Punjab: ਬਜ਼ੁਰਗ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ, ਪੁੱਤ ‘ਤੇ ਲੱਗ ਰਹੇ ਕਤਲ ਦੇ ਦੋਸ਼
ਚੰਡੀਗੜ੍ਹ, 26 ਨਵੰਬਰ 2026 (ਵਿਸ਼ਵ ਵਾਰਤਾ): ਮੋਗਾ ਦੇ ਟਾਂਗੇ ਵਾਲੀ ਗਲੀ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਰਿਵਾਰ ਦਾ ਦੋਸ਼ ਹੈ ਕਿ ਪੁੱਤ ਨੇ ਹੀ ਪਿਓ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਮ੍ਰਿਤਕ ਦੀ ਪਛਾਣ 70 ਸਾਲਾ ਕੁਲਦੀਪ ਸਿੰਘ ਵੱਜੋਂ ਹੋਈ ਹੈ ਅਤੇ ਉਸ ਦੇ ਪੇਟ ਵਿੱਚ ਗੋਲੀ ਲੱਗੀ ਸੀ। ਪਰਿਵਾਰ ਦਾ ਕਹਿਣਾ ਹੈ ਕਿ ਹੈਪੀ (ਮ੍ਰਿਤਕ ਦਾ ਪੁੱਤ) ਨਸ਼ੇ ਦਾ ਆਦੀ ਸੀ ਅਤੇ ਅਕਸਰ ਆਪਣੇ ਪਿਤਾ ਤੋਂ ਨਸ਼ੇ ਲਈ ਪੈਸੇ ਮੰਗਦਾ ਸੀ।
ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸਨੇ ਉਸ ਰਾਤ ਕੋਈ ਗੋਲੀ ਚੱਲਣ ਦੀ ਆਵਾਜ਼ ਨਹੀਂ ਸੁਣੀ। ਉਹ ਸੁੱਤੀ ਪਈ ਸੀ। ਉਸਦਾ ਪੁੱਤਰ ਵੀ ਘਰ ਵਿੱਚ ਸੀ। ਮੁਲਜ਼ਮ ਦੀ ਮਾਂ ਨੇ ਦੱਸਿਆ ਕਿ ਉਸਦੇ ਪੁੱਤਰ ਦਾ ਕਿਸੇ ਔਰਤ ਨਾਲ ਪ੍ਰੇਮ ਸਬੰਧ ਹੈ। ਉਹ ਘਰ ਵਿੱਚ ਘੱਟ ਹੀ ਰਹਿੰਦਾ ਹੈ। ਘਟਨਾ ਤੋਂ ਬਾਅਦ ਉਹ ਘਰੋਂ ਭੱਜ ਗਿਆ।
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ ਬਜ਼ੁਰਗ ਵਿਅਕਤੀ ਦੀ ਮੌਤ ਬਾਰੇ ਜਾਣਕਾਰੀ ਮਿਲੀ। ਮੌਕੇ ਦਾ ਮੁਆਇਨਾ ਕਰਨ ‘ਤੇ ਪਤਾ ਲੱਗਾ ਕਿ ਮ੍ਰਿਤਕ ਦੇ ਪੇਟ ਵਿੱਚ ਗੋਲੀ ਲੱਗੀ ਹੈ। ਇਹ ਕਤਲ ਦਾ ਮਾਮਲਾ ਜਾਪਦਾ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਦਰਜ ਕੀਤੇ ਜਾ ਰਹੇ ਹਨ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਘਟਨਾ ਸਥਾਨ ਤੋਂ ਇੱਕ ਗੋਲੀ ਦਾ ਖੋਲ ਵੀ ਬਰਾਮਦ ਹੋਇਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮੁਲਜ਼ਮ ਦੀ ਭਾਲ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ, ਜਿਸਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।























