ਪਹਿਲਾ ਅੰਮਿ੍ਰਤਾ ਇਮਰੋਜ਼ ਪੁਰਸਕਾਰ ਡਾ. ਮੋਹਨਜੀਤ ਨੂੰ
ਲੁਧਿਆਣਾ : 30 ਅਗਸਤ – ਅੱਜ ਪੰਜਾਬੀ ਭਵਨ, ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਪੰਜਾਬੀ ਅਕਾਦਮੀ ਦਿੱਲੀ ਵਲੋਂ ਸਾਂਝੇ ਤੌਰ ਤੇੇ ਅੰਮਿ੍ਰਤਾ ਪ੍ਰੀਤਮ ਜਨਮ ਸ਼ਤਾਬਦੀ ਰਾਸ਼ਟਰੀ ਸੈਮੀਨਾਰ ਅਤੇ ਅੰਮਿ੍ਰਤਾ ਇਮਰੋਜ਼ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ
ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ ਨੇ ਕੀਤੀ। ਉਨ੍ਹਾਂ ਕਿਹਾ ਕਿ ਅੰਮਿ੍ਰਤਾ ਪ੍ਰੀਤਮ ਪੰਜਾਬੀ ਦੀ ਅਜਿਹੀ ਸਨਮਾਨਿਤ ਸਾਹਿਤਕਾਰਾ ਹੈ ਜਿਸ ਨੇ ਆਪਣੀਆਂ ਰਚਨਾਵਾਂ ਰਾਹੀਂ ਆਧੁਨਿਕ ਸਮੇਂ ਵਿਚ ਔਰਤਾਂ ਨੂੰ ਆਜ਼ਾਦੀ ਅਤੇ ਖ਼ੂਬਸੂਰਤ
ਜ਼ਿੰਦਗੀ ਦੇ ਸੁਪਨੇ ਲੈਣੇ ਸਿਖਾਏ। ਉਨ੍ਹਾਂ ਤੋਂ ਪਹਿਲਾਂ ਉੱਘੀ ਕਵਿੱਤਰੀ ਅਤੇ ਆਲੋਚਕ ਡਾ. ਪਾਲ ਕੌਰ ਨੇ ਮੁੱਖ ਸੁਰ ਭਾਸ਼ਣ ਦਿੱਤਾ ਅਤੇ ਕਿਹਾ ਕਿ ਅੰਮਿ੍ਰਤਾ ਨੇ ਆਪਣੀਆਂ ਬੇਬਾਕ ਰਚਨਾਵਾਂ ਅਤੇ ਰਚਨਾਵਾਂ ਵਰਗੀ ਜ਼ਿੰਦਗੀ ਨਾਲ ਨਾਮ ਕਮਾਇਆ। ਅੰਮਿ੍ਰਤਾ ਦੀਆਂ
ਲਿਖਤਾਂ ਅਜੇ ਵੀ ਸਾਡੇ ਚੇਤਿਆਂ ਵਿਚ ਜਿਉਦੀਆਂ ਹਨ ਤੇ ਸਾਨੂੰ ਸੰਘਰਸ਼ ਦੀ ਪ੍ਰੇਰਣਾ ਦਿੰਦੀਆਂ ਹਨ।
ਇਸ ਮੌਕੇ ਉੱਘੇ ਕਵੀ ਡਾ. ਮੋਹਨਜੀਤ ਸਿੰਘ ਨੂੰ ਪਹਿਲਾ ਅੰਮਿ੍ਰਤਾ-ਇਮਰੋਜ਼
ਪੁਰਸਕਾਰ ਦਿੱਤਾ ਗਿਆ। ਇਸ ਪੁਰਸਕਾਰ ਵਿਚ ਇਕਵੰਜਾ ਹਜ਼ਾਰ ਰੁਪਏ, ਸ਼ੋਭਾ ਪੱਤਰ, ਦੋਸ਼ਾਲਾ
ਅਤੇ ਪੁਸਤਕਾਂ ਦਾ ਸੈੱਟ ਭੇਟਾ ਕੀਤਾ ਗਿਆ। ਡਾ. ਮੋਹਨਜੀਤ ਨੇ ਆਪਣੇ ਭਾਸ਼ਣ ਵਿਚ ਦਸਿਆ
ਕਿ ਅੰਮਿ੍ਰਤਾ ਪ੍ਰੀਤਮ ਤੇ ਹਰਿਭਜਨ ਸਿੰਘ ਉਨ੍ਹਾਂ ਦੀ ਲੇਖਣੀ ਦੇ ਪ੍ਰੇਰਣਾ ਸਰੋਤ ਰਹੇ ਹਨ। ਉਨ੍ਹਾਂ ਅੰਮਿ੍ਰਤਾ ਇਮਰੋਜ਼ ਨਾਲ ਬਿਤਾਏ ਖ਼ੂਬਸੂਰਤ ਪਲਾਂ ਦੇ ਅਨੁਭਵ ਸਾਂਝੇ ਕੀਤੇ।
ਡਾ. ਮੋਹਨਜੀਤ ਦਾ ਸ਼ੋਭਾ ਪੱਤਰ ਡਾ. ਗੁਰਇਕਬਾਲ ਸਿੰਘ ਨੇ ਪੇਸ਼ ਕੀਤਾ। ਡਾ. ਯੋਗਰਾਜ ਨੇ
ਸਨਮਾਨਿਤ ਸ਼ਖ਼ਸੀਅਤ ਡਾ. ਮੋਹਨਜੀਤ ਬਾਰੇ ਖੋਜ-ਪੱਤਰ ਪੇਸ਼ ਕੀਤਾ ਅਤੇ ਕਿਹਾ ਕਿ ਉਨ੍ਹਾਂ
ਦੀ ਕਵਿਤਾ ਘਾੜਤ, ਸੁਹਜ ਅਤੇ ਵਿਚਾਰਧਾਰਾਈ ਗਹਿਰਾਈ ਦਾ ਸੁਮੇਲ ਹੈ ਅਤੇ ਉਸ ਦੇ ਲਿਖੇ
ਰੇਖਾ ਚਿੱਤਰ ਕਈ ਲੇਖਕਾਂ ਦੇ ਵਿਅਕਤਿਤਵ ਨਾਲ ਸਾਂਝ ਪਵਾਉਣ ਵਾਲੇ ਹਨ। ਇਸ ਸੈਸ਼ਨ ਦੇ
ਆਰੰਭਿਕ ਸ਼ਬਦ ਡਾ. ਗੁਰਇਕਬਾਲ ਸਿੰਘ ਨੇ ਕਹੇ ਅਤੇ ਸਵਾਗਤ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਕੀਤਾ। ਇਸ ਸੈਸ਼ਨ ਦੇ ਅੰਤ ਤੇ ਪੰਜਾਬੀ ਅਕਾਦਮੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਨੇ ਆਏ ਲੇਖਕਾਂ, ਵਿਦਵਾਨਾਂ ਤੇ ਡੈਲੀਗੇਟਾਂ ਦਾ ਧੰਨਵਾਦ ਕੀਤਾ ਅਤੇ ਅਜੋਕੇ ਲੇਖਕਾਂ ਨੂੰ ਅੰਮਿ੍ਰਤਾ ਦੀ ਜ਼ਿੰਦਗੀ ਤੋਂ ਪ੍ਰੇਰਣਾ ਲੈਣ ਲਈ ਕਿਹਾ। ਮੰਚ ਸੰਚਾਲਨ ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕੀਤਾ।
ਇਸ ਸਮਾਰੋਹ ਦਾ ਅਗਲਾ ਸੈਸ਼ਨ ਬਾਅਦ ਦੁਪਹਿਰ ਡਾ. ਯੋਗਰਾਜ ਦੀ ਪ੍ਰਧਾਨਗੀ ਵਿਚ ਹੋਇਆ। ਇਸ
ਵਿਚ ਅਮੀਆਂ ਕੁੰਵਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਸੈਸ਼ਨ ਵਿਚ ਹਰਵਿੰਦਰ ਭੰਡਾਲ
ਨੇ ਅੰਮਿ੍ਰਤਾ ਦੀ ਕਵਿਤਾ ਵਿਚਲੀ ਪ੍ਰਗਤੀਵਾਦੀ ਚੇਤਨਾ ਦੇ ਪਾਸਾਰਾਂ ਬਾਰੇ ਚਰਚਾ ਕੀਤੀ।
ਉਨ੍ਹਾਂ ਕਿਹਾ ਕਿ ਅੰਮਿ੍ਰਤਾ ਦਾ ਔਰਤ ਅਨੁਭਵ ਉਸ ਦੀ ਕਵਿਤਾ ਨੂੰ ਪ੍ਰਗਤੀਵਾਦੀ ਚੇਤਨਾ
ਦੀਆਂ ਸੀਮਾਵਾਂ ਤੋਂ ਪਾਰ ਲੈ ਜਾਂਦਾ ਹੈ। ਡਾ. ਚਰਨਜੀਤ ਕੌਰ ਨੇ ਆਪਣੇ ਪੇਪਰ ਵਿਚ ਅੰਮਿ੍ਰਤਾ ਦੀਆਂ ਲਿਖਤਾਂ ਦੀ ਨਾਰੀਵਾਦੀ ਪੜਤ ਪੇਸ਼ ਕੀਤੀ ਅਤੇ ਅੰਮਿ੍ਰਤਾ ਪ੍ਰੀਤਮ ਦੀਆਂ
ਸਾਹਿਤ, ਸਮਾਜ ਤੇ ਰਾਜਨੀਤੀ ਵਿਚ ਹਾਸਿਲ ਪ੍ਰਾਪਤੀਆਂ ਨੂੰ ਵਡਿਆਇਆ। ਉਨ੍ਹਾਂ ਕਿਹਾ ਕਿ ਅੰਮਿ੍ਰਤਾ ਨੇ ਨਾਰੀ ਦੇ ਅਧਿਕਾਰਾਂ ਦੀ ਗੱਲ ਸ਼ੁਰੂ ਕੀਤੀ ਪਰ ਅਖ਼ੀਰ ਉਤੇ ਉਹ ਅਧਿਆਤਮਕ
ਦਾਇਰੇ ਵਿਚ ਸ਼ਾਮਿਲ ਹੋ ਗਈ। ਡਾ. ਜਗਵਿੰਦਰ ਜੋਧਾ ਨੇ ਅੰਮਿ੍ਰਤਾ ਦੇ ਸਵੈ ਜੀਵਨੀਆਤਮਕ
ਬਿਰਤਾਂਤਾਂ ਬਾਰੇ ਕਿਹਾ ਕਿ ਇਹ ਬਿਰਤਾਂਤ ਉਤਪਾਦਨ ਦੇ ਸਰੋਤਾਂ ਤੋਂ ਟੁੱਟੀ ਹੋਈ ਇਕ
ਹੱਸਾਸ ਔਰਤ ਦੀ ਆਪਣੀ ਪਛਾਣ ਸਥਾਪਿਤ ਕਰਨ ਦੇ ਸੰਘਰਸ਼ ਦੀਆਂ ਕਹਾਣੀਆਂ ਹਨ। ਡਾ. ਨੀਤੂ
ਅਰੋੜਾ ਨੇ ਅਜੋਕੇ ਔਰਤ ਵਿਰੋਧੀ ਮੁਲਕ ਵਿਚ ਅੰਮਿ੍ਰਤਾ ਦੇ ਨਾਵਲਾਂ ਦੀ ਪੜਤ ਦੇ ਆਪਣੇ
ਅਨੁਭਵ ਤੇ ਵਿਚਾਰਾਂ ਨੂੰ ਪੇਸ਼ ਕੀਤਾ ਤੇ ਕਿਹਾ ਕਿ ਅੰਮਿ੍ਰਤਾ ਪ੍ਰੇਮ ਨੂੰ ਇਕ ਕੇਂਦਰੀ
ਮੁੱਲ ਵਜੋਂ ਉਸਾਰਨ ਦੀ ਕੋਸ਼ਿਸ ਕਰਦੀ ਹੈ। ਸਾਡੇ ਸਮਿਆਂ ਵਿਚ ਪ੍ਰੇਮ ਹੀ ਉਹ ਊਰਜਾ ਹੈ
ਜੋ ਬਹੁਗਿਣਤੀ ਦੇ ਤਰਕ ਨੂੰ ਉਲਟਾ ਸਕਦਾ ਹੈ। ਡਾ. ਗੁਰਮੀਤ ਸਿੰਘ ਨੇ ਆਪਣੇ ਖੋੁਜ ਪੱਤਰ
ਵਿਚ ਅੰਮਿ੍ਰਤਾ ਦੀਆਂ ਨਜ਼ਮਾਂ ਦਾ ਅਧਿਐਨ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਅੰਮਿ੍ਰਤਾ
ਦੀਆਂ ਨਜ਼ਮਾਂ ਮਾਨਵੀ ਜੀਵਨ ਦੇ ਸੰਘਰਸ਼ਾਂ ਤੋਂ ਪ੍ਰਭਾਵਿਤ ਅਤੇ ਮਾਨਵੀ ਜੀਵਨ ਨੂੰ
ਪ੍ਰਭਾਵਿਤ ਕਰਨ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਅੰਮਿ੍ਰਤਾ ਦੀਆਂ ਕਵਿਤਾਵਾਂ ਮਨੁੱਖ
ਨੂੰ ਚੇਤੰਨ ਕਰਨ ਲਈ ਪ੍ਰਕਿਰਤਕ ਅਤੇ ਲੋਕ ਮੁਹਾਵਰੇ ਨੂੰ ਹਥਿਆਰ ਬਣਾਉਦੀਆਂ ਹਨ।
30 ਅਗਸਤ ਸ਼ਾਮ ਦੇ ਆਖ਼ਰੀ ਸੈਸ਼ਨ ਵਿਚ ਪੰਜਾਬੀ ਲੇਖਕਾਂ ਨੇ ਅੰਮਿ੍ਰਤਾ ਦੀਦੀ ਨਾਲ ਆਪਣੀਆਂ
ਯਾਦਾਂ ਨੂੰ ਸਾਂਝਾ ਕੀਤਾ। ਇਸ ਮੌਕੇ ਮੰਚ ਸੰਚਾਲਨ ਪ੍ਰੋ. ਗੁਰਤੇਜ ਕੋਹਾਰਵਾਲਾ ਨੇ
ਕੀਤਾ। ਇਸ ਸੈਸ਼ਨ ਵਿਚ ਡਾ. ਮੋਹਨਜੀਤ, ਸ੍ਰੀ ਬੀਬਾ ਬਲਵੰਤ, ਸ੍ਰੀ ਜਸਵੀਰ ਭੁੱਲਰ,
ਕਿਰਪਾਲ ਕਜ਼ਾਕ, ਸਵਰਨਜੀਤ ਸਵੀ ਅਤੇ ਵਿਸ਼ਾਲ ਨੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ
ਅੰਮਿ੍ਰਤਾ ਦੀ ਸ਼ਖ਼ਸੀਅਤ ਦੇ ਮੁਹੱਬਤੀ ਤੇ ਸਾਹਿਤਕ ਪਾਸਾਰਾਂ ਨੂੰ ਉਭਾਰਿਆ। ਇਸ ਸੈਸ਼ਨ ਦੀ
ਪ੍ਰਧਾਨਗੀ ਪੰਜਾਬੀ ਅਕਾਦਮੀ, ਦਿੱਲੀ ਦੇ ਸਕੱਤਰ ਸ. ਗੁਰਭੇਜ ਸਿੰਘ ਗੁਰਾਇਆ ਨੇ ਕੀਤੀ।
ਉਨ੍ਹਾਂ ਨੇ ਕਿਹਾ ਕਿ ਅੰਮਿ੍ਰਤਾ ਪ੍ਰੀਤਮ ਅਜੋਕੇ ਲੇਖਕਾਂ ਨੂੰ ਵੰਗਾਰ ਪੇਸ਼ ਕਰਦੀ ਹੈ
ਕਿ ਉਹ ਆਪਣੀ ਜ਼ਿੰਦਗੀ ਨੂੰ ਆਪਣੀ ਲੇਖਣੀ ਵਰਗੀ ਬਣਾਉਣ ਅਤੇ ਉਹ ਲਿਖਣ ਤੇ ਉਹ ਜਿਉਦੇ
ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਹਕੀਕਤ ਸਿੰਘ ਮਾਂਗਟ, ਡਾ.
ਰਣਜੀਤ ਸਿੰਘ, ਡਾ. ਸਰੂਪ ਸਿੰਘ ਅਲੱਗ, ਚਰਨਜੀਤ ਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ,
ਸਹਿਜਪ੍ਰੀਤ ਸਿੰਘ ਮਾਂਗਟ, ਤਰਸੇਮ, ਜਸਵੀਰ ਝੱਜ, ਖੁਸ਼ਵੰਤ ਬਰਗਾੜੀ, ਸੁਰਿੰਦਰ ਰਾਮਪੁਰੀ, ਡਾ. ਗੁਰਮੀਤ ਸਿੰਘ ਹੁੰਦਲ, ਜਸਕੀਰਤ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ,
ਪਰਮਜੀਤ ਕੌਰ ਮਹਿਕ, ਜਸਪ੍ਰੀਤ ਕੌਰ ਫਲਕ, ਸਵਰਨਜੀਤ ਸਵੀ, ਜਸਪ੍ਰੀਤ, ਭਗਵਾਨ ਢਿੱਲੋਂ,
ਅਜੀਤ ਪਿਆਸਾ, ਹਰਬੰਸ ਮਾਲਵਾ, ਦੀਪ ਗਿੱਲ ਪਾਂਘਲੀਆ, ਡਾ. ਸੰਦੀਪ ਕੌਰ ਸੇਖੋਂ,ਸ਼ਿਵ ਰਾਜ ਲੁਧਿਆਣਵੀ, ਪ੍ਰੋ. ਇੰਦਰਜੀਤ ਕੌਰ, ਕਮਲਜੀਤ ਕੌਰ, ਸਿਮਰਨ, ਗੌਰਵ ਅਰੋੜਾ,
ਸੁਰਿੰਦਰ ਕੌਰ, ਹਰਪ੍ਰੀਤ ਕੌਰ ਪ੍ਰੀਤ, ਵਿਸ਼ਾਲ ਬਿਆਸ, ਡਾ. ਨਰੇਸ਼ ਕੁਮਾਰ, ਡਾ. ਸੰਦੀਪ
ਸਿੰਘ, ਸਰਬਜੀਤ ਸਿੰਘ ਵਿਰਦੀ, ਅਮਨਦੀਪ ਕੌਰ, ਤੇਜ ਕੌਰ, ਮਨਪ੍ਰੀਤ ਕੌਰ, ਗੁਰਦੀਪ ਸਿੰਘ, ਕਿਰਨਪਾਲ ਕੌਰ, ਰਾਜਵਿੰਦਰ ਕੌਰ, ਬਖਸ਼ੰਦ ਪ੍ਰੀਤ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ
ਲੇਖਕ, ਅਧਿਆਪਕ, ਖੋਜਾਰਥੀ ਅਤੇ ਸਰੋਤੇ ਹਾਜ਼ਰ ਸਨ।