– ਅਜ਼ਾਦੀ ਦਿਹਾੜੇ ‘ਤੇ ਜਥੇਬੰਦੀ ਵੱਲੋਂ ਦੋ ਘੰਟੇ ਟਰੈਫਿਕ ਜਾਮ ਦੀ ਦਿੱਤੀ ਚਿਤਾਵਨੀ ਵਾਪਸ ਲਈ
ਮਾਨਸਾ, 14 ਅਗਸਤ (ਵਿਸ਼ਵ ਵਾਰਤਾ)- ਅਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਸੱਤ ਪਿੰਡਾਂ ਦੇ ਜਿਹੜੇ ਕਿਸਾਨ ਨਹਿਰੀ ਪਾਣੀ ਘਾਟ ਨੂੰ ਲੈਕੇ ਪਿਛਲੇ 6 ਦਿਨਾਂ ਤੋਂ ਲਗਾਤਾਰ ਮਰਨ ਵਰਤ ‘ਤੇ ਬੈਠੇ ਸਨ, ਉਨ੍ਹਾਂ ਨੂੰ ਮਾਨਸਾ ਦੇ ਐਸਐਸਪੀ ਡਾ. ਨਰਿੰਦਰ ਭਾਰਗਵ ਵੱਲੋਂ ਜੂਸ ਦਾ ਗਲਾਸ ਪਿਆਕੇ ਧਰਨੇ ਤੋਂ ਉਠਾਇਆ ਗਿਆ। ਇਸ ਸੰਘਰਸ਼ ਦੀ ਅਗਵਾਈ ਕਰਨ ਵਾਲੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਮੰਚ ਤੋਂ ਮਰਨ ਵਰਤ ਨੂੰ ਸਮਾਪਤ ਕਰਨ ਦਾ ਐਲਾਨ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਕੀਤਾ ਗਿਆ।ਇਸ ਸਮਝੌਤੇ ਵਿੱਚ ਸਿੰਜਾਈ ਵਿਭਾਗ ਦੇ ਐਕਸੀਅਨ ਵੱਲੋਂ ਧਰਨਾਕਾਰੀਆਂ ਵਿੱਚ ਆਕੇ ਦਾਅਵਾ ਕੀਤਾ ਗਿਆ ਕਿ ਅਧੂਰੇ ਪਏ ਮਾਈਨਰ ਨੂੰ ਪੂਰਾ ਕਰਨ ਲਈ 26 ਅਗਸਤ ਨੂੰ ਟੈਂਡਰ ਖੋਲ੍ਹੇ ਜਾਣਗੇ ਅਤੇ 30 ਅਗਸਤ ਤੱਕ ਇਸ ਦਾ ਬਕਾਇਦਾ ਕੰਮ ਚਾਲੂ ਕਰਵਾ ਦਿੱਤਾ ਜਾਵੇਗਾ। ਯੂਨੀਅਨ ਵੱਲੋਂ ਇਨ੍ਹਾਂ ਪ੍ਰਸ਼ਾਸਨਿਕ ਦਾਅਵਿਆਂ ਤੋਂ ਬਾਅਦ ਧਰਨੇ ਨੂੰ ਜੇਤੂ ਰੈਲੀ ਵਜੋਂ ਮੁਲਤਵੀ ਕੀਤਾ ਗਿਆ ਅਤੇ ਕੰਮ ਆਰੰਭ ਹੋਣ ਤੱਕ ਸੰਕੇਤਕ ਚਾਰ ਜਾਣਿਆਂ ਦੇ ਧਰਨੇ ਨੂੰ ਜਾਰੀ ਰੱਖਣ ਦਾ ਇੱਕ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਨਹਿਰੀ ਪਾਣੀ ਘਾਟ ਨੂੰ ਲੈਕੇ ਬਠਿੰਡਾ ਜ਼ਿਲ੍ਹੇ ਦੇ ਸੱਤ ਪਿੰਡਾਂ ਦੇ ਕਿਸਾਨਾਂ ਵੱਲੋਂ ਮਾਨਸਾ ਦੇ ਐਕਸੀਅਨ ਦਫ਼ਤਰ ਵਿਖੇ ਲਗਭਗ ਦਸ ਦਿਨਾਂ ਤੋਂ ਦਿਨ-ਰਾਤ ਦਾ ਧਰਨਾ ਆਰੰਭਿਆ ਹੋਇਆ ਸੀ ਅਤੇ 6 ਦਿਨਾਂ ਤੋਂ ਚਾਰ ਪਿੰਡਾਂ ਦੇ ਕਿਸਾਨਾਂ ਰੇਸ਼ਮ ਸਿੰਘ ਯਾਤਰੀ, ਮਹਿੰਦਰ ਸਿੰਘ ਮਾਈਸ਼ਰਖਾਨਾ, ਰੇਸ਼ਮ ਸਿੰਘ ਭਾਈ ਬਖਤੌਰ, ਬੂਟਾ ਸਿੰਘ ਜੋਧਪੁਰ ਮਰਨ ਵਰਤ ਉਤੇ ਬੈਠੇ ਹੋਏ ਸਨ, ਜਿੰਨਾਂ ਦੀ ਦੋ ਦਿਨਾਂ ਤੋਂ ਸਿਹਤ ਵਿਗੜਨ ਲੱਗੀ ਸੀ।
ਮਾਨਸਾ ਦੇ ਐਸ.ਐਸ.ਪੀ ਡਾ. ਨਰਿੰਦਰ ਭਾਰਗਵ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਦੇਸ਼ ਵਾਸੀ ਲਈ ਭਲਕੇ ਅਜ਼ਾਦੀ ਦਾ ਵਧੀਆ ਦਿਹਾੜਾ ਹੈ, ਜਿਸ ਕਰਕੇ ਪੰਜਾਬ ਸਰਕਾਰ ਦੀ ਇੱਛਾ ਹੈ ਕਿ ਹਰ ਵਿਅਕਤੀ ਅਜ਼ਾਦੀ ਦਿਹਾੜੇ ਨੂੰ ਵੱਧ-ਚੜ੍ਹਕੇ ਆਪਸੀ ਗਿਲ-ਸ਼ਿਕਵੇ ਭੁਲਾਕੇ ਮੰਨਾਵੇ।
ਪ੍ਰਸ਼ਾਸਨ ਵੱਲੋਂ ਮਾਨਸਾ ਦੇ ਐਸ.ਡੀ.ਐਮ ਅਭਿਜੀਤ ਕਪਲਿਸ਼ ਅਤੇ ਸਹਾਇਕ ਕਮਿਸ਼ਨਰ ਨਵਦੀਪ ਕੁਮਾਰ ਵੱਲੋਂ ਮਰਨ ਵਰਤ ‘ਤੇ ਬੈਠੇ ਕਿਸਾਨਾਂ ਦਾ ਬਕਾਇਦਾ ਡਾਕਟਰੀ ਮੁਆਇਨਾ ਕਰਵਾਕੇ ਸ਼ੂਗਰ,ਭਾਰ ਅਤੇ ਬਲੱਡ ਪ੍ਰੈਸ਼ਰ ਦਾ ਚੈਕਅੱਪ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਧਿਰਾਂ ਅਤੇ ਪ੍ਰਸ਼ਾਸਨਿਕ ਉਪਰਾਲੇ ਇਕਮਿਕ ਹੋ ਜਾਣ ਤਾਂ ਹਰ ਤਕਲੀਫ਼ ਦਾ ਹੱਲ ਸੌਖੇ ਢੰਗ ਨਾਲ ਨਿਕਲ ਆਉਂਦਾ ਹੈ।
ਜਥੇਬੰਦੀ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਐਲਾਨ ਕੀਤਾ ਕਿ ਯੂਨੀਅਨ ਵੱਲੋਂ ਪੰਜਾਬ ਭਰ ਵਿੱਚ ਭਲਕੇ ਅਜ਼ਾਦੀ ਦਿਹਾੜੇ ‘ਤੇ ਦੋ ਘੰਟੇ ਟਰੈਫਿਕ ਜਾਮ ਕਰਨ ਦੀ, ਜ਼ੋ ਚਿਤਾਵਨੀ ਦਿੱਤੀ ਹੋਈ ਸੀ, ਉਸ ਨੂੰ ਹੁਣ ਵਾਪਸ ਲਿਆ ਗਿਆ ਹੈ ਅਤੇ ਕਿਸਾਨਾਂ ਨੂੰ ਅਜ਼ਾਦੀ ਦਾ ਦਿਹਾੜਾ ਖੁਸ਼ੀ-ਖੁਸ਼ੀ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀ ਦੇ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਦੇ ਪ੍ਰਧਾਨਾਂ ਸਮੇਤ ਹੋਰ ਆਗੂਆਂ ਦੀ ਉਪ ਪੁਲੀਸ ਕਪਤਾਨ ਕੁਲਦੀਪ ਸਿੰਘ ਸੋਹੀ ਅਤੇ ਸਿਵਲ ਅਧਿਕਾਰੀਆਂ ਨਾਲ ਸਮਝੌਤੇ ਲਈ ਗੱਲਬਾਤ ਚੱਲੀ, ਜਿਸ ਵਿਚ ਪੰਜਾਬ ਸਰਕਾਰ ਵੱਲੋਂ ਅਧੂਰੇ ਪਏ ਮਾਈਨਰ ਦੇ ਟੈਂਡਰ ਕਾਲ 26 ਅਗਸਤ ਨੂੰ ਕਰਨ ਦਾ ਫੈਸਲਾ ਲਿਆ ਗਿਆ, ਜਿਸ ਵਿੱਚ ਦੋਹਾਂ ਧਿਰਾਂ ਦੀ ਸਹਿਮਤੀ ਤੋਂ ਬਾਅਦ ਐਸ.ਐਸ.ਪੀ ਡਾ. ਨਰਿੰਦਰ ਭਾਰਗਵ ਵੱਲੋਂ ਜੂਸ ਦਾ ਗਲਾਸ ਪਿਲਾਕੇ ਮਰਨ ਵਰਤ ‘ਤੇ ਬੈਠੇ ਕਿਸਾਨਾਂ ਨੂੰ ਉਠਾਉਣ ਦਾ ਫੈਸਲਾ ਲਿਆ ਗਿਆ।