ਮਾਨਸਾ, 16 ਅਗਸਤ- ਨਸ਼ੇ ਵੇਚਣ ਦਾ ਚਸਕਾ ਜੇਲ੍ਹਾਂ ਵਿੱਚ ਜਾਣ ਤੋਂ ਬਾਅਦ ਵੀ ਬੰਦਿਆਂ ਦੇ ਹੱਡਾਂ ਵਿੱਚ ਰਚਣ ਲੱਗਿਆ ਹੈ। ਭਾਵੇਂ ਜੇਲ੍ਹ ਯਾਤਰਾ ਤੋਂ ਬਾਅਦ ਬੰਦੇ ਦੇ ਸੁਧਰਨ ਦੀ ਆਮ ਕਹਾਵਤ ਬਣੀ ਹੋਈ ਹੈ, ਪਰ ਮਾਨਸਾ ਪੁਲੀਸ ਨੇ ਇੱਕੋ ਦਿਨ ਦੋ ਅਜਿਹੇ ਨੌਜਵਾਨਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ, ਜੋ ਨਸ਼ਿਆਂ ਦਾ ਕਾਰੋਬਾਰ ਕਰਦਿਆਂ ਵੱਖ-ਵੱਖ ਜੇਲ੍ਹਾਂ ਵਿੱਚ ਗਏ ਅਤੇ ਜ਼ਮਾਨਤ ‘ਤੇ ਆਉਣ ਤੋਂ ਬਾਅਦ ਮੁੜ ਇਸ ਧੰਦੇ ਵਿੱਚ ਪੈਣ ਤੋਂ ਮਗਰੋਂ ਪੁਲੀਸ ਦੇ ਹੱਥ ਲੱਗ ਗਏ। ਇਨ੍ਹਾਂ ਨੌਜਵਾਨਾਂ ਲਈ ਸੁਧਾਰ ਘਰ (ਜੇਲ੍ਹ) ਦੇ ਅਰਥ ਫਿੱਕੇ ਹੋਕੇ ਰਹਿ ਗਏ ਹਨ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਲਿਖਤੀ ਰੂਪ ਵਿੱਚ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਪਿੰਡ ਮੂਸਾ ਤੋਂ ਗੁਰਵਿੰਦਰ ਸਿੰਘ ਉਰਫ਼ ਨਾਥਾ ਵਾਸੀ ਨੰਗਲ ਕਲਾਂ, ਤਰਵਿੰਦਰ ਸਿੰਘ ਵਾਸੀ ਬਣਾਂਵਾਲੀ ਪਾਸੋਂ 16 ਗ੍ਰਾਮ ਹੈਰੋਇਨ(ਚਿੱਟਾ) ਸਮੇਤ ਕਾਰ ਆਈ-20, (ਨੰਬਰ:ਐਚ.ਆਰ44ਸੀ-7220) ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਫੜੇ ਗਏ ਨੌਜਵਾਨਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਇਹ ਹੈਰੋਇਨ ਕੁਲਦੀਪ ਸਿੰਘ ਵਾਸੀ ਵਾਰਡ ਨੰ:12, ਭੁੱਚੋ ਮੰਡੀ ਤੋਂ 1400 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਲੈਕੇ ਆਏ ਸੀ ਅਤੇ ਜਦੋਂ ਉਨ੍ਹਾਂ ਦਾ ਪੁਲੀਸ ਰਿਕਾਰਡ ਘੋਖਿਆ ਗਿਆ ਤਾਂ ਪਤਾ ਲੱਗਿਆ ਉਸ ਵਿਰੁੱਧ ਪਹਿਲਾਂ ਵੀ ਥਾਣਾ ਜ਼ੌੜਕੀਆਂ ਵਿਖੇ ਮੁਕੱਦਮਾ ਦਰਜ ਹੋਇਆ ਸੀ। ਉਕਤ ਨੌਜਵਾਨ ਨੂੰ ਇਸ ਕੇਸ ਵਿੱਚ 10 ਸਾਲ ਦੀ ਸਜ਼ਾ ਹੋਣ ‘ਤੇ ਜ਼ਿਲ੍ਹਾ ਜੇਲ੍ਹ ਬਠਿੰਡਾ ਵਿਖੇ ਸਜ਼ਾ ਕੱਟ ਰਿਹਾ ਸੀ ਅਤੇ ਹੁਣ 54 ਦਿਨਾਂ ਦੀ ਜ਼ਮਾਨਤ ‘ਤੇ ਬਾਹਰ ਆਇਆ ਹੋਇਆ ਸੀ ਅਤੇ ਚਿੱਟੇ ਸਮੇਤ ਕਾਬੂ ਕੀਤਾ ਗਿਆ ਹੈ।
ਡਾ. ਭਾਰਗਵ ਨੇ ਦੱਸਿਆ ਕਿ ਇਸੇ ਤਰ੍ਹਾਂ ਇੱਕ ਹੋਰ ਕੇਸ ਵਿੱਚ ਕੁਲਦੀਪ ਸਿੰਘ, ਲਖਵਿੰਦਰ ਸਿੰਘ ਵਾਸੀ ਭੁੱਚੋ ਮੰਡੀ ਪਾਸੋਂ 30 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ (ਨੰਬਰ:ਪੀ.ਬੀ03ਏ ਡਬਲਯੂ-9960) ਦੀ ਬਰਾਮਦਗੀ ਕੀਤੀ ਗਈ ਹੈ, ਜਿੰਨ੍ਹਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਹੈਰੋਇਨ ਹਰਿਆਣਾ ਰਾਜ ਦੇ ਨਾਮਲੂਮ ਵਿਅਕਤੀ ਪਾਸੋਂ 1400 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਲੈਕੇ ਆਏ ਸੀ ਅਤੇ ਅੱਗੇ ਕਮਾਈ ਕਰਨ ਲਈ ਵੇਚਣੀ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦਾ ਪਿਛਲਾ ਰਿਕਾਰਡ ਪੜਤਾਲਣ ਤੋਂ ਪਤਾ ਲੱਗਿਆ ਹੈ ਕਿ ਇਹ ਵਿਅਕਤੀ ਪਹਿਲਾਂ ਦਰਜ ਮੁਕੱਦਮੇ ਵਿੱਚ ਜ਼ਿਲ੍ਹਾ ਜੇਲ੍ਹ ਬਠਿੰਡਾ ਵਿਖੇ 10 ਸਾਲ ਦੀ ਸਜ਼ਾ ਕੱਟ ਰਿਹਾ ਸੀ ਅਤੇ ਹੁਣ ਇਹ ਵੀ ਜ਼ਮਾਨਤ ਉਪਰ ਬਾਹਰ ਆਇਆ ਸੀ। ਉਨ੍ਹਾਂ ਕਿਹਾ ਕਿ ਉਕਤ ਫੜੇ ਗਏ ਵਿਅਕਤੀਆਂ ਖਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਫੋਟੋ ਕੈਪਸ਼ਨ: ਮਾਨਸਾ ਪੁਲੀਸ ਨੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤੇ ਦੋ ਨੌਜਵਾਨ। ਫੋਟੋ: ਵਿਸ਼ਵ ਵਾਰਤਾ