ਕੈਪਟਨ ਅਮਰਿੰਦਰ ਸਿੰਘ ਘੱਗਰ ਦੇ ਬੰਨਾਂ ਨੂੰ ਮਜ਼ਬੂਤ ਬਣਾਉਣ ਲਈ ਦਬਾਅ ਪਾਉਣ ਵਾਸਤੇ ਕੇਂਦਰੀ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਮਿਲਣਗੇ

Advertisement


–     ਹੜਾਂ ਦੀ ਸਮੱਸਿਆ ਦੇ ਹੱਲ ਲਈ ਹਰਿਆਣਾ ਨੂੰ ਵੀ ਸਾਥ ਦੇਣ ਦੀ ਅਪੀਲ
–     ਵਿਸ਼ੇਸ਼ ਗਿਰਦਾਵਰੀ ਤੋਂ ਬਾਅਦ ਤੁਰੰਤ ਮੁਆਵਜ਼ਾ ਦੇਣ ਦਾ ਵਾਅਦਾ
ਸੰਗਰੂਰ/ਪਟਿਆਲਾ, 23 ਜੁਲਾਈ:  ਘੱਗਰ ਦਰਿਆ ਦਾ ਕੰਟਰੋਲ ਕੇਂਦਰੀ ਜਲ ਕਮਿਸ਼ਨ (ਸੀ.ਡਬਲਿਊ.ਸੀ.) ਕੋਲ ਚਲੇ ਜਾਣ ਲਈ ਅਕਾਲੀਆਂ ’ਤੇ ਦੋਸ਼ ਲਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਦਰਿਆ ਦੇ ਬੰਨਾਂ ਨੂੰ ਮਜ਼ਬੂਤ ਬਣਾਉਣ ਲਈ ਦਬਾਅ ਪਾਉਣ ਵਾਸਤੇ ਕੇਂਦਰ ਸਰਕਾਰ ਦੇ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਮਿਲਣਗੇ। ਘੱਗਰ ਵਿੱਚ ਪਏ ਪਾੜ ਨੇ ਸੰਗਰੂਰ ਅਤੇ ਪਟਿਆਲਾ ਜ਼ਿਲਿਆਂ ਵਿੱਚ ਖੜੀ ਫ਼ਸਲ ਅਤੇ ਹੋਰ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।
ਸਾਲ 1966 ਵਿੱਚ ਅਕਾਲੀਆਂ ਵੱਲੋਂ ਪੰਜਾਬ ਦੀ ਵੰਡ ਕਰਾਉਣ ਦੇ ਕਾਰਨ ਪੰਜਾਬ ਦਾ ਘੱਗਰ ਦਰਿਆ ਸੀ.ਡਬਲਿਊ.ਸੀ ਦੇ ਹੱਥਾਂ ਵਿੱਚ ਚਲੇ ਜਾਣ ਅਤੇ ਇਸ ਦੇ ਕਿਨਾਰਿਆਂ ਦੀ ਮਜ਼ਬੂਤੀ ਸਬੰਧੀ ਕੰਟਰੋਲ ਸੂਬੇ ਕੋਲੋਂ ਖੁੱਸ ਜਾਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਵੱਲੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਦਰਿਆ ਦੇ ਬੰਨ ਨੂੰ ਮਜ਼ਬੂਤ ਬਣਾਉਣ ਦੇ ਕੰਮਾਂ ਨੂੰ ਵੀ ਅਕਾਲੀਆਂ ਨੇ ਆਪਣੇ ਕਾਰਜ ਸਮੇਂ ਬੰਦ ਕਰ ਦਿੱਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕਾਲ ਦੌਰਾਨ ਉਨਾਂ ਦੀ ਸਰਕਾਰ ਨੇ 22 ਕਿਲੋਮੀਟਰ ਤੱਕ ਬੰਨ ਮਜ਼ਬੂਤ ਬਣਾਉਣ ਦਾ ਕੰਮ ਕੀਤਾ ਸੀ ਜਦਕਿ ਇਸ ਤੋਂ ਬਾਅਦ ਅਕਾਲੀ ਦਲ-ਭਾਜਪਾ ਸਰਕਾਰ ਨੇ ਇਹ ਸਾਰਾ ਕੰਮ ਮੁਅੱਤਲ ਕਰ ਦਿੱਤਾ।
ਇਸ ਮੁੱਦੇ ਨੂੰ ਹੱਲ ਕਰਨ ਵਾਸਤੇ ਹਰਿਆਣਾ ਨੂੰ ਵੀ ਸਾਥ ਦੇਣ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੋਵਾਂ ਵਿੱਚ ਹੀ ਘੱਗਰ ਦੇ ਬੰਨਾਂ ਨੂੰ ਮਜ਼ਬੂਤ ਕੀਤੇ ਜਾਣ ਦੀ ਜ਼ਰੂਰਤ ਹੈ ਤਾਂ ਜੋ ਵਾਰ-ਵਾਰ ਆਉਂਦੇ ਸੰਭਾਵੀ ਹੜਾਂ ਅਤੇ ਇਨਾਂ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਬਚਿਆ ਜਾ ਸਕੇ।
ਛੇ ਸਾਲ ਪਹਿਲਾਂ ਪੰਜਾਬ ਵੱਲੋਂ ਘੱਗਰ ਦੇ ਬੰਨਾਂ ਨੂੰ ਦਰੁਸਤ ਕਰਨ ਲਈ ਸੀ.ਡਬਲਿਊ.ਸੀ. ਕੋਲ ਪੇਸ਼ ਕੀਤੇ ਪ੍ਰਸਤਾਵ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੀ.ਡਬਲਿਊ.ਸੀ. ਨੇ ਮਾਰਚ, 2019 ਵਿੱਚ ਸੈਂਟਰਲ ਵਾਟਰ ਐਂਡ ਪਾਵਰ ਰਿਸਰਚ ਸਟੇਸ਼ਨ ਪੂਨੇ ਵਰਗੀ ਆਜ਼ਾਦ ਏਜੰਸੀ ਤੋਂ ਲੋੜੀਂਦਾ ਅਧਿਐਨ ਕਰਵਾਉਣ ਦੇ ਹੁਕਮ ਦਿੱਤੇ। ਉਨਾਂ ਕਿਹਾ ਕਿ ਉਹ ਭਾਰਤ ਸਰਕਾਰ ਨੂੰ ਇਹ ਆਖਣਗੇ ਕਿ ਉਹ ਮਕਰੋੜ ਸਾਹਿਬ ਤੋਂ ਕਰੈਲ (17.5 ਕਿਲੋਮੀਟਰ) ਤੱਕ ਪ੍ਰੋਜੈਕਟ ਦੇ ਦੂਜੇ ਪੜਾਅ ਦਾ ਕੰਮ ਪੰਜਾਬ ਨੂੰ ਕਰਨ ਦੀ ਆਗਿਆ ਦੇਣ ਵਾਸਤੇ ਤੇਜ਼ੀ ਨਾਲ ਜ਼ਰੂਰੀ ਪ੍ਰਵਾਨਗੀ ਮੁਹੱਈਆ ਕਰਵਾਉਣ ਲਈ ਸੀ.ਡਬਲਿਊ.ਸੀ. ਨੂੰ ਨਿਰਦੇਸ਼ ਦੇਵੇ।
ਭਾਰੀ ਮੀਂਹ ਕਾਰਨ ਘੱਗਰ ਵਿੱਚ ਪਾਣੀ ਵਧਣ ਕਾਰਨ ਪਏ ਪਾੜ ਦੇ ਨਤੀਜੇ ਵਜੋਂ ਆਏ ਹੜਾਂ ਨਾਲ ਨੁਕਸਾਨ ਦਾ ਅਨੁਮਾਨ ਲਾਉਣ ਲਈ ਹਵਾਈ ਸਰਵੇ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮੂਨਕ (ਸੰਗਰੂਰ) ਅਤੇ ਬਾਦਸ਼ਾਹਪੁਰ (ਪਟਿਆਲਾ) ਵਿਖੇ ਕਿਸਾਨਾਂ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਰਾਜਪੁਰਾ, ਘਨੌਰ ਅਤੇ ਸ਼ਤਰਾਨਾ ਇਲਾਕਿਆਂ ਵਿੱਚ ਹਵਾਈ ਸਰਵੇਖਣ ਕਰਨ ਤੋਂ ਬਾਅਦ ਸੰਗਰੂਰ ਜ਼ਿਲੇ ਦੇ ਮੂਨਕ ਵਿਖੇ ਪਹਿਲਾ ਪੜਾਅ ਕਰਨ ਪਿੱਛੋਂ ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਵਿਖੇ ਤਕਰੀਬਨ 50 ਹਜ਼ਾਰ ਏਕੜ ਫ਼ਸਲ ਬਰਬਾਦ ਹੋ ਗਈ ਹੈ ਅਤੇ ਘੱਗਰ ਦਰਿਆ ਵਿੱਚ ਪਾੜ ਪੈਣ ਸੰਗਰੂਰ ਵਿੱਚ 10 ਹਜ਼ਾਰ ਏਕੜ ਫਸਲ ਬਰਬਾਦ ਹੋਈ ਹੈ।
ਮੂਨਕ ਵਿੱਚ ਆਪਣੇ ਬਚਪਨ ਤੋਂ ਹੀ ਇਹ ਸਮੱਸਿਆ ਦੇਖਦੇ ਆ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਸਬੇ ਨੂੰ ਆਪਣਾ ‘ਨਾਨਕੇ’ ਦੱਸਿਆ ਅਤੇ ਭਵਿੱਖ ਵਿੱਚ ਹੜਾਂ ਦੇ ਨੁਕਸਾਨ ਤੋਂ ਬਚਣ ਲਈ ਦਰਿਆ ਦੇ ਬੰਨਾਂ ਨੂੰ ਮਜ਼ਬੂਤ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਦੀ ਪ੍ਰਿਆ ਚੱਲ ਰਹੀ ਹੈ ਅਤੇ ਪਾਣੀ ਦਾ ਪੱਧਰ ਹੇਠਾਂ ਆਉਣ ’ਤੇ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਉਨਾਂ ਨੇ ਇਲਾਕੇ ਦੇ ਲੋਕਾਂ ਨੂੰ ਪਏ ਘਾਟੇ ਦੀ ਭਰਪਾਈ ਕਰਨ ਦਾ ਵਾਅਦਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਹੀ ਉਨਾਂ ਨੂੰ ਵਿਸ਼ੇਸ਼ ਗਿਰਦਾਵਰੀ ਦੀ ਰਿਪੋਰਟ ਹਾਸਲ ਹੋਈ, ਉਹ ਉਸੇ ਦਿਨ ਮੁਆਵਜ਼ਾ ਜਾਰੀ ਕਰ ਦੇਣਗੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਘੱਗਰ ਦਰਿਆ ਬਠਿੰਡਾ ਵਿੱਚ ਵੀ ਸਮੱਸਿਆਵਾਂ ਪੈਦਾ ਕਰ ਰਿਹਾ ਹੈ ਜਿੱਥੋਂ ਦੀ ਪੁਲੀਸ ਲਾਈਨ ਵੀ ਪਾਣੀ ਦੀ ਮਾਰ ਹੇਠ ਆਈ ਹੈ। ਉਨਾਂ ਕਿਹਾ ਕਿ ਜ਼ਿਲੇ ਵਿੱਚ ਪਿਛਲੇ 40 ਸਾਲਾਂ ਵਿੱਚ ਸਭ ਤੋਂ ਵੱਧ ਮੀਂਹ ਪਿਆ ਹੈ ਜੋ ਪਾਣੀ ਦੇ ਵਹਾਅ ਬਹੁਤ ਉੱਚਾ ਹੋਣ ਦਾ ਕਾਰਨ ਬਣਿਆ।
ਮੂਨਕ ਵਿੱਚ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਨੂੰ ਹੜਾਂ ਨਾਲ 28 ਘਰਾਂ ਨੂੰ ਪੁੱਜੇ ਨੁਕਸਾਨ ਜਿਨਾਂ ਵਿੱਚ ਤਿੰਨ ਘਰ ਪੂਰੀ ਤਰਾਂ ਨੁਕਸਾਨੇ ਗਏ ਹਨ, ਨੂੰ ਫੌਰੀ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ। ਉਨਾਂ ਨੇ ਅਧਿਕਾਰੀਆਂ ਨੂੰ ਸੜਕਾਂ ਉੱਚੀਆਂ ਕਰਨ ਲਈ ਅੱਜ ਹੀ ਫਾਇਰ ਬਿ੍ਰਗੇਡ ਅਤੇ ਜੇ.ਸੀ.ਬੀ. ਮਸ਼ੀਨਾਂ ਭੇਜਣ ਦੇ ਵੀ ਆਦੇਸ਼ ਦਿੱਤੇ ਅਤੇ ਮੰਡੀ ਬੋਰਡ ਨੂੰ ਬਿਨਾਂ ਕਿਸੇ ਦੇਰੀ ਤੋਂ ਕੰਮ ਸ਼ੁਰੂ ਕਰਨ ਦੀ ਹਦਾਇਤ ਕੀਤੀ।
ਮੁੱਖ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਕੋਲ ਢੁਕਵੇਂ ਆਫ਼ਤ ਪ੍ਰਬੰਧਨ ਫੰਡ ਹਨ। ਸਥਾਨਕ ਪ੍ਰਸ਼ਾਸਨ, ਫੌਜ, ਕੌਮੀ ਆਫ਼ਤ ਪ੍ਰਬੰਧਨ ਦਸਤੇ ਅਤੇ ਸਥਾਨਕ ਵਾਸੀਆਂ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਹਿਰ ਦਾ ਪਾੜ ਪੂਰਨ ਲਈ ਇਹ ਦਿਨ-ਪੁਰ-ਰਾਤ ਕੰਮ ਕਰ ਰਹੇ ਹਨ।
ਇਸ ਤੋਂ ਬਾਅਦ ਬਾਦਸ਼ਾਹਪੁਰ ਵਿੱਚ ਫਸਲਾਂ ਨੂੰ ਹੋਏ ਨੁਕਸਾਨ ਦੇ ਡੰੂਘਾ ਦੁੱਖ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਟਿਆਲਾ ਦੇ ਪਿੰਡਾਂ ਵਿੱਚ ਹੋਏ ਨੁਕਸਾਨ ਨੂੰ ਦੇਖ ਕੇ ਉਨਾਂ ਦਾ ਮਨ ਦੁਖੀ ਹੋਇਆ ਹੈ ਕਿਉਂਕਿ ਉਹ ਛੋਟੇ ਹੁੰਦੇ ਤੋਂ ਇਨਾਂ ਪਿੰਡਾਂ ਵਿੱਚ ਆਉਂਦੇ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖੁਸ਼ਕਿਸਮਤੀ ਨਾਲ ਕਿਸੇ ਮਨੁੱਖੀ ਜੀਵਨ ਜਾਂ ਕਿਸੇ ਪਸ਼ੂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਉਨਾਂ ਕਿਹਾ ਕਿ ਕੁਝ ਲੋਕ ਜ਼ਖਮੀ ਜ਼ਰੂਰ ਹੋਏ ਹਨ ਜਿਨਾਂ ਨੂੰ ਸਰਕਾਰ ਵੱਲੋਂ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨਾਂ ਨੇ ਹੜਾਂ ਨਾਲ ਨੁਕਸਾਨੇ ਗਏ 33 ਕੱਚੇ ਘਰਾਂ ਦੀ ਉਸਾਰੀ ਕਰਵਾਉਣ ਦਾ ਭਰੋਸਾ ਦਿੱਤਾ।
ਮੁੱਖ ਮੰਤਰੀ ਨੇ ਲੋਕਾਂ ਨੂੰ ਰਾਹਤ ਮੁਹੱਈਆ ਕਰਵਾਉਣ ਲਈ ਜ਼ਿਲਾ ਪ੍ਰਸ਼ਾਸਨ ਦੀ ਮਦਦ ਕਰਨ ਬਦਲੇ ਪਟਿਆਲਾ ਅਧਾਰਿਤ ਫਸਟ ਆਰਮਰਡ ਡਿਵੀਜ਼ਨ ਦਾ ਵੀ ਧੰਨਵਾਦ ਕੀਤਾ।
ਮੁੱਖ ਮੰਤਰੀ ਨੇ ਘਨੌਰ ਦੇ ਪਿੰਡ ਸਿਰਕਪੜਾ ਵਿੱਚ ਨੁਕਸਾਨੇ ਗਏ ਪੁਲ ਦੇ ਮੁੜ ਨਿਰਮਾਣ ਲਈ 60 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਕ ਹੋਰ ਬੇਨਤੀ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਨੇ ਬਾਦਸ਼ਾਹਪੁਰ ਦੀ ਅਨਾਜ ਮੰਡੀ ਨੂੰ ਅਗਲੀ ਫਸਲ ਦੇ ਆਉਣ ਤੋਂ ਪਹਿਲਾਂ ਪੱਕੀ ਕਰਨ ਦਾ ਵੀ ਐਲਾਨ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਆਮ ਤੌਰ ’ਤੇ ਇਨਾਂ ਇਲਾਕਿਆਂ ਵਿੱਚ ਸਤੰਬਰ ’ਚ ਹੜ ਆਉਂਦੇ ਹਨ ਪਰ ਮੌਸਮ ’ਚ ਬਦਲਾਅ ਨਾਲ ਕੋਈ ਵੀ ਪੇਸ਼ੀਨਗੋਈ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਉਨਾਂ ਨੇ ਸੁਚੇਤ ਕੀਤਾ ਕਿ ਭਾਵੇਂ ਹੁਣ ਪਾਣੀ ਦਾ ਪੱਧਰ ਘਟ ਗਿਆ ਹੈ ਪਰ ਕਿਸੇ ਵੀ ਸੰਭਾਵਨਾ ਲਈ ਤਿਆਰ ਰਹਿਣਾ ਜ਼ਰੂਰੀ ਹੈ।
ਇਸ ਤੋਂ ਪਹਿਲਾਂ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਨੇ ਘੱਗਰ ਵਿੱਚ ਪਾੜ ਪੈਣ ਨਾਲ ਸ਼ੁਤਰਾਣਾ ਵਿਧਾਨ ਹਲਕੇ ਦੇ ਪਿੰਡਾਂ ਵਿੱਚ ਫਸਲਾਂ ਅਤੇ ਜਾਇਦਾਦ ਨੂੰ ਪਹੁੰਚੇ ਨੁਕਸਾਨ ਬਾਰੇ ਮੁੱਖ ਮੰਤਰੀ ਨੂੰ ਜਾਣੰੂ ਕਰਵਾਇਆ।
ਮੁੱਖ ਮੰਤਰੀ ਨਾਲ ਉਨਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਤੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਹਾਜ਼ਰ ਸਨ।