ਸਿਹਤ ਮੰਤਰੀ ਨੇ ਰੋਪੜ ਵਿਖੇ ਹੜ੍ਹਾਂ ਤੋਂ ਬਾਅਦ ਦੇ ਰਾਹਤ ਕਾਰਜਾਂ ਦਾ ਲਿਆ ਜਾਇਜ਼ਾ
ਚੰਡੀਗੜ੍ਹ, 26 ਅਗਸਤ: ਆਪਣੀਆਂ ਕੋਸ਼ਿਸ਼ਾਂ ਨੂੰ ਲਗਾਤਾਰ ਜਾਰੀ ਰੱਖਦਿਆਂ ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਲਗਾਤਾਰ ਪੰਜਵੇਂ ਦਿਨ ਵੀ ਰਾਹਤ ਤੇ ਬਚਾਅ ਕਾਰਜਾਂ ਵਿਚ ਯਤਨਸ਼ੀਲ ਰਹੇ। ਮੰਤਰੀ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਹੜ੍ਹਾਂ ਕਾਰਨ ਪਏ ਪਾੜਾਂ ਨੂੰ ਪੂਰਨ ਦੇ ਕੰਮ ਉਤੇ ਨਿੱਜੀ ਤੌਰ ‘ਤੇ ਨਜ਼ਰ ਰੱਖੀ।
ਆਖਰਕਾਰ ਸਥਿਤੀ ਦੇ ਨਿਯੰਤਰਣ ਹੇਠ ਹੋਣ ‘ਤੇ ਸੁੱਖ ਦਾ ਸਾਹ ਲੈਂਦਿਆਂ ਜਲ ਸਰੋਤ ਮੰਤਰੀ ਨੇ ਪਾੜਾਂ ਨੂੰ ਪੂਰਨ ਦੇ ਕੰਮ ‘ਤੇ ਤਸੱਲੀ ਪ੍ਰਗਟਾਈ।
ਸੋਮਵਾਰ ਨੂੰ ਫਿਲੌਰ ਦੇ ਆਪਣੇ ਦੌਰੇ ਦੌਰਾਨ ਮੰਤਰੀ ਨੇ ਫਿਲੌਰ ਸਬ-ਡਵੀਜਨ ਵਿਖੇ ਪਾੜਾਂ ਨੂੰ ਪੂਰਨ ਲਈ ਚੱਲ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਿਓਂਵਾਲ ਵਿਖੇ 380 ਫੁੱਟ, ਮਿਓਂਵਾਲ ਡੇਰਾ ਪਥਰਾ ਵਿਖੇ 180 ਫੁੱਟ ਅਤੇ ਮਾਓ ਸਾਹਿਬ ਵਿਖੇ 165 ਫੁੱਟ ਦੇ ਪਾੜਾਂ ਨੂੰ ਜੰਗੀ ਪੱਧਰ ‘ਤੇ ਪੂਰਿਆ ਗਿਆ। ਜਦਕਿ ਫਿਲੌਰ ਸਬ-ਡਵੀਜਨ ਵਿਚ ਬਾਕੀ ਪਾੜਾਂ ਨੂੰ ਪੂਰਨ ਦਾ ਕੰਮ ਆਉਣ ਵਾਲੇ ਦਿਨਾਂ ਵਿਚ ਮੁਕੰਮਲ ਕਰ ਲਿਆ ਜਾਵੇਗਾ।
ਸ੍ਰੀ ਸਰਕਾਰੀਆ, ਜੋ ਪਾੜਾਂ ਨੂੰ ਪੂਰਨ ਦੇ ਕੰਮ ਵਿਚ ਤੇਜੀ ਲਿਆਉਣ ਲਈ ਪਿਛਲੇ ਕੁਝ ਦਿਨਾਂ ਤੋਂ ਜਲੰਧਰ ਵਿੱਚ ਹੀ ਰਹਿ ਰਹੇ ਹਨ, ਨੇ ਕਿਹਾ ਕਿ ਪ੍ਰਸਾਸਨ ਅਤੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਅਤੇ ਧਾਰਮਿਕ ਸੰਸਥਾਵਾਂ ਨੇ ਪਾੜਾਂ ਨੂੰ ਪੂਰਨ ਦੇ ਕੰਮ ਲਈ ਅਣਥੱਕ ਯਤਨ ਕੀਤੇ।
ਜਲ ਸਰੋਤ ਮੰਤਰੀ ਨੇ ਕਿਹਾ ਕਿ ਇਹਨਾਂ ਕੰਮਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਨਾਲ ਹੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਜਲਦ ਤੋਂ ਜਲਦ ਰਾਹਤ ਦੇਣ ਲਈ ਵਚਨਬੱਧ ਹੈ।
ਇਸ ਦੌਰਾਨ, ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਰੋਪੜ ਵਿਖੇ ਹੜ੍ਹਾਂ ਤੋਂ ਬਾਅਦ ਦੇ ਰਾਹਤ ਕਾਰਜਾਂ ਦਾ ਜ਼ਾਇਜਾ ਲਿਆ ਅਤੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਕੀਤੇ ਜਾ ਰਹੇ ਯਤਨਾਂ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਹਨਾਂ ਫੂਲ ਪਿੰਡ ਵਿਖੇ ਡਿਸਪੈਂਸਰੀ ਅਤੇ ਮੈਡੀਕਲ ਕੈਂਪ ਦਾ ਦੌਰਾ ਕੀਤਾ। ਸਿਹਤ ਮੰਤਰੀ ਨੇ ਮੈਡੀਕਲ ਟੀਮਾਂ ਨੂੰ ਦਵਾਈਆਂ ਦੀ ਢੁੱਕਵੀਂ ਸਪਲਾਈ ਯਕੀਨੀ ਬਣਾਉਣ ਅਤੇ ਲੋਕਾਂ ਨੂੰ ਨਿੱਜੀ ਬਚਾਅ ਦੇ ਤਰੀਕਿਆਂ ਜਿਵੇਂ ਉਬਲਿਆ ਪਾਣੀ, ਭੋਜਨ ਨੂੰ ਸਹੀ ਤਰ੍ਹਾਂ ਪਕਾਉਣ, ਹੱਥ ਧੋਣ ਆਦਿ ਬਾਰੇ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ। ਉਹਨਾਂ ਹੜ੍ਹਾਂ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਭਿਆਨਕ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਡਾਕਟਰਾਂ ਨੂੰ ਹਰ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ।