– 98 ਹੋਰ ਆਯੂਰਵੈਦਿਕ ਮੈਡੀਕਲ ਅਫਸਰਾਂ ਦੀ ਭਰਤੀ ਲਈ ਭੇਜਿਆ ਗਿਆ ਪ੍ਰਸਤਾਵ
– ਅਮਿ੍ਰੰਤਸਰ ਵਿਖੇ ਖੋਲਿਆ ਜਾਵੇਗਾ ਆਯੁਰਵੈਦਿਕ ਨਸ਼ਾ-ਮੁਕਤੀ ਕੇਂਦਰ
– 117 ਆਯੂਰਵੈਦਿਕ ਡਿਸਪੈਂਸਰੀਆਂ ਵਿੱਚ ਖੋਲੇ ਜਾਣਗੇ ਹੈਲਥ ਐਂਡ ਵੈਲਨੈੱਸ ਸੈਂਟਰ
ਚੰਡੀਗੜ, 24 ਜੁਲਾਈ : ਸਰਕਾਰੀ ਹਸਪਤਾਲਾਂ ਵਿਚ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਤੇ ਆਯੂਰਵੈਦਿਕ ਵਿਧੀਆਂ ਨੂੰ ਪ੍ਰਚਲਿਤ ਕਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਵਲੋਂ 102 ਆਯੂਰਵੈਦਿਕ ਮੈਡੀਕਲ ਅਫਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਹਦਾਇਤਾਂ ਅਨੁਸਾਰ ਅੱਜ 102 ਆਯੂਰਵੈਦਿਕ ਮੈਡੀਕਲ ਅਫਸਰਾਂ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਮੈਰਿਟ ਦੇ ਆਧਾਰ ’ਤੇ ਨਿਯੁਕਤੀ ਪੱਤਰ ਦਿੱਤੇ ਗਏ ਹਨ ਜਿਨਾਂ ਨੂੰ ਸਰਕਾਰ ਵਲੋਂ ਪੱਕੇ ਤੌਰ ’ਤੇ ਭਰਤੀ ਕੀਤਾ ਗਿਆ ਹੈ। ਉਨਾਂ ਦੱਸਿਆ ਕਿ 31 ਜੁਲਾਈ ਨੂੰ ਨਵ-ਨਿਯੁਕਤ ਏ.ਐਮ.ਓਜ਼. ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਜਿਸ ਉਪਰੰਤ ਏ.ਐਮ.ਓਜ਼. ਨੂੰ ਵੱਖ-ਵੱਖ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਵਿਚ ਤੈਨਾਤ ਕੀਤਾ ਜਾਵੇਗਾ।
ਸਿਹਤ ਮੰਤਰੀ ਨੇ ਦੱਸਿਆ ਕਿ ਅਗਲੇ ਪੜਾਅ ਵਿਚ 98 ਹੋਰ ਏ.ਐ.ਓਜ਼. ਦੀ ਭਰਤੀ ਲਈ ਪ੍ਰਸਤਾਵ ਪਹਿਲਾਂ ਹੀ ਭੇਜ ਦਿੱਤਾ ਗਿਆ ਹੈ ਜਿਸ ਦੀ ਭਰਤੀ ਪ੍ਰਕਿਰਿਆ ਵੀ ਜਲਦ ਸ਼ੁਰੂ ਕੀਤੀ ਜਾਵੇਗੀ।ਉਨਾਂ ਇਹ ਵੀ ਦੱਸਿਆ ਕਿ ਇਸੇ ਭਰਤੀ ਅਧੀਨ 16 ਹੋਰ ਏ.ਐ.ਓਜ਼. ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ ਜੋ ਪ੍ਰਕਿਰਿਆ ਅਧੀਨ ਹੈ ਜਿਸਨੂੰ ਜਲਦ ਮੁਕੰਮਲ ਕਰ ਲਈ ਲਿਆ ਜਾਵੇਗਾ।
ਆਯੂਰਵੈਦਿਕ ਵਿਗਿਆਨ ਦੀ ਵਿਸ਼ੇਸ਼ਤਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਨਸ਼ੇ ਦੀ ਆਦਤ ਤੋਂ ਪੀੜਤ ਮਰੀਜਾਂ ਦੇ ਇਲਾਜ ਲਈ ਅਮਿ੍ਰੰਤਸਰ ਵਿਖੇ ਆਯੁਰਵੈਦਿਕ ਨਸ਼ਾ-ਮੁਕਤੀ ਕੇਂਦਰ ਖੋਲਣ ਲਈ ਇਕ ਪ੍ਰਸਤਾਵ ਕੇਂਦਰ ਨੂੰ ਭੇਜਿਆ ਗਿਆ ਹੈ ਅਤੇ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਨਾਲ ਲਗਾਤਾਰ ਪੱਤਰ ਵਿਹਾਰ ਕੀਤਾ ਜਾ ਰਿਹਾ ਹੈ। ਜਿਸ ਦੀ ਪ੍ਰਵਾਨਗੀ ਮਿਲਣ ਉਪਰੰਤ ਪਾਇਲੇਟ ਆਧਾਰ ’ਤੇ ਇਸ ਕੇਂਦਰ ਨੂੰ ਸ਼ੁਰੂ ਕੀਤਾ ਜਾਵੇਗਾ ਅਤੇ ਨਤੀਜਿਆਂ ਦੇ ਆਧਾਰ ’ਤੇ ਸੂਬੇ ਦੇ ਹੋਰ ਜਿਲਿਆਂ ਵਿਚ ਵੀ ਆਯੁਰਵੈਦਿਕ ਨਸ਼ਾ-ਮੁਕਤੀ ਕੇਂਦਰ ਸਥਾਪਿਤ ਜਾਣਗੇ।
ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਵੱਲੋਂ ਵਿਭਾਗ ਵੱਲੋਂ ਭੇਜੇ ਪ੍ਰਸਤਾਵ ਨੂੰ ਮਨਜ਼ੂਰ ਕਰਦੇ ਹੋਏ ਪੰਜਾਬ ਰਾਜ ਵਿੱਚ 117 ਹੈਲਥ ਐਂਡ ਵੈਲਨੈਂਸ ਸੈਂਟਰ ਖੋਲਣ ਦੀ ਸਿਧਾਂਤਕ ਪ੍ਰਵਾਨਗੀ ਦਿੱਤੀ ਗਈ ਹੈ। ਛੇਤੀ ਹੀ ਰਾਜ ਦੀਆਂ ਆਯੂਰਵੈਦਿਕ ਡਿਸਪੈਂਸਰੀਆਂ ਵਿੱਚ ਇਹ ਸੈਂਟਰ ਖੋਲੇ ਜਾਣਗੇ, ਜਿਨਾਂ ਵਿੱਚ ਆਯੂਸ਼ ਪਿ੍ਰਕਿਰਿਆ ਰਾਹੀਂ ਜੱਚਾ-ਬੱਚਾ ਸਿਹਤ, ਖੂਨ ਦੀ ਕਮੀ, ਸਾਹ ਦੇ ਰੋਗ, ਚਮੜੀ ਦੀਆ ਬਿਮਾਰੀਆਂ ਆਦਿ ਦਾ ਇਲਾਜ ਆਯੂਰਵੈਦਿਕ ਵਿਧੀ ਨਾਲ ਇਲਾਜ ਕੀਤਾ ਜਾ ਸਕੇਗਾ।
ਸ. ਸਿੱਧੂ ਨੇ ਦੱਸਿਆ ਕਿ ਇਸ ਸਮੇਂ ਸੂਬੇ ਦੇ ਪੇਂਡੂ ਖੇਤਰਾਂ ਵਿੱਚ 463 ਅਤੇ ਸ਼ਹਿਰੀ ਖੇਤਰਾਂ ਵਿਚ 47 ਆਯੂਰਵੈਦਿਕ ਡਿਸਪਂੈਸਰੀਆਂ ਚੱਲ ਰਹੀਆਂ ਹਨ ਜਿਨਾਂ ਵਿੱਚ ਦਵਾਈਆਂ ਦੀ ਸਪਲਾਈ ਨਿਯਮਿਤ ਤੌਰ ’ਤੇ ਕੀਤੀ ਜਾ ਰਹੀ ਹੈ ਅਤੇ ਇਨਾਂ ਡਿਸਪਂੈਸਰੀਆਂ ਵਿਖੇ ਸਾਲ 2018-19 ਦੌਰਾਨ 31 ਲੱਖ ਤੋਂ ਜਿਆਦਾ ਰੋਗੀਆਂ ਨੂੰ ਮੁਫਤ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ ਜੋ ਪੰਜਾਬ ਸਰਕਾਰ ਦੀ ਵੱਡੀ ਪ੍ਰਾਪਤੀ ਹੈ।
ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਆਯੂਰਵੈਦ ਨੂੰ ਹੋਰ ਪ੍ਰਫੂਲਤ ਕਰਨ ਲਈ ਛੇਤੀ ਹੀ ਮੋਹਾਲੀ ਵਿਖੇ ਕੌਮਾਂਤਰੀ ਪੱਧਰ ਦਾ ‘ਆਰੋਗਿਆ ਮੇਲਾ’ ਲਗਾਇਆ ਜਾਵੇਗਾ ਜਿਸ ਵਿਚ ਰੋਗੀਆਂ ਦੇ ਇਲਾਜ ਲਈ ਇਕ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਇਸ ਮੇਲੇ ਵਿਚ ਆਯੂਰਵੈਦਿਕ ਨਾਲ ਸਬੰਧਤ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ਜਿਸ ਵਿਚ ਆਯੂਰਵੈਦ ਦੇ ਮਾਹਿਰਾਂ ਦੁਆਰਾ ਲੋਕਾਂ ਨਾਲ ਵਿਚਾਰ ਵਟਾਂਦਰਾ ਵੀ ਕਰਨਗੇ।
ਸਿਹਤ ਮੰਤਰੀ ਨੇ ਦੱਸਿਆ ਕਿ ਭਾਰਤ ਵਿਚ ਪ੍ਰਾਚੀਨਕਾਲ ਤੋਂ ਆਯੂਰਵੈਦਿਕ ਵਿਧੀ ਨਾਲ ਮਰੀਜਾਂ ਦਾ ਇਲਾਜ ਕੀਤਾ ਰਿਹਾ ਹੈ ਅਤੇ ਆਯੂਰਵੈਦਿਕ ਦਿਵਾਈਆਂ ਦੀ ਕਿਸੇ ਵੀ ਤਰਾਂ ਦੇ ਮਾੜੇ ਪ੍ਰਭਾਵ ਨਾ ਹੋਣ ਕਾਰਨ ਹੁਣ ਵਿਸ਼ਵ ਪੱਧਰ ਤੇ ਆਯੂਰਵੈਦਿਕ ਢੰਗ ਨਾਲ ਹੋਣ ਵਾਲੇ ਇਲਾਜ ਵੱਲ ਲੋਕਾਂ ਦਾ ਰੁਝਾਨ ਵੱਧ ਰਿਹਾ ਹੈ। ਜਿਸ ਲਈ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਹਰ ਪੱਧਰ ’ਤੇ ਮਿਆਰੀ ਆਯੂਰਵੈਦ ਇਲਾਜ ਸੇਵਾਵਾਂ ਮੁਹੱਈਆ ਕਰਵਾਉਣ ਲਈ ਹਸਪਤਾਲਾਂ ਤੇ ਡਿਸਪੈਸਰੀਆਂ ਦਾ ਮਜਬੂਤੀਕਰਨ ਕਰ ਰਹੀ ਹੈ ਅਤੇ ਇਨਾਂ 102 ਏ.ਐਮ.ਓਜ. ਦੀ ਭਰਤੀ ਸੂਬੇ ਲਈ ਯਕੀਨਨ ਤੌਰ ’ਤੇ ਮੀਲ ਪੱਥਰ ਸਾਬਿਤ ਹੋਵੇਗੀ।
ਇਸ ਮੌਕੇ ’ਤੇ ਸਿਹਤ ਮੰਤਰੀ ਨੇ ਨਵ-ਨਿਯੁਕਤ ਆਯੂਰਵੈਦਿਕ ਮੈਡੀਕਲ ਅਫਸਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਮ ਲੋਕਾਂ ਦਾ ਇਲਾਜ ਕਰਦੇ ਹੋਏ ਮਰੀਜ਼ਾਂ ਨਾਲ ਚੰਗਾ ਵਿਹਾਰ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਸਰਕਾਰੀ ਹਸਪਤਾਲਾਂ ਪ੍ਰਤੀ ਵਿਸ਼ਵਾਸ਼ ਬਣੇ ਤੇ ਆਮ ਲੋਕ ਵੱਧ ਤੋਂ ਵੱਧ ਆਯੂਰਵੈਦਿਕ ਪ੍ਰਣਾਲੀ ਨਾਲ ਹੋਣ ਵਾਲੇ ਇਲਾਜ ਦਾ ਲਾਭ ਲੈ ਸਕਣ।
ਇਸ ਮੌਕੇ ਤੇ ਐਮ.ਐਲ.ਏ. ਦਵਿੰਦਰ ਸਿੰਘ ਘੁਬਾਇਆ, ਪ੍ਰਮੁੱਖ ਸਕੱਤਰ ਸਿਹਤ ਅਨੁਰਾਗ ਅਗਰਵਾਲ, ਵਿਸ਼ੇਸ਼ ਸਕੱਤਰ ਸਿਹਤ ਤੇ ਕਮਿਸ਼ਨਰ ਆਯੂਸ਼ ਪਰਦੀਪ ਗੋਇਲ, ਸਿਹਤ ਮੰਤਰੀ ਦੇ ਰਾਜਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਡਾਇਰੈਕਟਰ ਆਯੂਰਵੈਦ ਡਾ. ਰਾਕੇਸ਼ ਸ਼ਰਮਾ, ਰਜਿਸਟਰਾਰ ਆਯੁਰਵੈਦ ਤੇ ਯੂਨਾਨੀ ਬੋਰਡ ਸੰਦੀਪ ਗੋਇਲ ਤੇ ਹੋਰ ਸੀਨੀਅਰ ਅਧਿਕਾਰੀ ਹਾਜਰ ਸਨ।