ਪੁਰਸ਼ਾਂ ’ਤੇ ਸਿਕੰਜਾ ਕੱਸਣ ਤੋਂ ਬਾਅਦ ਔਰਤਾਂ ਵੀ ਪੁਲੀਸ ਦੇ ਕਾਬੂ ਆਉਣ ਲੱਗੀਆਂ
ਮਾਨਸਾ, 27 ਅਗਸਤ (ਵਿਸ਼ਵ ਵਾਰਤਾ)- ਮਾਨਸਾ ਪੁਲੀਸ ਵੱਲੋਂ ਪੁਰਸ਼ਾਂ ’ਤੇ ਨਸ਼ਿਆਂ ਨੂੰ ਵੇਚਣ ਦਾ ਸਿਕੰਜਾ ਕੱਸਣ ਤੋਂ ਬਾਅਦ ਹੁਣ ਔਰਤਾਂ ਨਸ਼ੀਲੀਆਂ ਗੋਲੀਆਂ ਵੇਚਣ ਦੇ ਗੋਰਖ ਧੰਦੇ ਨੂੰ ਅਪਣਾਉਣ ਲੱਗੀਆਂ ਹਨ, ਜਿੰਨਾਂ ਉਪਰ ਪੁਲੀਸ ਦੀ ਤਿੱਖੀ ਨਜ਼ਰ ਰਹਿਣ ਲੱਗੀ ਹੈ। ਪੁਲੀਸ ਨੇ ਅੱਜ ਇੱਕ ਅਜਿਹੀ ਔਰਤ ਨੂੰ ਕਾਬੂ ਕਰਨ ਦਾ ਦਾਅਵਾ ਕੀਤੀ ਹੈ, ਜੋ ਨੌਜਵਾਨਾਂ ਨੂੰ ਨਸ਼ੀਲੀਆਂ ਗੋਲੀਆਂ ਵੇਚਕੇ ਹੱਥ ਰੰਗਣ ਲੱਗੀ ਸੀ। ਇਹ ਔਰਤ ਦੁੱਗਣੇ ਰੇਟ ’ਤੇ ਕੁੱਝ ਚੁਣਵੇਂ ਨੌਜਵਾਨਾਂ ਨੂੰ ਨਸ਼ਿਆਂ ਦੀ ਹੋਮ ਡਿਲਵਰੀ ਸਪਲਾਈ ਕਰਦੀ ਸੀ।
ਮਾਨਸਾ ਦੇ ਸੀਨੀਅਰ ਪੁਲੀਸ ਕਪਤਾਨ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪਿੰਡ ਬੋੜਵਾਲ ਦੀ ਜ਼ਸਵੀਰ ਕੌਰ ਪਾਸੋਂ ਲੇਡੀਜ਼ ਫੋਰਸ ਦੀ ਮੱਦਦ ਨਾਲ 500 ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਹੋਣ ’ਤੇ ਉਸ ਨੂੰ ਕਾਬੂ ਕਰਕੇ ਥਾਣਾ ਭੀਖੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਸ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਕਿਸੇ ਨਾਮਲੂਮ ਵਿਆਕਤੀ ਪਾਸੋੋਂ 3500/-ਰੁਪਏ ਦੀਆ ਮੁੱਲ ਖਰੀਦ ਕੀਤੀਆਂ ਸੀ ਅਤੇ ਅੱਗੇ ਨਸ਼ੇੜੀਆਂ ਨੂੰ 7000/-ਰੁਪਏ ਦੀਆਂ ਵੇਚਣੀਆਂ ਸਨ।
ਡਾ. ਭਾਰਗਵ ਨੇ ਕਿਹਾ ਕਿ ਕੁੱਝ ਸਮਾਂ ਪਹਿਲਾਂ ਪੰਜਾਬ ਵਿੱਚ ਪ੍ਰਵਾਸੀ ਔਰਤਾਂ ਭੁੱਕੀ ਅਤੇ ਅਫ਼ੀਮ ਵਗੈਰਾ ਦਾ ਕਾਰੋਬਾਰ ਤਾਂ ਕਰਦੀਆਂ ਸਨ ਅਤੇ ਮਾਲਵਾ ਖੇਤਰ ਦੀਆਂ ਕੁੱਝ ਔਰਤਾਂ ਵਿੱਚ ਨਿਕਲਦੀ ਦੇਸੀ ਦਾਰੂ ਨੂੰ ਮਾੜਾ-ਮੋਟਾ ਵੇਚ ਲੈਂਦੀਆਂ ਸਨ, ਪਰ ਹੁਣ ਨਸ਼ੀਲੀਆਂ ਗੋਲੀਆਂ ਖਰੀਦਕੇ ਅੱਗੇ ਵੇਚਕੇ ਕਮਾਈ ਕਰਨ ਦਾ ਮਾਮਲਾ ਪਹਿਲੀ ਦਫ਼ਾ ਸਾਹਮਣੇ ਆਉਣ ਲੱਗਿਆ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪਿੰਡ ਭੰਮੇ ਖੁਰਦ ਦੇ ਬੱਸ ਅੱਡੇ ’ਤੇ ਨਾਕਾਬੰਦੀ ਦੌਰਾਨ ਦੋ ਕਾਰ (ਪੀ.ਬੀ10ਐਫ.ਬੀ-5327) ਸਵਾਰਾਂ ਨੂੰ ਰੋਕਿਆ ਗਿਆ ਅਤੇ ਤਲਾਸ਼ੀ ਲਈ ਗਈ, ਜਿਸ ਦੌਰਾਨ 240 ਬੋਤਲਾਂ (20 ਡੱਬੇ) ਸ਼ਰਾਬ ਠੇਕਾ ਮਾਰਕਾ ਸਹਿਨਾਈ (ਹਰਿਆਣਾ) ਦੀ ਬਰਾਮਦਗੀ ਕੀਤੀ ਗਈ। ਉਨ੍ਹਾਂ ਕਿਹਾ ਕਿ ਫੜੇ ਗਏ ਵਿਅਕਤੀ ਦੀ ਪਛਾਣ ਪਵਨ ਕੁਮਾਰ ਵਾਸੀ ਫਤਿਹਾਬਾਦ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ, ਜਦੋਂ ਕਿ ਦੂਸਰਾ ਵਿਅਕਤੀ ਰਮੇਸ਼ ਕੁਮਾਰ ਮੌਕੇ ਤੋਂ ਭੱਜ ਗਿਆ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਇਹ ਸ਼ਰਾਬ ਫਤਿਹਾਬਾਦ ਤੋਂ ਨਾਮਲੂਮ ਵਿਅਕਤੀ ਪਾਸੋਂ 500 ਰੁਪਏ ਪ੍ਰਤੀ ਡੱਬੇ ਦੇ ਹਿਸਾਬ ਨਾਲ ਮੁੱਲ ਲੈਕੇ ਆਏ ਸੀ ਅਤੇ ਅੱਗੇ ਮਹਿੰਗੇ ਭਾਅ ਵੇਚਣੀ ਸੀ। ਡਾ. ਭਾਰਗਵ ਨੇ ਦੱਸਿਆ ਕਿ ਗੁਰਸੇਵਕ ਸਿੰਘ ਉਰਫ਼ ਸੇਵਕ, ਹਰਭਜਨ ਸਿੰਘ ਵਾਸੀ ਚੁਕੇਰੀਆਂ ਪਾਸੋਂ 60 ਬੋਤਲਾਂ ਸ਼ਰਾਬ ਹਰਿਆਣਵੀਂ ਸਮੇਤ ਮੋਟਰ ਸਾਈਕਲ ਹੀਰੋ ਨੰ:ਪੀ.ਬੀ31ਐਸ-3832 ਦੀ ਬਰਾਮਦਗੀ ਕੀਤੀ ਗਈ ਹੈ, ਜਦੋਂ ਕਿ ਬੀਰਬਲ ਸਿੰਘ ਬੱਲਾ ਵਾਸੀ ਜਲਵੇੜਾ ਨੂੰ 48 ਬੋਤਲਾਂ ਸ਼ਰਾਬ ਠੇਕਾ ਹਰਿਆਣਾ ਦੀ ਬਰਾਮਦਗੀ ਕੀਤੀ ਗਈ ਹੈ।
ਫੋਟੋ ਕੈਪਸ਼ਨ: ਪੁਲੀਸ ਨੇ 500 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤੀ ਇੱਕ ਔਰਤ।