ਸ. ਪਰਮਜੀਤ ਸਿੰਘ ਸਰਨਾ ਸ. ਭਰਤਇੰਦਰ ਸਿੰਘ ਚਾਹਲ ਦਾ ਸਨਮਾਨ ਕਰਦੇ ਹੋਏ।
ਨਵੀਂ ਦਿੱਲੀ, 25 ਜੁਲਾਈ (ਵਿਸ਼ਵ ਵਾਰਤਾ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਪੰਜਾਬ ਤੋਂ ਹੁਣੇ ਹੀ ਜਿੱਤ ਕੇ ਗਏ 8 ਕਾਂਗਰਸੀ ਸੰਸਦ ਮੈਂਬਰਾਂ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਸ. ਭਰਤਇੰਦਰ ਸਿੰਘ ਚਾਹਲ ਦੇ ਸਨਮਾਨ ਵਜੋਂ ਬੁੱਧਵਾਰ ਨੂੰ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਗੱਲੋਂ ਵਧਾਈ ਦੇ ਪਾਤਰ ਹਨ, ਜਿਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਵਧੀਆ ਕਾਰਗੁਜਾਰੀ ਨੂੰ ਮੁੱਖ ਰੱਖਦਿਆਂ ਇਮਾਨਦਾਰ ਤੇ ਸਾਫ ਸੁਥਰੇ ਅਕਸ ਵਾਲੇ ਸਿਆਸਤਦਾਨਾਂ ਨੂੰ ਦੇਸ਼ ਦੀ ਪਾਰਲੀਮੈਂਟ ਵਿਚ ਭੇਜਿਆ ਹੈ। ਉਹਨਾਂ ਇਸ ਮੌਕੇ 8 ਸੰਸਦ ਮੈਂਬਰਾਂ ਜਿਹਨਾਂ ਵਿਚ ਮਹਾਰਾਣੀ ਪ੍ਰਨੀਤ ਕੌਰ, ਸੰਤੋਖ ਸਿੰਘ ਚੌਧਰੀ, ਰਵਨੀਤ ਸਿੰਘ ਬਿੱਟੂ, ਮਨੀਸ਼ ਤਿਵਾੜੀ, ਜਸਬੀਰ ਸਿੰਘ ਡਿੰਪਾ, ਮੁਹੰਮਦ ਸਦੀਕ, ਡਾ. ਅਮਰ ਸਿੰਘ, ਗੁਰਜੀਤ ਸਿੰਘ ਔਜਲਾ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਸ. ਭਰਤਇੰਦਰ ਸਿੰਘ ਚਾਹਲ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨ ਕੀਤਾ।
ਇਸ ਸਮਾਗਮ ਵਿਚ ਦਿੱਲੀ ਦੀਆਂ ਪੰਜਾਬੀ ਭਾਈਚਾਰੇ ਨਾਲ ਸਬੰਧਤ ਪ੍ਰਮੁੱਖ ਸਖਸ਼ੀਅਤਾਂ ਤੋਂ ਇਲਾਵਾ ਦੇਸ਼ ਦੇ ਸੀਨੀਅਰ ਐਡਵੋਕੇਟ ਕੇ.ਟੀ.ਐੱਸ. ਤੁਲਸੀ ਅਤੇ ਪਾਕਿਸਤਾਨ ਦੇ ਕਾਰਜਕਾਰੀ ਹਾਈ ਕਮਿਸ਼ਨਰ ਨੇ ਵੀ ਭਾਗ ਲਿਆ।
ਸ. ਸਰਨਾ ਨੇ ਇਨ੍ਹਾਂ ਸੰਸਦ ਮੈਂਬਰਾਂ ਅਤੇ ਸ. ਚਾਹਲ ਦੇ ਪਾਰਟੀ ਵਲੋਂ ਪੰਥਕ ਏਜੰਡੇ ਤਹਿਤ ਗੁਰਦਵਾਰਾ ਕਰਤਾਰਪੁਰ ਸਾਹਿਬ ਲਾਂਘੇ ਅਤੇ 28 ਅਕਤੂਬਰ ਨੂੰ ਦਿੱਲੀ ਤੋਂ ਚੱਲ ਕੇ 1 ਨਵੰਬਰ ਨੂੰ ਗੁਰਦਵਾਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪਹੁੰਚਣ ਵਾਲੇ ਨਗਰ ਕੀਰਤਨ ਦੇ ਉਪਰਾਲਿਆਂ ਦੀ ਭਰਵੀਂ ਪ੍ਰਸ਼ੰਸ਼ਾ ਕੀਤੀ।
ਸ. ਸਰਨਾ ਨੇ ਕਿਹਾ ਕਿ ਸਿੱਖ ਵਿਰੋਧੀ ਅਤੇ ਪੰਜਾਬ ਵਿਰੋਧੀ ਤਾਕਤਾਂ ਇਸ ਨਗਰ ਕੀਰਤਨ ਨੂੰ ਰੁਕਵਾਉਣ ਦੀਆਂ ਸਾਜਿਸ਼ਾਂ ਕਰ ਰਹੀਆਂ ਹਨ। ਪਰ ਸਾਡਾ ਸੰਗਤ ਵਿਚ ਪੂਰਾ ਵਿਸ਼ਵਾਸ ਹੈ ਤੇ ਉਮੀਦ ਕਰਦੇ ਹਾਂ ਕਿ ਸੰਗਤਾਂ ਇਸ ਪਾਵਨ ਤੇ ਇਸਤਿਹਾਸਿਕ ਮੌਕੇ ਨਿਕਲਣ ਵਾਲੇ ਨਗਰ ਕੀਰਤਨ ਨੂੰ ਰੁਕਣ ਨਹੀਂ ਦੇਣਗੀਆਂ।
ਸ. ਸਰਨਾ ਨੇ ਇਸ ਮੌਕੇ ਗੁਰਦਵਾਰਾ ਕਰਤਾਰਪੁਰ ਸਾਹਿਬ ਲਾਂਘੇ ਦੇ ਪ੍ਰਾਜੈਕਟ ਅਤੇ ਨਗਰ ਕੀਰਤਨ ਪਾਕਿਸਤਾਨ ਲੈ ਕੇ ਜਾਣ ਵਿਚ ਪਾਕਿਸਤਾਨ ਸਰਕਾਰ ਵਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਪਾਕਿਸਤਾਨ ਹਾਈ ਕਮਿਸ਼ਨਰ ਦਾ ਧੰਨਵਾਦ ਕੀਤਾ।
ਇਸ ਸਮਾਗਮ ਨੂੰ ਸੰਸਦ ਮੈਂਬਰਾਂ ਅਤੇ ਸ. ਭਰਤਇੰਦਰ ਸਿੰਘ ਚਾਹਲ ਨੇ ਸੰਬੋਧਨ ਕੀਤਾ।