ਚੰਡੀਗੜ, 1 ਅਗਸਤ (ਵਿਸ਼ਵ ਵਾਰਤਾ)- ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਕੱਲ੍ਹ 2 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਹਾਲਾਂਕਿ ਪ੍ਰੋਗਰਮਾ ਅਨੁਸਾਰ ਇਹ ਸੈਸ਼ਨ 6 ਅਗਸਤ ਤੱਕ ਚੱਲੇਗਾ, ਪਰ ਵਿਧਾਨ ਸਭਾ ਦੀਆਂ ਬੈਠਕਾਂ ਕੇਵਲ 3 ਦਿਨ ਹੋਣਗੀਆਂ। ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਸੋਮਵਾਰ ਤੇ ਮੰਗਲਵਾਰ ਨੂੰ ਹੀ ਕੰਮਕਾਰ ਚੱਲੇਗਾ।
ਇਸ ਦੌਰਾਨ ਵਿਰੋਧੀ ਧਿਰ ਆਮ ਆਦਮੀ ਪਾਰਟੀ ਤੋਂ ਇਲਾਵਾ ਸ਼੍ਰੋਮਣੀ ਅਕਲੀ ਦਲ ਨੇ ਸੈਸ਼ਨ ਨੂੰ ਵਧਾਉਣ ਲਈ ਵਿਧਾਨ ਸਭਾ ਸਪੀਕਰ ਨਾਲ ਮੀਟਿੰਗ ਕੀਤੀ। ਸਪੀਕਰ ਨੇ ਇਹੀ ਜਵਾਬ ਦਿੱਤੀ ਕਿ ਜੇਕਰ ਕੰਮ ਹੋਵੇਗਾ ਤਾਂ ਹੀ ਸੈਸ਼ਨ ਵਧਾਇਆ ਜਾ ਸਕਦਾ ਹੈ, ਪਰ ਸੈਸ਼ਨ ਦੇ ਵਧਣ ਦੀ ਕੋਈ ਉਮੀਦ ਨਹੀਂ ਹੈ।
ਇਸ ਸੈਸ਼ਨ ਵਿਚ ਸਰਕਾਰ ਲਈ ਵਿਰੋਧੀ ਧਿਰ ਵਲੋਂ ਕੋਈ ਖਾਸ ਚੁਣੌਤੀ ਦਿਖਾਈ ਨਹੀਂ ਦੇ ਰਹੀ। ਇਸ ਦਾ ਕਾਰਨ ਇਹ ਹੈ ਕਿ ਵਿਰੋਧੀ ਧਿਰ ਪੂਰੀ ਤਰਾਂ ਖਿੰਡਿਆ ਤੇ ਕਮਜੋਰ ਦਿਖਾਈ ਦੇ ਰਿਹਾ ਹੈ। ਆਮ ਆਦਮੀ ਪਾਰਟੀ ਜੋ ਕਿ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਸੰਭਾਲੀ ਹੋਈ ਹੈ ਉਸ ਦਾ ਅਹੁਦਾ ਵੀ ਖਤਰੇ ਵਿਚ ਦਿਖਾਈ ਦੇ ਰਿਹਾ ਹੈ, ਕਿਉਂਕਿ ਉਹਨਾਂ ਦੇ ਕਈ ਵਿਧਾਇਕ ਜਾਂ ਤਾਂ ਪਾਰਟੀ ਛੱਡ ਚੁੱਕੇ ਹਨ ਜਾਂ ਪਾਰਟੀ ਵਿਚ ਰਹਿੰਦੇ ਹੋਏ ਵੀ ਬਗਾਵਤੀ ਸੁਰ ਅਪਣਾ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੰਸਦ ਲਈ ਚੁਣੇ ਜਾ ਚੁੱਕੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਿਹਤ ਖਰਾਬ ਰਹਿਣ ਕਾਰਨ ਸਦਨ ਵਿਚ ਘੱਟ ਹੀ ਆਉਂਦੇ ਹਨ। ਭਾਜਪਾ ਦੇ ਵਿਧਾਇਕ ਸੋਮ ਪ੍ਰਕਾਸ਼ ਵੀ ਸੰਸਦ ਲਈ ਚੁਣੇ ਜਾ ਚੁੱਕੇ ਹਨ। ਉਹਨਾਂ ਦਾ ਇੱਕ ਵਿਧਾਇਕ ਵੀ ਘੱਟ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਤੇਜ-ਤਰਾਰ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਵੀ ਆਪਣੀ ਪਾਰਟੀ ਬਣਾ ਲਈ ਹੈ।
ਇਸ ਦੌਰਾਨ ਸਰਕਾਰ ਨੂੰ ਆਪਣੇ ਕੰਮ ਕਰਵਾਉਣ ਦਾ ਮੌਕਾ ਮਿਲ ਜਾਵੇਗਾ ਤੇ ਸਰਕਾਰ ਨੇ ਇਸ ਲਈ ਤਿਆਰੀ ਵੀ ਕਰ ਰੱਖੀ ਹੈ। ਕਈ ਬਿੱਲ ਤਿਆਰ ਕਰਕੇ ਪੇਸ਼ ਕੀਤੇ ਜਾ ਸਕਦੇ ਹਨ ਤੇ ਆਸ ਹੈ ਕਿ ਸਰਕਾਰ ਇਸ ਨੂੰ ਆਸਾਨੀ ਨਾਲ ਪਾਸ ਕਰਵਾ ਸਕਦੀ ਹੈ। ਦੂਸਰੇ ਪਾਸੇ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕਾਂਗਰਸ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਸਦਨ ਵਿਚ ਆਉਂਦੇ ਹਨ ਜਾਂ ਨਹੀਂ। ਜੇਕਰ ਆਉਂਦੇ ਹਨ ਤਾਂ ਉਹਨਾਂ ਦਾ ਰਵੱਈਆ ਕਿਹੋ ਜਿਹਾ ਰਹੇਗਾ।