਰਬਸੰਮਤੀ ਨਾਲ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਅਗਰ ਇਹ ਮਸਲਾ 12 ਸਤੰਬਰ ਤੱਕ ਹੱਲ ਨਾ ਕੀਤਾ ਗਿਆ ਤਾਂ ਮੌਜੂਦਾ ਪੰਜਾਬ ਸਰਕਾਰ ਦਾ ਅਗਰ ਕੋਈ ਵੀ ਮੰਤਰੀ ਜਾਂ ਹੋਰ ਨੁਮਾਇੰਦਾ ਮਾਨਸਾ ਸ਼ਹਿਰ ਵਿੱਚ ਆਵੇਗਾ ਤਾਂ ਉਸਦਾ ਬਾਈਕਾਟ ਕੀਤਾ ਜਾਵੇਗਾ। ਮੀਟਿੰਗ ਵਿੱਚ ਸਮਾਜਿਕ,ਸਿਆਸੀ, ਵਪਾਰਕ ਤੇ ਧਾਰਮਿਕ ਹਰ ਖੇਤਰ ਦੇ ਮੋਹਰੀ ਆਗੂ ਹਾਜ਼ਰ ਸਨ।
ਇਸ ਮੀਟਿੰਗ ਵਿੱਚ ਸਮੂਹ ਸ਼ਹਿਰ ਵਾਸੀਆਂ ਵੱਲੋਂ ਪੰਜਾਬ ਸਰਕਾਰ, ਜਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਨੂੰ ਮਾਨਸਾ ਸ਼ਹਿਰ ਵਿਚੋਂ 48 ਘੰਟਿਆਂ ਅੰਦਰ ਅੰਦਰ ਅਵਾਰਾ ਪਸ਼ੂ ਚੁੱਕਣ ਦਾ ਅਲਟੀਮੇਟਮ ਦਿੱਤਾ ਗਿਆ।
ਵਪਾਰ ਮੰਡਲ ਮਾਨਸਾ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਧਾਰਮਿਕ ਖਿਆਲਾਂ ਦੇ ਲੋਕ ਦੇਸੀ ਗਊ ਨੂੰ ਮਾਤਾ ਮੰਨਦੇ ਹਾਂ,ਪਰ ਦੋਗਲੀ ਨਸਲ ਦੇ ਅਮਰੀਕਨ ਗਊਆਂ ਢੱਠਿਆਂ ਨਾਲ ਉਨ੍ਹਾਂ ਦਾ ਕੋਈ ਰਿਸ਼ਤਾ ਨਹੀਂ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡਾ. ਜਨਕ ਰਾਜ ਨੇ ਕਿਹਾ ਕਿ ਸਰਕਾਰ ਅਮਰੀਕਨ ਗਊਆਂ ਢੱਠਿਆਂ ਨੂੰ ਸੂਬੇ ਤੋਂ ਬਾਹਰ ਟਰਾਂਸਪੋਰਟ ਕਰਨ ਦੀ ਖੁੱਲ ਦੇਵੇ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਬੇਲੋੜੇ ਗੋਕੇ ਪਸ਼ੂ ਵਿਕਣ ਉਤੇ ਲੱਗੀ ਰੋਕ ਕਾਰਨ ਹਰ ਸਾਲ ਲੱਖਾਂ ਨਵੇਂ ਫਾਲਤੂ ਤੇ ਫੰਡਰ ਪਸ਼ੂ ਹੋਰ ਸੜਕਾਂ ਉਤੇ ਆ ਜਾਂਦੇ ਹਨ ਅਤੇ ਇੰਨਾਂ ਦਾ ਸਹੀ ਹੱਲ ਸਰਕਾਰ ਵਲੋਂ ਇੰਨਾਂ ਦੀ ਖਰੀਦ-ਵੇਚ ਤੇ ਟਰਾਂਸਪੋਰਟ ਉਤੇ ਲਾਈਆਂ ਰੋਕਾਂ ਖਤਮ ਕਰਨ ਅਤੇ ਹੋਰ ਮੀਟ ਪਲਾਂਟ ਲਾਏ ਜਾਣ।ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਇਹ ਆਵਾਰਾ ਪਸ਼ੂ ਆਮਦਨ ਦਾ ਵੱਡਾ ਸਾਧਨ ਬਣ ਜਾਣਗੇ ਅਤੇ ਕਿਧਰੇ ਇਕ ਵੀ ਆਵਾਰਾ ਪਸ਼ੂ ਘੁੰਮਦਾ ਨਜ਼ਰ ਨਹੀਂ ਆਵੇਗਾ।
ਨਗਰ ਕੌਂਸਲ ਮਾਨਸਾ ਦੇ ਮੌਜੂਦਾ ਪ੍ਰਧਾਨ ਮਨਦੀਪ ਸਿੰਘ ਗੋਰਾ ਅਤੇ ਸੀਪੀਆਈ (ਐਮਐਲ) ਲਿਬਰੇਸ਼ਨ ਆਗੂ ਸੁਖਦਰਸ਼ਨ ਸਿੰਘ ਨੱਤ ਨੇ ਇਸ ਸੁਝਾਅ ਦੀ ਡੱਟਕੇ ਪਰੋੜ੍ਹਤਾ ਕਰਦਿਆਂ ਕਿਹਾ ਕਿ ਇਹ ਸਮੱਸਿਆ ਪੰਜਾਬ ਤੇ ਕੇਂਦਰ ਸਰਕਾਰ ਵਲੋਂ ਬਣਾਏ ਫਜ਼ੂਲ ਦੇ ਗਊ ਰੱਖਿਆ ਐਕਟ ਦੇ ਅਮਲ ਵਿੱਚ ਆਉਣ ਤੋਂ ਬਾਦ ਹੀ ਐਨੀ ਗੰਭੀਰ ਹੋਈ ਹੈ।
ਇਸ ਮੌਕੇ ਐਡਵੋਕੇਟ ਗੁਰਲਾਭ ਸਿੰਘ ਮਾਹਲ,ਭਾਜਪਾ ਲੀਡਰ ਸੂਰਜ ਛਾਬੜਾ,ਐਡਵੋਕੇਟ ਰਜਿੰਦਰ ਕੌਰ, ਰਮੇਸ਼ ਟੋਨੀ,ਕਿ੍ਰਸ਼ਨ ਚੌਹਾਨ,ਜਸਬੀਰ ਕੌਰ ਨੱਤ,ਸੁਰੇਸ਼ ਕੁਮਾਰ ਨੰਦਗੜ੍ਹੀਆ,ਹਰਿੰਦਰ ਮਾਨਸ਼ਾਹੀਆ, ਗੁਰਪ੍ਰੀਤ ਸਿੱਧੂ, ਜਤਿੰਦਰ ਆਗਰਾ ਆਦਿ ਨੇ ਕਾਨੂੰਨੀ ਕਾਰਵਾਈ ਕਰਨ, ਨਵੀਆਂ ਗਊਸ਼ਾਲਾਵਾਂ ਖੋਲ੍ਹੇ ਜਾਣ,ਆਵਾਰਾ ਪਸ਼ੂਆਂ ਨੂੰ ਕੰਡਿਆਲੀ ਤਾਰ ਵਾਲੀਆਂ ਬੀੜਾਂ ਵਿੱਚ ਛੱਡੇ ਜਾਣ ਵਰਗੇ ਸੁਝਾਅ ਪੇਸ਼ ਕੀਤੇ।
ਫੋਟੋ ਕੈਪਸ਼ਨ: ਅਵਾਰਾ ਪਸ਼ੂਆਂ ਦੇ ਹੱਲ ਲਈ ਜੁੜੇ ਸ਼ਹਿਰੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਕਿਸਾਨ ਆਗੂ ਰੁਲਦੂ ਸਿੰਘ। ਫੋਟੋ: ਸੁਰੇਸ਼