ਮਾਨਸਾ ਪੁਲਿਸ ਨੇ ਹੁਣ ਸ਼ੱਕੀ ਪਿੰਡਾਂ ਤੋਂ ਆਰੰਭ ਕੀਤੀ ਨਸ਼ਿਆਂ ਖਿਲਾਫ਼ ਵਿਸ਼ੇਸ ਮੁਹਿੰਮ

Advertisement


ਹਰਿਆਣਾ ਦੀ ਸੀਮਾ ਨਾਲ ਲੱਗਦੇ ਇਸ ਜ਼ਿਲ੍ਹੇ ਨੂੰ ਬਿਲਕੁਲ ਨਸ਼ਾ ਮੁਕਤ ਕਰਨ ਦੀ ਸ਼ੁਰੂ ਹੋਈ ਲਹਿਰ

ਮਾਨਸਾ, 13 ਅਗਸਤ – ਪੁਲੀਸ ਅਤੇ ਲੋਕਾਂ ਦੇ ਆਪਸੀ ਸਬੰਧਾਂ ਵਿੱਚ ਹੋਰ ਨੇੜਤਾ ਲਿਆਉਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ, ਜੋ ਉਪਰਾਲੇ ਕੀਤੇ ਜਾ ਰਹੇ ਹਨ, ਉਨ੍ਹਾਂ ਦੇ ਨਿੱਘਰ ਤੇ ਠੋਸ ਨਤੀਜੇ ਮਾਨਸਾ ਜ਼ਿਲ੍ਹੇ ਵਿਚ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪੁਲੀਸ ਤੇ ਜਨਤਾ ਦਰਮਿਆਨ, ਜੋ ਗੁੜ੍ਹਾ ਰਿਸ਼ਤਾ ਕਾਇਮ ਹੋਇਆ ਹੈ, ਉਸ ਲਈ ਜਿੱਥੇ ਜ਼ਿਲ੍ਹੇ ਵਿਚ ਚਲਾਈ ਗਈ ਨਸ਼ਿਆਂ ਦੀ ਰੋਕਥਾਮ ਲਈ ਸਰਚ ਅਭਿਆਨ ਅਤੇ ਰਾਤ ਦੀ ਪਹਿਰੇਦਾਰੀ ਸਮੇਤ ਪੁਲੀਸ ਅਧਿਕਾਰੀਆਂ ਦੇ ਚੱਤੋ ਪਹਿਰ ਥਾਣਿਆਂ ਵਿੱਚ ਬੈਠਣ ਕਾਰਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਦੇ ਜੁਆਇਨ ਕਰਨ ਤੋਂ ਦੋ ਹਫ਼ਤਿਆਂ ਬਾਅਦ ਹੀ ਜ਼ਿਲ੍ਹੇ ਵਿਚ ਪੁਲੀਸ ਦੇ ਕੰਮ ਕਰਨ ਦਾ ਰੰਗ-ਢੰਗ ਬਦਲਣ ਲੱਗਿਆ ਹੈ। ਪੁਲੀਸ ਨੇ ਸ਼ੱਕੀ ਪਿੰਡਾਂ ਵਿੱਚ ਜਾਕੇ ਨਸ਼ਿਆਂ ਦੀ ਰੋਕਥਾਮ ਲਈ ਲੋਕਾਂ ਨੂੰ ਪ੍ਰੇਰਨਾ ਆਰੰਭ ਕਰ ਦਿੱਤਾ ਹੈ ਅਤੇ ਲੋਕ ਹੀ ਨਸ਼ੇੜੀਆਂ ਨੂੰ ਫੜ੍ਹਾਉਣ ਲਈ ਪੁਲੀਸ ਦਾ ਸਾਥ ਦੇਣ ਲੱਗੇ ਹਨ।
ਅੱਜ ਪਿੰਡ ਨਰਿੰਦਰਪੁਰਾ ਵਿਖੇ ਆਮ ਲੋਕਾਂ ਅਤੇ ਪੰਚਾਇਤੀ ਨੁਮਇੰਦਿਆਂ ਨੂੰ ਸੰਬੋਧਨ ਕਰਦਿਆਂ ਡਾ. ਭਾਰਗਵ ਨੇ ਕਿਹਾ ਕਿ ਲੋਕ ਨਸ਼ੇ ਦੇ ਖਿਲਾਫ ਪੁਲੀਸ ਦਾ ਸਹਿਯੋਗ ਕਰਨ, ਪੁਲੀਸ ਲੋਕਾਂ ਨਾਲ ਵਾਅਦਾ ਕਰਦੀ ਹੈ ਕਿ ਇਸ ਪਿੰਡ ਵਿੱਚ ਕੋਈ ਨਸ਼ਾ ਤਸਕਰ ਪੈਰ ਨਹੀਂ ਰੱਖ ਸਕੇਗਾ। ਉਨ੍ਹਾਂ ਕਿਹਾ ਕਿ ਪਿੰਡ ਦੇ ਕੁੱਝ ਵਿਅਕਤੀ ਹੀ ਪੁਲੀਸ ਨਾਲ ਇਸ ਮੁੰਹਿਮ ਵਿੱਚ ਮੋਢੇ ਨਾਲ ਮੋਢਾ ਲਾਕੇ ਚੱਲਣ, ਫਿਰ ਆਉਣ ਵਾਲੇ ਦਿਨਾਂ ਵਿੱਚ ਨਸ਼ੇ ਦਾ ਪੂਰੇ ਪਿੰਡਾਂ ਵਿੱਚੋਂ ਨਾਮੋ-ਨਿਸ਼ਾਨ ਨਜ਼ਰ ਨਹੀਂ ਆਵੇਗਾ। ਉਨ੍ਹਾਂ ਕਿਹਾ ਕਿ ਨਸ਼ਾ ਇੱਕ ਸਮਾਜਿਕ ਬੁਰਾਈ ਹੈ, ਜਿਸ ‘ਤੇ ਸਰਕਾਰ ਨੇ ਨਸ਼ੇ ਦੇ ਖਿਲਾਫ ਵਿਸ਼ੇਸ਼ ਤੌਰ ਤੇ ਇੱਕ ਅਭਿਆਨ ਸ਼ੁਰੂ ਕੀਤਾ ਹੋਇਆ ਹੈ, ਜਿਸ ਦੇ ਵਿੱਚ ਪੁਲੀਸ ਦਾ ਹੀ ਨਹੀਂ, ਸਗੋਂ ਹਰ ਵਿਅਕਤੀ ਦਾ ਫਰਜ ਬਣਦਾ ਹੈ ਕਿ ਉਹ ਨਸ਼ੇ ਦੇ ਖਿਲਾਫ ਪੁਲੀਸ ਨੂੰ ਦਿਲ ਖੋਲ੍ਹਕੇ ਸਹਿਯੋਗ ਦੇਵੇ। ਉਨ੍ਹਾਂ ਕਿਹਾ ਕਿ ਜੇਕਰ ਆਮ ਲੋਕਾਂ ਨੂੰ ਕਿਸੇ ਵੱਡੇ ਨਸ਼ਾ ਤਸਕਰ ਬਾਰੇ ਜਾਣਕਾਰੀ ਜਾਂ ਸੂਚਨਾ ਮਿਲਦੀ ਹੈ ਤਾਂ ਤੁਰੰਤ ਉਨਾਂ੍ਹ ਦੇ ਧਿਆਨ ਵਿੱਚ ਲਿਆਂਦੀ ਜਾਵੇ ਅਤੇ ਇਸ ਹਾਲਤ ਵਿੱਚ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਡਾ. ਭਾਰਗਵ ਨੇ ਕਿਹਾ ਕਿ ਪੁਲੀਸ ਆਮ ਲੋਕਾਂ ਦੀ ਸੁਰੱਖਿਆ ਅਤੇ ਰਖਵਾਲੀ ਲਈ ਹੈ। ਉਨ੍ਹਾਂ ਕਿਹਾ ਕਿ ਇਸ ਪਿੰਡ ਤੋਂ ਜਿਲ੍ਹੇ ਭਰ ਵਿੱਚ ਨਸ਼ੇ ਦੇ ਖਾਤਮੇ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਸ ਪਿੰਡ ਵਿੱਚ ਨਸ਼ਾ ਖਾਤਮੇ ਦੀ ਮੁੰਹਿਮ ਦਾ ਸਮਾਪਣ ਕੀਤਾ ਜਾਵੇਗਾ। ਡਾ. ਭਾਰਗਵ ਨੇ ਪੁਲੀਸ ਅਤੇ ਲੋਕਾਂ ਦੀ ਸਾਂਝ ਦਾ ਜ਼ਿਕਰ ਕਰਦਿਆਂ ਵਾਅਦਾ ਕੀਤਾ ਕਿ ਜਿਲ੍ਹੇ ਅੰਦਰ ਨਸ਼ਾ, ਤਸਕਰੀ ਅਤੇ ਗੁੰਡਾਗਰਦੀ ਕਿਸੇ ਵੀ ਰੂਪ ਵਿੱਚ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਇਸ ਦਾ ਨਤੀਜਾ ਆਪਣੇ ਆਪ ਮਿਲ ਜਾਵੇਗਾ।

ਫੋਟੋ ਕੈਪਸ਼ਨ: ਮਾਨਸਾ ਦੇ ਐਸਐਸਪੀ ਡਾ. ਨਰਿੰਦਰ ਭਾਰਗਵ ਪਿੰਡ ਨਰਿੰਦਰਪੁਰਾ ਤੋਂ ਨਸ਼ਿਆਂ ਖਿਲਾਫ਼ ਵਿਸ਼ੇਸ ਲਹਿਰ ਦੀ ਸ਼ੁਰੂਆਤ ਕਰਦੇ ਹੋਏ।