ਪੁਲੀਸ ਅਨੁਸਾਰ ਨਸ਼ੀਲੀਆਂ ਗੋਲੀਆਂ ਦੀ ਬਜ਼ਾਰੂ ਕੀਮਤ 1462500 ਰੁਪਏ
ਮਾਨਸਾ, 20 ਅਗਸਤ – ਮਾਨਸਾ ਪੁਲੀਸ ਨੇ ਤਿੰਨ ਵਿਅਕਤੀਆਂ ਪਾਸੋਂ 75000 ਨਸ਼ੀਲੀਆਂ ਗੋਲੀਆਂ ਸਮੇਤ ਕਰੂਜ਼ ਕਾਰ ਬਰਾਮਦਗੀ ਕਰਨ ਦਾ ਦਾਅਵਾ ਕੀਤਾ ਹੈ।ਇਨ੍ਹਾਂ ਵਿਅਕਤੀਆਂ ਵਿਚੋਂ ਇੱਕ ਵਿਅਕਤੀ ਪੁਲੀਸ ਨੂੰ ਚਕਮਾ ਦੇਕੇ ਫਰਾਰ ਹੋ ਗਿਆ ਹੈ, ਜਦੋਂ ਫੜੀਆਂ ਗਈਆਂ ਨਸ਼ੀਲੀਆਂ ਗੋਲੀਆਂ ਦੀ ਬਜ਼ਾਰੂ ਕੀਮਤ 1462500/- ਰੁਪਏ ਦੱਸੀ ਜਾਂਦੀ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਦੇਰ ਸ਼ਾਮ ਜਾਰੀ ਕੀਤੇ ਲਿਖਤੀ ਪ੍ਰੈਸ ਨੋਟ ਵਿੱਚ ਦੱਸਿਆ ਕਿ ਮਹਿੰਗੀ ਕਾਰ ਕਰੂਜ਼ ਸਵਾਰ ਇਨ੍ਹਾਂ ਨੌਜਵਾਨਾਂ ਨੂੰ ਭੀਖੀ ਪੁਲੀਸ ਵੱਲੋਂ ਇੱਕ ਨਾਕਾਬੰਦੀ ਦੌਰਾਨ ਸ਼ੱਕ ਦੇ ਆਧਾਰ ‘ਤੇ ਰੋਕਿਆ ਗਿਆ ਅਤੇ ਇਨ੍ਹਾਂ ਨੇ ਪੁਲੀਸ ਨੂੰ ਦੇਖਕੇ ਕਾਰ ਭਜਾਉਣ ਦਾ ਉਪਰਾਲਾ ਕਰਨਾ ਚਾਹਿਆ, ਪਰ ਪੁਲੀਸ ਦੀ ਹੁਸ਼ਿਆਰੀ ਕਾਰਨ ਦੋ ਨੌਜਵਾਨ ਕਾਰ ਸਮੇਤ ਪੁਲੀਸ ਦੇ ਕਾਬੂ ਆ ਗਏ ਅਤੇ ਇੱਕ ਵਿਅਕਤੀ ਪੁਲੀਸ ਨੂੰ ਚਕਮਾ ਦੇਣ ਵਿੱਚ ਸਫ਼ਲ ਹੋ ਗਿਆ, ਜਦੋਂ ਕਿ ਪੁਲੀਸ ਨੇ ਤਿੰਨਾਂ ਜਾਣਿਆਂ ਦੀ ਪਛਾਣ ਕਰ ਲਈ ਗਈ ਹੈ।
ਡਾ. ਭਾਰਗਵ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਵਿਚ ਸਲੀਮ ਖਾਨ ਵਾਸੀ ਬਾਲਦ ਖੁਰਦ ਜਿਲਾ ਸੰਗਰੂਰ ਅਤੇ ਸੰਭੂ ਸਿੰਘ ਵਾਸੀ ਵਾਰਡ ਨੰਬਰ-5, ਭੀਖੀ ਸ਼ਾਮਲ ਹਨ, ਜਦੋਂ ਕਿ ਤੀਸਰਾ ਵਿਆਕਤੀ ਜੱਗਾ ਸਿੰਘ ਉਰਫ ਪੰਮੀ ਵਾਸੀ ਵਾਰਡ ਨੰਬਰ-5, ਭੀਖੀ ਮੌਕਾ ‘ਤੇ ਭੱਜ ਗਿਆ।ਉਨ੍ਹਾਂ ਦੱਸਿਆ ਕਿ ਇਹ ਕਾਰ ਰਾਧਾ ਸੁਆਮੀ ਸਤਿਸੰਗ ਘਰ ਭੀਖੀ ਤੋਂ ਥੋੜ੍ਹਾ ਅੱਗੇ ਪਟਿਆਲਾ ਸਾਈਡ ਤੋਂ ਆ ਰਹੀ ਸੀ, ਜਿਸ ਦੀ ਤਲਾਸ਼ੀ ਲੈਣ ਤੋਂ ਬਾਅਦ ਕਾਰ ਵਿਚੋਂ ਪਲਾਸਟਿਕ ਦੇ ਤਿੰਨ ਗੱਟਿਆਂ ਵਿੱਚ ਪਾਈਆਂ ਕੁੱਲ 75000 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਡੋਲ ਦੀ ਬਰਾਮਦਗੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਤਿੰਨੋ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਕਾਰ ਕਰੂਜ ਨੰਬਰ-ਸੀਐਚ01ਏਸੀ-0069 ਨੂੰ ਕਬਜ਼ੇ ਵਿੱਚ ਲਿਆ ਗਿਆ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਨਸ਼ੀਲੀਆਂ ਗੋਲੀਆਂ ਦੇ ਇੱਕ ਪੱਤੇ (ਪ੍ਰਤੀ ਪੱਤਾ 10 ਗੋਲੀਆਂ) ਦੀ ਕੀਮਤ ਝ।ਞ।ਸ਼। 195/-ਰੁਪਏ ਲਿਖਿਆ ਹੋਇਆ ਹੈ, ਜਿਸਦੇ ਹਿਸਾਬ ਨਾਲ ਬਰਾਮਦ ਕੀਤੀਆਂ ਨਸ਼ੀਲੀਆਂ ਗੋਲੀਆਂ ਦੀ ਬਜਾਰੀ ਕੀਮਤ 14,62,500/-ਰੁਪਏ (ਚੌਦਾਂ ਲੱਖ ਬਾਹਟ ਹਜ਼ਾਰ ਪੰਜ ਸੌ ਰੁਪਏ) ਬਣਦੀ ਹੈ।ਉਨ੍ਹਾਂ ਕਿਹਾ ਕਿ ਫੜੇ ਗਏ ਨੌਜਵਾਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਮੌਕੇ ‘ਤੇ ਭੱਜੇ ਕਸੂਰਵਾਰ ਜੱਗਾ ਸਿੰਘ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਫੋਟੋ ਕੈਪਸ਼ਨ: ਮਾਨਸਾ ਪੁਲੀਸ ਵੱਲੋਂ 75000 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤੇ ਦੋ ਨੌਜਵਾਨ ਅਤੇ ਕਰੂਜ ਕਾਰ।