ਬਟਾਲਾ, 9 ਸਤੰਬਰ – ਬਟਾਲਾ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੀਆਂ ਵਿਧਵਾ ਅਤੇ ਉਨ੍ਹਾਂ ਦੀਆਂ ਧੀਆਂ ਦੇ ਮੁੜ-ਵਸੇਬੇ ਲਈ ਬਟਾਲਾ ਦੀ ਨਾਮੀ ਸੰਸਥਾ ਆਲ ਇੰਡੀਆ ਵੂਮੈਨ ਕਾਨਫਰੰਸ ਅੱਗੇ ਆਈ ਹੈ। ਆਲ ਇੰਡੀਆ ਵੂਮੈਨ ਕਾਨਫਰੰਸ ਬਟਾਲਾ ਦੀ ਚੇਅਰਪਰਸਨ ਸ੍ਰੀਮਤੀ ਪ੍ਰਕਾਸ਼ ਕੌਰ ਨਾਰੂ ਅਤੇ ਪ੍ਰਧਾਨ ਸ੍ਰੀਮਤੀ ਨਰਿੰਦਰ ਕੌਰ ਮੱਲੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸੰਸਥਾ ਵਲੋਂ ਇਸ ਹਾਦਸੇ ਵਿੱਚ ਵਿਧਵਾ ਹੋਈਆਂ ਔਰਤਾਂ ਅਤੇ ਜ਼ਤੀਮ ਹੋਈਆਂ ਲੜਕੀਆਂ ਨੂੰ ਪੈਰਾਂ ਸਿਰ ਖੜ੍ਹਾ ਕਰਨ ਲਈ ਉਨ੍ਹਾਂ ਨੂੰ ਮੁਫ਼ਤ ਵਿੱਚ ਹੁਨਰਮੰਦ ਕੀਤਾ ਜਾਵੇਗਾ ਤਾਂ ਜੋ ਉਹ ਖੁਦ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਕਾਬਲ ਹੋ ਸਕਣ। ਸ੍ਰੀਮਤੀ ਪ੍ਰਕਾਸ਼ ਕੌਰ ਨਾਰੂ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਲੋਂ ਸਿਲਾਈ ਕਢਾਈ, ਬਿਊਟੀ ਪਾਰਲਰ ਅਤੇ ਕੰਪਿਊਟਰ ਦੇ ਕੋਰਸ ਕਰਾਏ ਜਾਂਦੇ ਹਨ ਅਤੇ ਹਾਦਸੇ ਦੀਆਂ ਪੀੜ੍ਹਤ ਔਰਤਾਂ ਜਾਂ ਲੜਕੀਆਂ ਨੂੰ ਸੰਸਥਾ ਵਲੋਂ ਇਹ ਕਿੱਤਾਮੁੱਖੀ ਕੋਰਸ ਬਿਲਕੁਲ ਮੁਫ਼ਤ ਕਰਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਕੋਰਸ ਕਰਾਉਣ ਦੀ ਉਨ੍ਹਾਂ ਕੋਲੋਂ ਕੋਈ ਫੀਸ ਨਹੀਂ ਲਈ ਜਾਵੇਗੀ ਅਤੇ ਹੋਰ ਵੀ ਜੋ ਖਰਚਾ ਹੋਵੇਗਾ ਉਹ ਸੰਸਥਾ ਵਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਟਾਲਾ ਵਿਖੇ ਵਾਪਰਿਆ ਇਹ ਦਰਦਨਾਕ ਹਾਦਸਾ ਬਹੁਤ ਅਫਸੋਸਨਾਕ ਹੈ ਅਤੇ ਉਨ੍ਹਾਂ ਦੀ ਸੰਸਥਾ ਦੇ ਸਮੂਹ ਮੈਂਬਰ ਇਸ ਹਾਦਸੇ ਉੱਪਰ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹਨ। ਉਨ੍ਹਾਂ ਨਾਲ ਹੀ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਹੋਰ ਸੰਸਥਾ ਪੀੜ੍ਹਤ ਪਰਿਵਾਰਾਂ ਲਈ ਕੁਝ ਸਹਿਯੋਗ ਦੇਣਾ ਚਾਹੁੰਦੀ ਹੈ ਤਾਂ ਉਹ ਵੀ ਆਲ ਇੰਡੀਆ ਵੂਮੈਨ ਕਾਨਫਰੰਸ ਨਾਲ ਸੰਪਰਕ ਕਰ ਸਕਦੀਆਂ ਹਨ।