ਅੰਮ੍ਰਿਤਸਰ, 6 ਸਤੰਬਰ – ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫ਼ਲਤਾ ਹਾਸਿਲ ਹੋਈ ਹੈ ਪੁਲਿਸ ਨੇ ਅੰਗਰੇਜ਼ ਸਿੰਘ ਨਾਮਕ ਗੈਂਗਸਟਰ ਨੂੰ ਗਿਰਫ਼ਤਾਰ ਕੀਤਾ ਹੈ । ਜਿਕਰਯੋਗ ਹੈ ਕਿ ਅੰਗਰੇਜ਼ ਸਿੰਘ ਪੁਲਿਸ ਨੂੰ ਦੋ ਕਤਲਾਂ ਅਤੇ ਪੰਜ ਡਕੈਤੀਆਂ ਸਮੇਤ 15 ਵਾਰਦਾਤਾਂ ਵਿੱਚ ਲੋੜੀਂਦਾ ਸੀ । ਪਿਛਲੇ ਸਾਲ 2 ਜੂਨ ਨੂੰ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਦੇ ਕਤਲ ਅਤੇ 9 ਸਤੰਬਰ 2018 ਨੂੰ ਗੁਰੂ ਬਾਜ਼ਾਰ ਦੇ ਵਿੱਚ ਪ੍ਰੇਮ ਜਿਉਲਰਜ਼ ਦੇ ਵਿੱਚ ਹੋਈ ਡਕੈਤੀ ਤੋਂ ਬਾਅਦ ਅੰਗਰੇਜ਼ ਪੁਲਿਸ ਦੇ ਲਈ ਵੱਡੀ ਸਿਰਦਰਦੀ ਬਣ ਚੁੱਕਾ ਸੀ ਕਿਉਂਕਿ ਇਨ੍ਹਾਂ ਵੱਡੀਆਂ ਘਟਨਾਵਾਂ ਤੋਂ ਬਾਅਦ ਵੀ ਅੰਗਰੇਜ਼ ਵੱਲੋਂ ਸ਼ਹਿਰ ਵਿੱਚ ਕਈ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਸੀ ।
ਪੁਲਿਸ ਕਮਿਸ਼ਨਰ ਐਸ ਐਸ ਸ਼੍ਰੀਵਾਸਤਵ ਨੇ ਦੱਸਿਆ ਕਿ ਊਨਾ ਨੂੰ ਇਤਲਾਹ ਮਿਲੀ ਸੀ ਕਿ ਨਾਮੀ ਗੈਂਗਸਟਰ ਅੰਗਰੇਜ਼ ਸਿੰਘ ਤਰਨ ਤਾਰਨ ਦੀ ਵ੍ਰਿੰਦਾਵਨ ਕਲੋਨੀ ਵਿੱਚ ਲੁਕਿਆ ਹੋਇਆ ਹੈ ਅਤੇ ਪੁਲਿਸ ਵੱਲੋਂ ਕਾਫੀ ਜਦੋਜਹਿਦ ਨਾਲ ਇਸ ਖ਼ਤਰਨਾਕ ਗੈਂਗਸਟਰ ਨੂੰ ਗਿਰਫ਼ਤਾਰ ਕੀਤਾ ਗਿਆ ਹੈ । ਜਿਕਰਯੋਗ ਹੈ ਕਿ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਸੋਨੂੰ ਕੰਗਲੇ ਦਾ ਸਾਥੀ ਅੰਗਰੇਜ਼ ਪੰਜਾਬ ਵਿੱਚ ਕਈ ਵਾਰਦਾਤਾਂ ਵਿੱਚ ਸ਼ਾਮਿਲ ਰਿਹਾ ਹੈ । ਅੰਗਰੇਜ਼ ਸਿੰਘ ਤੋਂ ਇਕ ਪਿਸਟਲ 45 ਬੋਰ ਅਤੇ ਦੋ 9MM ਦੇ ਬਰਾਮਦ ਹੋਏ ਹਨ ਅਤੇ ਪੁੱਛਗਿੱਛ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ।