ਮਾਨਸਾ ਦੇ ਐਸ.ਐਸ.ਪੀ ਡਾ. ਨਰਿੰਦਰ ਭਾਰਗਵ ਨੇ ਮਾਮਲੇ ਦੀ ਪੜਤਾਲ ਦੇ ਕੀਤੇ ਸਖ਼ਤ ਆਦੇਸ਼
ਸਰਦੂਲਗੜ੍ਹ (ਮਾਨਸਾ), 23 ਅਗਸਤ (ਵਿਸ਼ਵ ਵਾਰਤਾ) – ਸਥਾਨਕ ਸ਼ਹਿਰ ਦੀ ਹਰਸ਼ ਕਾਲੋਨੀ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਇੱਕ ਵਿਅਕਤੀ ਦਾ ਕਤਲ ਕਰਕੇ ਫਰਾਰ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ।
ਥਾਣਾ ਸਰਦੂਲਗੜ੍ਹ ਦੇ ਮੁਖੀ ਸੰਦੀਪ ਭਾਟੀ ਨੇ ਦੱਸਿਆ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਫੂਲਾ ਰਾਮ ਪੁੱਤਰ ਘੀਸਾ ਰਾਮ, ਜੋ (ਚਣਾਈ ਦਾ ਕੰਮ ਕਰਦਾ ਸੀ) ਵਾਰਡ ਨੰਬਰ-3 ਸਰਦੂਲਗੜ੍ਹ ਨੂੰ ਹਰਸ਼ ਕਾਲੋਨੀ ਵਿੱਚ ਲਿਜਾਕੇ ਕਤਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਸੂਚਨਾ ਪੁਲੀਸ ਨੂੰ ਮਿਲੀ ਤਾਂ ਪੁਲੀਸ ਨੇ ਘਟਨਾ ਸਥਾਨ ‘ਤੇ ਜਾਕੇ ਲਾਸ਼ ਕਬਜ਼ੇ ਵਿੱਚ ਲੈਕੇ ਪੂਰੇ ਮਾਮਲੇ ਦੀ ਪੜਤਾਲ ਆਰੰਭ ਕਰ ਦਿੱਤੀ।ਉਨ੍ਹਾਂ ਕਿਹਾ ਕਿ ਪਰਿਵਰਕ ਮੈਂਬਰਾਂ ਦੇ ਅਨੁਸਾਰ ਮ੍ਰਿਤਕ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ, ਪ੍ਰੰਤੂ ਪੁਲੀਸ ਫਿਰ ਵੀ ਪੁਲੀਸ ਅਸਲੀਅਤ ਲੱਭਣ ਵਿੱਚ ਜੁੱਟ ਗਈ ਹੈ।
ਥਾਣਾ ਮੁੱਖੀ ਨੇ ਦੱਸਿਆ ਮ੍ਰਿਤਕ ਦੀ ਪਤਨੀ ਦਰਸ਼ਨਾ ਦੇਵੀ ਦੇ ਬਿਆਨਾਂ ਉਪਰ ਅਣਪਛਾਤੇ ਵਿਅਕਤੀਆਂ ‘ਤੇ ਕਤਲ ਦਾ ਮੁਕੱਦਮਾ ਦਰਜ ਕਰਕੇ ਲਾਸ ਵਾਰਸ਼ਾਂ ਦੇ ਹਵਲੇ ਕਰ ਦਿੱਤੀ ਗਈ ਹੈ। ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਸਮੇਤ ਦੋ ਬੱਚੇ ਛੱਡ ਗਿਆ ਹੈ।
ਇਸੇ ਦੌਰਾਨ ਮਾਨਸਾ ਦੇ ਐਸ.ਐਸ.ਪੀ ਡਾ. ਨਰਿੰਦਰ ਭਾਰਗਵ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਸਰਦੂਲਗੜ੍ਹ ਪੁਲੀਸ ਦੇ ਥਾਣਾ ਮੁਖੀ ਨੂੰ ਕਤਲ ਦੀ ਅਸਲ ਤਹਿ ਤੱਕ ਜਾਕੇ ਪੜਤਾਲ ਕਰਨ ਦੇ ਸਖ਼ਤ ਆਦੇਸ਼ ਦਿੱਤੇ ਹਨ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ।