
ਲੁਧਿਆਣਾ: 26 ਅਗਸਤ – ਵੈਨਕੂਵਰ ਵਿਚਾਰ ਮੰਚ ਵੱਲੋਂ ਪੰਜਾਬ ਭਵਨ ਸੱਰੀ(ਕੈਨੇਡਾ)ਦੇ ਸਾਂਝੇ ਉੱਦਮ ਨਾਲ ਗੁਰਭਜਨ ਗਿੱਲ ਦੇ ਪੰਜਵੇਂ ਗ਼ਜ਼ਲ ਸੰਗ੍ਰਹਿ ‘ਰਾਵੀ’ ਦਾ ਦੂਜਾ ਸੰਸਕਰਣ ਸਰੀ (ਕੈਨੇਡਾ) ਵਿਖੇ ਲੋਕ ਅਰਪਣ ਕੀਤਾ ਗਿਆ।
ਵੈਨਕੁਵਰ ਵਿਚਾਰ ਮੰਚ ਦੇ ਮੁੱਖ ਪ੍ਰਬੰਧਕ ਅੰਗਰੇਜ਼ ਸਿੰਘ ਬਰਾੜ ਨੇ ਸਮਾਗਮ ਦੀ
ਸ਼ੁਰੂਆਤ ਚ ਆਏ ਲੇਖਕਾਂ ਤੇ ਮਹਿਮਾਨਾਂ ਦਾ ਸਵਾਗਤ ਕੀਤਾ।
ਪੰਜਾਬੀ ਕਵੀ ਤੇ ਗੁਰਭਜਨ ਗਿੱਲ ਦੇ ਸਹਿਪਾਠੀ ਮੋਹਨ ਗਿੱਲ( ਡੇਹਲੋਂ )ਨੇ ਲੇਖਕ ਤੇ
ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗੁਰਭਜਨ ਦੀ 14ਵੀਂ ਕਾਵਿ ਪੁਸਤਕ ਹੈ ਪਰ ਹਰ ਧੁਖਦਾ ਪਿੰਡ ਮੇਰਾ ਹੈ,ਮਨ ਦੇ ਬੂਹੇ ਬਾਰੀਆਂ, ਗੁਲਨਾਰ, ਮਿਰਗਾਵਲੀ ਤੋਂ ਬਾਦ ਰਾਵੀ ਪੰਜਵਾਂ ਗ਼ਜ਼ਲ ਸੰਗ੍ਰਹਿ ਹੈ। ਕਿਸੇ ਕਿਤਾਬ ਦਾ ਦੋ ਸਾਲਾਂ ਅੰਦਰ ਦੂਜਾ ਐਡੀਸ਼ਨ ਛਪਣਾ ਚੰਗੀ ਗੱਲ ਹੈ। ਇਸ ਨੂੰ ਸੰਗਮ ਪਬਲੀਕੇਸ਼ਨ ਤੋਂ ਬਾਦ ਹੁਣ ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ। ਵਰਨਣ ਯੋਗ ਗੱਲ ਇਹ ਹੈ ਕਿ ਇਸਕਿਤਾਬ ਦਾ ਪਹਿਲਾ ਐਡੀਸ਼ਨ ਵੀ 2017 ਚ ਪੰਜਾਬ ਭਵਨ ਦੀ ਪਹਿਲੀ ਵਰ੍ਹੇ ਗੰਢ ਵੇਲੇ ਸੁੱਖੀ ਬਾਠ, ਡਾ: ਸੁਰਜੀਤ ਪਾਤਰ, ਡਾ: ਵਰਿਆਮ ਸਿੰਘ ਸੰਧੂ, ਪ੍ਰਿੰ: ਸਰਵਣ ਸਿੰਘ , ਡਾ: ਰਘੁਬੀਰ ਸਿੰਘ ਸਿਰਜਣਾ ,ਡਾ: ਸਾਧੂ ਸਿੰਘ ,ਕਵਿੰਦਰ ਚਾਂਦ ਤੇ ਮੈਂ ਰਲ ਕੇ ਲੋਕ ਅਰਪਣ ਕੀਤਾ ਸੀ।
ਉਨ੍ਹਾਂ ਕਿਹਾ ਕਿ ਸਾਡੀ ਦੋਸਤੀ ਤੇ ਸਿਰਜਣਾ ਦਾ ਸਾਂਝਾ ਸਫ਼ਰ 45 ਸਾਲ ਪੁਰਾਣਾ ਹੈ। ਇਹ ਵੀ ਨਿਵੇਕਲੀ ਗੱਲ ਹੈ ਕਿ ਪੁਸਤਕ ਲੇਖਕ ਗੁਰਭਜਨ ਗਿੱਲ ਦੀ ਗੈਰਹਾਜ਼ਰੀ ਚ ਲੋਕ ਅਰਪਣ ਹੋ ਰਹੀ ਹੈ।
ਪੰਜਾਬੀ ਨਾਵਲਕਾਰ ਸ:ਜਰਨੈਲ ਸਿੰਘ ਸੇਖਾ ਨੇ ਬੋਲਦਿਆਂ ਕਿਹਾ ਕਿ ਰਾਵੀ ਦਾ ਲੇਖਕ ਗੁਰਭਜਨ ਗਿੱਲ ਸਿਰਫ਼ ਲੇਖਕ ਨਹੀਂ ਸਗੋਂ ਅੰਤਰ ਰਾਸ਼ਟਰੀ ਪੱਧਰ ਤੇ ਸਰਗਰਮ ਸਭਿਆਚਾਰਕ ਕਾਮਾ ਵੀ ਹੈ। ਪੰਜਾਬ ਭਵਨ ਤੇ ਇਸ ਅੰਦਰ ਸੁਰਗਵਾਸੀ ਲੇਖਕਾਂ ਦੀ ਸ਼ਾਨਦਾਰ ਦੀਵਾਰ ਉਸਾਰਨਾ ਵੀ ਉਸ ਦਾ ਹੀ ਸੁਪਨਾ ਸੀ ਜੋ ਪੰਜਾਬੋਂ ਬਾਹਰ ਪਹਿਲੀ ਵਾਰ ਸੱਰੀ ਦੇ ਉੱਘੇ ਦਾਨਵੀਰ ਸੁੱਖੀ ਬਾਠ ਨੇ ਪੂਰਾ ਕੀਤਾ ਹੈ।
ਰਾਵੀ ਦੀਆਂ ਗ਼ਜ਼ਲਾਂ ਚ ਪੰਜਾਬ ਜ਼ਬਾਨ ਪੱਖੋਂ ਜਿਉਂਦਾ ਜਾਗਦਾ ਧੜਕਦਾ ਮਹਿਸੂਸ
ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਰੂਣ ਹੱਤਿਆ ਦੇ ਖ਼ਿਲਾਫ਼ 2002 ਚ ਲੋਰੀ ਵਰਗੀ
ਸ਼ਕਤੀਸ਼ਾਲੀ ਕਵਿਤਾ ਲਿਖ ਕੇ ਪਹਿਲ ਕੀਤੀ।
ਉੱਘੇ ਚਿਤਰਕਾਰ ਜਰਨੈਲ ਸਿੰਘ ਆਰਟਿਸਟ ਨੇ ਕਿਹਾ ਕਿ 2010 ਤੋਂ 2014 ਤੀਕ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਪ੍ਰਧਾਨ ਬਣ ਕੇ ਗਿੱਲ ਨੇ ਪੂਰੇ ਵਿਸ਼ਵ ਚ ਵੱਸਦੇ ਲੇਖਕਾਂ ਨੂੰ ਇਸ ਨਾਲ ਜੋੜਿਆ। ਕਲਾ ਸਾਹਿੱਤ ਤੇ ਸਭਿਆਚਾਰ ਦੇ ਸਰਗਰਮ ਸੇਵਕ ਵਜੋਂ ਗੁਰਭਜਨ ਗਿੱਲ ਨੇ ਮੇਰੇ ਸਮੇਤ ਬਹੁਤ ਕਲਾਕਾਰਾਂ ਨੂੰ ਆਪਣੀਆਂ ਲਿਖਤਾਂ ਰਾਹੀਂ ਪਛਾਨਣ ਯੋਗ ਬਣਾਇਆ।
ਪੰਜਾਬੀ ਗ਼ਜ਼ਲਗੋ ਕਵਿੰਦਰ ਚਾਂਦ ਨੇ ਪੰਜਾਬੀ ਗ਼ਜ਼ਲ ਦੇ ਹਵਾਲੇ ਨਾਲ ਕਈ ਮੁੱਲਵਾਨ
ਟਿਪਣੀਆਂ ਕੀਤੀਆਂ। ਕਹਾਣੀਕਾਰ ਪਰਵੇਜ਼ ਸੰਧੂ ਨੇ ਕਿਹਾ ਕਿ ਗੁਰਭਜਨ ਗਿੱਲ ਸਿਰਫ਼ ਲੇਖਕ ਨਹੀਂ ਸਗੋਂ ਮੇਰੇ ਵਰਗੇ ਕਈ ਲੇਖਕਾਂ ਲਈ ਪ੍ਰੇਰਕ ਸ਼ਕਤੀ ਵੀ ਹਨ। ਮੂਲ ਰੂਪ ਚ ਪੰਜਾਬਣ ਤੇ ਇਸ ਵੇਲੇ ਬਰਿਟਿਸ਼ ਕੋਲੰਬੀਆ ਦੀ ਮੰਤਰੀ ਸ਼੍ਰੀਮਤੀ ਜਿੰਨੀ ਸਿਮਜ਼ ਨੇ ਵੀ ਲੇਖਕ ਗੁਰਭਜਨ ਗਿੱਲ ਨੂੰ ਮੁਬਾਰਕ ਭੇਜੀ।
ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਤੇ ਵਾਰਤਕਕਾਰ ਇੰਦਰਜੀਤ ਕੌਰ ਸਿੱਧੂ, ਭਰੂਣ ਹੱਤਿਆ ਦੇ ਖ਼ਿਲਾਫ਼ ਸ਼ਕਤੀਸ਼ਾਲੀ ਆਵਾਜ਼ ਬੁਲੰਦ ਕਰਨ ਵਾਲੀ ਕਵਿੱਤਰੀ ਡਾ: ਗੁਰਮਿੰਦਰ ਕੌਰ ਸਿੱਧੂ, ਅਮਰੀਕ ਪਲਾਹੀ, ਸੁੱਚਾ ਸਿੰਘ ਕਲੇਰ, ਹਰਚੰਦ ਸਿੰਘ ਬਾਗੜੀ, ਬਲਦੇਵ ਦੂਹੜੇ ਤੇ ਹੋਰ ਲੇਖਕਾਂ ਨੇ ਵੀ ਗੁਰਭਜਨ ਗਿੱਲ ਦੀ ਸ਼ਖਸੀਅਤ ਤੇ ਰਚਨਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਮੰਚ ਸੰਚਾਲਨ ਮੋਹਨ ਗਿੱਲ ਨੇ ਕੀਤਾ। ਇਸ ਸਮਾਗਮ ਵਿੱਚ ਗੁਰਬਾਜ਼ ਸਿੰਘ ਬਰਾੜ, ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ, ਸਤਿੰਦਰ ਕੌਰ ਘੁੰਮਣ, ਨਾਵਲਕਾਰ ਹਰਕੀਰਤ ਕੌਰ ਚਾਹਲ,ਕ੍ਰਿਸ਼ਨ ਭਨੋਟ, ਇੰਦਰਜੀਤ ਸਿੰਘ ਧਾਮੀ,ਰਾਜਨੀਤ ਕੌਰ ਬਾਠ,ਪਰਮਿੰਦਰ ਕੌਰ ਸਵੈਚ,
ਸੁਰਜੀਤ ਮਾਧੋਪੁਰੀ, ਮਿਸਜ਼ ਬਾਗੜੀ, ਬਿੰਦੂ,ਡਾ: ਬ ਸ ਖਹਿਰਾ, ਕੇਸਰ ਸਿੰਘ ਕੂਨਰ ਤੇ ਕਈ ਹੋਰ ਸਿਰਕੱਢ ਲੇਖਕ ਹਾਜ਼ਰ ਸਨ।





















