ਸਰਕਾਰ ਵੱਲੋਂ 8 ਲੱਖ ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ ਦੇ ਸਬੂਤ ਲਈ ਅੰਕੜੇ ਜਾਰੀ ਕਰੋ : ਬਿਕਰਮ ਮਜੀਠੀਆ

Advertisement


ਅਕਾਲੀ ਆਗੂ ਨੇ ਮੰਤਰੀ ਚੰਨੀ ਨੂੰ ਯਾਦ ਦਿਵਾਇਆ ਕਿ ਕਾਂਗਰਸ ਨੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਪ੍ਰਾਈਵੇਟ ਕੰਪਨੀਆਂ ਵਿਚ ਰੁਜ਼ਗਾਰ ਦਿਵਾਉਣ ਦਾ ਨਹੀਂ
ਚੰਡੀਗੜ੍ਹ/03 ਸਤੰਬਰ: ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਰੁਜ਼ਗਾਰ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਪੰਜਾਬ ਵਿਚ ਅੱਠ ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਆਪਣੇ ਦਾਅਵੇ ਨੂੰ ਸਾਬਿਤ ਕਰਨ ਲਈ ਇਸ ਸੰਬੰਧੀ ਅੰਕੜੇ ਜਨਤਕ ਕਰਨ।

ਰੁਜ਼ਗਾਰ ਮੰਤਰੀ ਨੂੰ ਵਿਧਾਨ ਸਭਾ ਵਿਚ ਪਿਛਲੀ ਕਾਂਗਰਸ ਸਰਕਾਰ 2002-2007 ਦੀਆਂ ਪ੍ਰਾਪਤੀਆਂ ਗਿਣਾਉਣ ਵਾਂਗ ‘ਘਰ ਘਰ ਨੌਕਰੀ’ ਦੇ ਵਾਅਦੇ ਉੱਤੇ ‘ਟਾਕੀਆਂ’ ਲਾਉਣ ਤੋਂ ਵਰਜਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਤੁਸੀਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਜਿ਼ੰਮੇਵਾਰੀ ਚੁੱਕੀ ਸੀ। ਪਰ ਸਰਕਾਰੀ ਅਸਾਮੀਆਂ ਦੇ ਇਸ਼ਤਿਹਾਰ ਕੱਢਣ ਦੀ ਬਜਾਇ ਤੁਸੀਂ ਆਪਣੇ ਕਾਰਜਕਾਲ ਦੇ ਢਾਈ ਸਾਲ ਬਾਅਦ  ਬੇਰੁਜ਼ਗਾਰ ਨੌਜਵਾਨਾਂ ਦੇ ਅੰਕੜੇ ਇੱਕਠੇ ਕਰਨ ਲਈ ਵੈਬਸਾਇਟਾਂ ਤਿਆਰ ਕਰ ਰਹੇ ਹੋ। ਉਹਨਾਂ ਕਿਹਾ ਕਿ ਇਹ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਹਰ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਦੇਣ ਦੀ ਖਾਧੀ ਸਹੰੁ ਤੋਂ ਮੁਕਰ ਕੇ ਨੌਜਵਾਨਾਂ ਅਤੇ ਉਹਨਾਂ ਦੇ ਮਾਪਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ।

ਚੰਨੀ ਨੂੰ ਇਹ ਕਹਿੰਦਿਆਂ ਕਿ ਉਹ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸਿ਼ਸ਼ ਨਾ ਕਰੇ, ਕਿਉਂਕਿ ਕਾਂਗਰਸ ਸਰਕਾਰ ਵੱਲੋਂ ਸੂਬੇ ਅੰਦਰ ਕੋਈ ਨਵਾਂ ਉਦਯੋਗ ਨਾ ਲਾਉਣ ਕਰਕੇ ਪੰਜਾਬ ਵਿੱਚ ਕੋਈ ਵੀ ਨਵਾਂ ਰੁਜ਼ਗਾਰ ਪੈਦਾ ਨਹੀਂ ਹੋਇਆ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਸਰਕਾਰ ਲੋਕਾਂ ਨਾਲ ਠੱਗੀਆਂ ਮਾਰ ਰਹੀ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਨੇ ਇਹ ਅਖੌਤੀ ਰੁਜ਼ਗਾਰ ਮੇਲਿਆਂ ਉੱਤੇ ਜਾਣਾ ਵੀ ਬੰਦ ਕਰ ਦਿੱਤਾ ਹੈ। ਇੱਕ ਮਿਸਾਲ ਅਜਿਹੀ ਵੀ ਹੈ, ਜਦੋਂ ਲੁਧਿਆਣਾ ਵਿਚ ਹੋਏ ਰੁਜ਼ਗਾਰ ਮੇਲੇ ਵਿਚ ਸਿਰਫ ਇੱਕ ਨੌਜਵਾਨ ਪੁੱਜਿਆ ਸੀ। ਅਜਿਹੇ ਹਾਲਾਤ ਇਸ ਲਈ ਬਣੇ ਹਨ, ਕਿਉਂਕਿ ਇਹਨਾਂ ਮੇਲਿਆਂ ਵਿਚ ਨੌਜਵਾਨਾਂ ਨੂੰ ਦਿਹਾੜੀਦਾਰਾਂ ਨਾਲੋਂ ਵੀ ਘੱਟ ਮਿਹਨਤਾਨੇ ਵਾਲੀਆਂ ਨੌਕਰੀਆਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।  ਅਕਾਲੀ ਆਗੂ ਨੇ ਕਿਹਾ ਕਿ ਰੁਜ਼ਗਾਰ ਮੇਲਿਆਂ ਦੇ ਨਾਂ ਉੱਤੇ ਇਹ ਸਰਕਾਰੀ ਖਜ਼ਾਨੇ ਨੂੰ ਲੁੱਟਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸਾਰੇ ਲੁੱਟੇ ਗਏ ਪੈਸੇ ਦਾ ਹਿਸਾਬ ਹੋਣਾ ਚਾਹੀਦਾ ਹੈ ਅਤੇ ਇਹ ਪੈਸਾ ਵਾਪਸ ਸਰਕਾਰੀ ਖਜ਼ਾਨੇ ਨੂੰ ਮੋੜਿਆ ਜਾਣਾ ਚਾਹੀਦਾ ਹੈ।
ਇਹ ਕਹਿੰਦਿਆਂ ਕਿ ਕਾਂਗਰਸ ਸਰਕਾਰ ਇੱਕ ਨਵੀਂ ਵੈਬਸਾਇਟ ਅਤੇ ਟੈਲੀ-ਕਾਲਰਜ਼ ਭਰਤੀ ਕਰਨ ਦੇ ਐਲਾਨ ਕਰਕੇ ਨੌਜਵਾਨਾਂ ਨਾਲ ਕੋਝਾ ਮਜ਼ਾਕ ਕਰਰਹੀ ਹੈ, ਸਰਦਾਰ ਮਜੀਠੀਆ ਨੇ ਰੁਜ਼ਗਾਰ ਮੰਤਰੀ ਨੂੰ ਕਿਹਾ ਕਿ ਉਹ ਜੁਆਬ ਦੇਣ ਕਿ ਕਾਂਗਰਸ ਸਰਕਾਰ ਨੌਜਵਾਨਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਕਿਉਂ ਮੁਕਰ ਚੁੱਕੀ ਹੈ? ਉਹਨਾਂ ਕਿਹਾ ਕਿ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਕਿੱਥੇ ਹੈ? ਉਹਨਾਂ ਕਿਹਾ ਇਸ ਵਿਸ਼ਵਾਸ਼ਘਾਤ ਦੀ ਸੂਬੇ ਨੂੰ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ। ਬੁੱਢਲਾਡਾ ਦੇ ਇੱਕ ਯੂਜੀਸੀ ਨੈਟ ਪ੍ਰੀਖਿਆ ਪਾਸ ਸਕਾਲਰ ਸਮੇਤ ਦੋ ਪੜ੍ਹੇ ਲਿਖੇ ਨੌਜਵਾਨ ਖੁਦਕੁਸ਼ੀ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਕੀ ਚੰਨੀ ਚਾਹੰੁਦਾ ਹੈ ਕਿ ਪੰਜਾਬ ਦੇ ਨੌਜਵਾਨ ਵੀ ਕਿਸਾਨਾਂ ਵਾਂਗ ਉਸੇ ਤਰ੍ਹਾਂ ਖੁਦਕੁਸ਼ੀ ਦੇ ਰਾਹ ਪੈ ਜਾਣ, ਜਿਸ ਤਰ੍ਹਾਂ ਕਾਂਗਰਸ ਸਰਕਾਰ ਵੱਲੋਂ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਮੁਕਰਨ ਮਗਰੋਂ 2 ਹਜ਼ਾਰ ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਇੱਥੋਂ ਤਕ ਕਿ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਵੀ ਵਾਅਦੇ ਅਨੁਸਾਰ ਸਰਕਾਰੀ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਹਨ।

ਅਕਾਲੀ ਆਗੂ ਨੇ ਕਿਹਾ ਕਿ ਚੰਨੀ ਨੂੰ ਮੀਡੀਆ ਅੱਗੇ ਦਲਿਤਾਂ ਦੇ ਹੱਕਾਂ ਦਾ ਰਖਵਾਲਾ ਬਣਨ ਦਾ ਸ਼ੌਂਕ ਹੈ, ਪਰ ਰਾਖਵਾਂਕਰਨ ਦੀ ਨੀਤੀ ਨੂੰ ਕਾਂਗਰਸ ਸਰਕਾਰ ਦੀ ਰੁਜ਼ਗਾਰ ਮੇਲਾ ਸਕੀਮ ਦਾ ਹਿੱਸਾ ਨਾ ਬਣਾ ਕੇ ਉਹ ਦਲਿਤਾਂ ਵਿਦਿਆਰਥੀਆਂ ਦੇ ਹੱਕਾਂ ਦੀ ਰਾਖੀ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ।

ਇਹ ਕਹਿੰਦਿਆਂ ਕਿ ਕਾਂਗਰਸ ਸਰਕਾਰ ਨੌਜਵਾਨਾਂ ਨੂੰ ਬੇਵਕੂਫ ਬਣਾਉਣ ਲਈ ਦੁਬਾਰਾ ਤੋਂ ਰੁਜ਼ਗਾਰ ਮੇਲੇ ਲਾਉਣ ਦਾ ਡਰਾਮਾ ਕਰ ਰਹੀ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਨੌਜਵਾਨਾਂ ਲਈ ਫਿਕਰਮੰਦ ਹੈ ਤਾਂ ਇਹ ਜੁਆਬ ਦੇਵੇ ਕਿ ਇਹ ਸਰਕਾਰੀ ਨੌਕਰੀਆਂ ਦੀਆਂ ਖਾਲੀ ਪਈਆਂ ਆਸਾਮੀਆਂ ਕਿਉਂ ਨਹੀਂ ਭਰ ਰਹੀ ਹੈ? ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਭਰਤੀ ਕਰਨ ਦੀ ਥਾਂ ਸੇਵਾ ਮੁਕਤ ਪਟਵਾਰੀਆਂ ਨੂੰ ਦੁਬਾਰਾ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ? ਕੀ ਇਹ ਨੌਜਵਾਨਾਂ ਨਾਲ ਧੋਖਾ ਨਹੀਂ ਹੈ? ਉਹਨਾਂ ਕਿਹਾ ਕਿ ਸਰਕਾਰ ਨੇ ਅਜੇ ਤਕ ਠੇਕੇ ਉੱਤੇ ਰੱਖੇ 27 ਹਜ਼ਾਰ ਕਰਮਚਾਰੀਆਂ ਨੂੰ ਪੱਕੇ ਨਹੀਂ ਕੀਤਾ ਹੈ ਅਤੇ ਨਾ ਹੀ ਇਹ ਕਰਮਚਾਰੀਆਂ ਨੂੰ ਡੀਏ ਦੀਆ ਕਿਸ਼ਤਾਂ ਦੇ ਰਹੀ ਹੈ। ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਇਸ ਤੋਂ ਇਹੀ ਸੰਕੇਤ ਮਿਲਦਾ ਹੈ ਕਿ ਸਰਕਾਰ ਦੀ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਕੋਈ ਨੀਅਤ ਨਹੀਂ ਹੈ।

ਸਰਦਾਰ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਨੌਜਵਾਨਾਂ ਨਾਲ ਕੀਤੇ ਜਾ ਰਹੇ ਇਸ ਵਿਤਕਰੇ ਨੂੰ ਚੁੱਪ ਚਾਪ ਨਹੀਂ ਜਰੇਗਾ। ਉਹਨਾਂ ਕਿਹਾ ਕਿ ਅਸੀਂ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨਾਲ ਕੀਤੇ ਜਾ ਰਹੇ ਧੋਖੇ ਖਿਲਾਫ ਇੱਕ ਜਨ ਅੰਦੋਲਨ ਚਲਾਵਾਂਗੇ ਅਤੇ ਸਰਕਾਰ ਨੂੰ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਮਜ਼ਬੂਰ ਕਰ ਦਿਆਂਗੇ।