ਚੰਡੀਗੜ੍ਹ, 5 ਅਗਸਤ – ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵੱਲੋਂ ਝੋਨੇ ਦੀ ਲਵਾਈ ਦੀ ਮਿਤੀ 20 ਜੂਨ ਦੀ ਥਾਂ ਪਹਿਲੀ ਜੂਨ ਕਰਨ ਸੰਬੰਧੀ ਸਵਾਲ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਪ੍ਰਸਤਾਵ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ, ਹਾਲਾਂਕਿ ਸੰਧਵਾਂ ਨੇ ਲੇਟ ਝੋਨੇ ਦੀ ਫ਼ਸਲ ‘ਚ ਨਮੀ ਅਤੇ ਪਰਾਲੀ ਦੀ ਸਮੱਸਿਆ ਦੇ ਹਵਾਲੇ ਆਪਣੇ ਪੂਰਕ ਸਵਾਲ ‘ਚ ਦਿੱਤੇ, ਪਰੰਤੂ ਇਸ ਸਵਾਲ ਨੇ ਸਦਨ ਨੂੰ ਪਾਣੀ ਦੇ ਸੰਕਟ ‘ਤੇ ਕੇਂਦਰਿਤ ਕਰ ਦਿੱਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਰਿਆਈ ਪਾਣੀਆਂ ਦੀ ਕਮੀ ਤੇ ਭੌ-ਜਲ ਦੇ ਡਿਗਦੇ ਪੱਧਰ ‘ਤੇ ਚਿੰਤਾ ਜਤਾਈ ਅਤੇ ਸਰਬ ਪਾਰਟੀ ਬੈਠਕ ਸੱਦਣ ਦੀ ਗੱਲ ਦੁਹਰਾਈ। ਉਨ੍ਹਾਂ ਜਲ ਸੰਕਟ ਨਾਲ ਨਿਪਟਣ ਲਈ ਜਿੱਥੇ ਆਧੁਨਿਕ ਸਿੰਚਾਈ ਤਕਨੀਕਾਂ ‘ਤੇ ਜ਼ੋਰ ਦਿੱਤਾ ਉੱਥੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਲੋਕਾਂ ਦਾ ਸਹਿਯੋਗ ਵੀ ਮੰਗਿਆ। ਉਨ੍ਹਾਂ ਝੋਨੇ ਦੀ ਫ਼ਸਲ ਦਾ ਸਮਾਂ ਵਧਾਉਣ ਦੀ ਥਾਂ ਇਸ ਨੂੰ ਹੋਰ ਘਟਾਏ ਜਾਣ ਦੀ ਵਕਾਲਤ ਕੀਤੀ।
ਦਿੜ੍ਹਬਾ ‘ਚ ਫਾਇਰ ਬ੍ਰਿਗੇਡ ਨੂੰ ਜਵਾਬ ਮਿਲਿਆ – ਦਿੜ੍ਹਬਾ ਤੋਂ ‘ਆਪ’ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੱਲੋਂ ਦਿੜ੍ਹਬਾ ਸਬ ਡਿਵੀਜ਼ਨ ‘ਚ ਫਾਇਰ ਬ੍ਰਿਗੇਡ ਸੁਵਿਧਾ ਦੇਣ ਦੀ ਮੰਗ ਨੂੰ ਸਥਾਨਕ ਸਰਕਾਰ ਮੰਤਰੀ ਬ੍ਰਹਮ ਮਹਿੰਦਰਾ ਨੇ ਇਹ ਕਹਿ ਕੇ ਠੁਕਰਾ ਦਿੱਤਾ ਕਿ ਦਿੜ੍ਹਬਾ ਦੀ ਹੱਦ ਤੋਂ 20 ਕਿੱਲੋਮੀਟਰ ਦੀ ਦੂਰੀ ‘ਤੇ ਸੁਨਾਮ ‘ਚ ਫਾਇਰ ਬ੍ਰਿਗੇਡ ਸੈਂਟਰ ਹੋਣ ਕਾਰਨ ਦਿੜ੍ਹਬਾ ‘ਚ ਫਾਇਰ ਬ੍ਰਿਗੇਡ ਸਥਾਪਤੀ ਦੀ ਕੋਈ ਤਜਵੀਜ਼ ਨਹੀਂ ਹੈ। ਹਾਲਾਂਕਿ ਚੀਮਾ ਨੇ ਦਿੜ੍ਹਬਾ ਹਲਕਾ ਦੇ 80 ਕਿੱਲੋਮੀਟਰ ‘ਚ ਫੈਲੇ ਹੋਣ ਦਾ ਹਵਾਲਾ ਦਿੱਤਾ ਸੀ।
ਬਰਨਾਲਾ ‘ਚ ਪੀਣ ਵਾਲੇ ਪਾਣੀ ਦੀ ਪੂਰਤੀ ਦਾ ਭਰੋਸਾ- ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਵੱਲੋਂ ਬਰਨਾਲਾ ‘ਚ ਆਬਾਦੀ ਦੇ ਹਿਸਾਬ ਨਾਲ ਪੀਣ ਵਾਲੇ ਪਾਣੀ ਦੀ ਕਮੀ ਸੰਬੰਧੀ ਸਵਾਲ ਦੇ ਜਵਾਬ ‘ਚ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨੇ 5 ਨਵੇਂ ਟਿਊਬਵੈੱਲ ਲਗਾ ਕੇ ਛੇਤੀ ਕਮੀ ਪੂਰੀ ਕਰਨ ਦਾ ਭਰੋਸਾ ਦਿੱਤਾ।
ਮਹਿਲ ਕਲਾਂ ਹਲਕੇ ਨੂੰ ਮਿਲ ਸਕਦੀ ਹੈ ਆਈਟੀਆਈ, ਚੰਨੀ ਨੇ ਪੰਡੋਰੀ ਨੂੰ ਦਿੱਤਾ ਭਰੋਸਾ- ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਹੇਡੀਕੇ (ਬਰਨਾਲਾ) ‘ਚ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਵੱਲੋਂ ਵਾਰ-ਵਾਰ ਨੀਂਹ ਪੱਥਰ ਰੱਖੇ ਜਾਣ ਦੇ ਬਾਵਜੂਦ ਆਈਟੀਆਈ ਨਾ ਬਣਨ ਬਾਰੇ ਸਵਾਲ ‘ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਜ਼ਰੂਰ ਕੋਸ਼ਿਸ਼ ਕਰਨਗੇ ਕਿ ਹੇਡੀਕੇ ‘ਚ ਛੇਤੀ ਆਈਟੀਆਈ ਬਣਾਈ ਜਾ ਸਕੇ।