ਹਰਪਾਲ ਸਿੰਘ ਚੀਮਾ, ਪ੍ਰਿੰਸੀਪਲ ਬੁੱਧਰਾਮ ਤੇ ਬੀਬੀ ਮਾਣੂੰਕੇ ਨੇ ਕੈਪਟਨ ਸਰਕਾਰ ਨੂੰ ਜਮਕੇ ਕੋਸਿਆ
ਚੰਡੀਗੜ੍ਹ, 5 ਸਤੰਬਰ – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਵਿਸ਼ਵ ਅਧਿਆਪਕ ਦਿਵਸ’ ਦੇ ਮੌਕੇ ਸੂਬੇ ਅੰਦਰ ਸੈਂਕੜੇ ਯੋਗ ਪਰੰਤੂ ਬੇਰੁਜਗਾਰ ਅਧਿਆਪਕਾਂ ਵੱਲੋਂ ਪਾਣੀ ਵਾਲੀਆਂ ਟੈਂਕੀਆਂ ‘ਤੇ ਚੜ੍ਹ ਕੇ ਰੋਸ਼ ਪ੍ਰਦਰਸ਼ਨ ਕਰਨਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਲਈ ਬੇਹੱਦ ਸ਼ਰਮ ਵਾਲੀ ਗੱਲ ਹੈ।
ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਅਤੇ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਸੂਬੇ ਦੇ ਬੇਰੁਜਗਾਰਾਂ ਅਤੇ ਸਕੂਲੀ ਬੱਚਿਆਂ ਲਈ ਇਸ ਤੋਂ ਵੱਡੀ ਤ੍ਰਾਸਦੀ ਅਤੇ ਸਰਕਾਰੀ ਬੇਰੁਖੀ ਕੀ ਹੋ ਸਕਦੀ ਹੈ ਕਿ ਇਕ ਪਾਸੇ ਸਰਕਾਰੀ ਸਕੂਲ ਅਤੇ ਵਿਦਿਆਰਥੀ ਅਧਿਆਪਕਾਂ ਨੂੰ ਤਰਸ ਰਹੇ ਹਨ, ਦੂਜੇ ਪਾਸੇ ਹਜਾਰਾਂ ਈ.ਟੀ.ਟੀ ਅਤੇ ਟੈਟ (ਅਧਿਆਪਕ ਯੋਗਤਾ ਪ੍ਰੀਖਿਆ) ਪਾਸ ਯੋਗ ਅਧਿਆਪਕ ਜੁਆਇਨਿੰਗ ਲਈ ਸਾਲਾਂ ਤੋਂ ਰੋਸ ਧਰਨੇ ਅਤੇ ਜਾਨ ਦਾ ਜੋਖਮ ਉਠਾ ਕੇ ਟੈਂਕੀਆਂ ‘ਤੇ ਚੜ੍ਹ, ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ।
‘ਆਪ’ ਆਗੂਆਂ ਨੇ ਕਿਹਾ ਕਿ ਘਰ-ਘਰ ਨੌਕਰੀ ਦਾ ਵਾਅਦਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਕੇ ਪਿਛਲੀ ਬਾਦਲ ਸਰਕਾਰ ਦੇ ਹੀ ਨਕਸ਼ੇ ਕਦਮ ‘ਤੇ ਚੱਲ ਰਹੇ ਹਨ। ਨਤੀਜੇ ਵਜੋਂ ਅੱਜ ਪੜਿਆ ਲਿਖਿਆ ਯੋਗ ਨੌਜਵਾਨ ਨਾ ਕੇਵਲ ਨੌਕਰੀਅਆੰ ਲਈ ਸੜਕਾਂ ‘ਤੇ ਉਤਰਿਆ ਹੋਇਆ ਹੈ, ਬਲਕਿ ਵਧ ਰਹੀ ਉਮਰ (ਓਵਰਏਜ਼) ਕਾਰਨ ਨੌਕਰੀਆਂ ਦੀ ਦੌੜ ਤੋਂ ਹੀ ਬਾਹਰ ਹੋ ਰਿਹਾ ਹੈ।
ਚੀਮਾ, ਪ੍ਰਿੰਸੀਪਲ ਬੁੱਧਰਾਮ ਅਤੇ ਮਾਣੂੰਕੇ ਨੇ ਮੰਗ ਕੀਤੀ ਕਿ ਸਰਕਾਰ ਸਾਰੇ ਈਟੀਟੀ ਅਤੇ ਟੈਟ ਪਾਸ ਯੋਗ ਅਧਿਆਪਕਾਂ ਨੂੰ ਤੁਰੰਤ ਜੁਆਇੰਨ ਕਰਵਾ ਕੇ ਸਰਕਾਰੀ ਸਕੂਲਾਂ ‘ਚ ਅਧਿਆਪਕਾਂ ਦੀ ਭਾਰੀ ਕਮੀ ਨੂੰ ਪੂਰਾ ਕਰੇ ਤਾਂ ਕਿ ਪੰਜਾਬ ‘ਚ ਵੀ ਆਮ ਅਤੇ ਗਰੀਬ ਪਰਿਵਾਰਾਂ ਦੇ ਬੱਚੇ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਮੁਹੱਈਆ ਕੀਤੀ ਜਾ ਰਹੀ ਅਤੀ ਮਿਆਰੀ ਸਿੱਖਿਆ ਹਾਸਲ ਕਰ ਸਕਣ।
‘ਆਪ’ ਆਗੂਆਂ ਨੇ ਸੂਬਾ ਸਰਕਾਰ ਵੱਲੋਂ ਈਟੀਟੀ ਅੰਗਹੀਣ ਅਤੇ ਅਜਾਦੀ ਘੁਲਾਟੀਆ ਕੋਟੇ ਦੀਆਂ ਅਸਾਮੀਆਂ ‘ਚ ਐਨਸੀਈਟੀ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਹਰ ਹੋ ਕੇ ਲਗਾਈਆਂ ਬੇਵਜਾ ਸ਼ਰਤਾਂ ਨੂੰ ਤੁਰੰਤ ਹਟਾਉਣ ਦੀ ਮੰਗ ਦੇ ਨਾਲ-ਨਾਲ ਸਾਰੀਆਂ ਸਰਕਾਰੀ ਨੌਕਰੀਆਂ ਲਈ ਉਮਰ ਦੀ ਸੀਮਾ ਘੱਟੋਂ-ਗੱਟ 42 ਸਾਲ ਕਰਨ ਦੀ ਮੰਗ ਕੀਤੀ।