ਅੰਮ੍ਰਿਤਸਰ ‘ਚ ਵੱਡੀ ਵਾਰਦਾਤ! 2 ਕੁੱਤਿਆਂ ਤੇ ਮਾਂ ਨੂੰ ਗੋਲੀ ਮਾਰਨ ਮਗਰੋਂ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
ਅੰਮ੍ਰਿਤਸਰ, 24 ਨਵੰਬਰ (ਵਿਸ਼ਵ ਵਾਰਤਾ): ਅੰਮ੍ਰਿਤਸਰ ‘ਚ ਅੱਜ ਇਕ ਦਿਲ ਦਹਿਲਾਉਣ ਵਾਲੀ ਘਣਾ ਵਾਪਰੀ। ਇਥੇ ਇੱਕ ਵਿਅਕਤੀ ਨੇ 2 ਕੁੱਤਿਆਂ ਤੋਂ ਬਾਅਦ ਆਪਣੀ ਮਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇੰਨ੍ਹਾ ਹੀ ਨਹੀਂ , ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਇਸ ਘਟਨਾ ਵਿੱਚ ਚਾਰਾਂ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਭੁਪਿੰਦਰ ਕੌਰ ਵਜੋਂ ਹੋਈ ਹੈ। 50 ਸਾਲਾ ਹਰਪ੍ਰੀਤ ਸਿੰਘ ਕਰੀਬ 5 ਸਾਲ ਪਹਿਲਾਂ ਇੰਗਲੈਂਡ ਤੋਂ ਵਾਪਸ ਆਇਆ ਸੀ। ਲੋਕਾਂ ਨੇ ਦੱਸਿਆ ਕਿ ਮੁਲਜ਼ਮ ਨਸ਼ੇ ਦਾ ਆਦੀ ਸੀ। ਉਸ ਦੀ ਪਤਨੀ ਵੀ ਉਸ ਨੂੰ ਛੱਡ ਕੇ ਜਾ ਚੁੱਕੀ ਸੀ।
ਪਰਿਵਾਰਕ ਮੈਂਬਰਾਂ ਮੁਤਾਬਕ ਉਹ ਪਤਨੀ ਨਾਲ ਵੀ ਕੁੱਟਮਾਰ ਕਰਦਾ ਸੀ। ਇਸੇ ਤੋਂ ਤੰਗ ਆ ਕੇ ਹੀ ਉਹ ਪੇਕੇ ਘਰ ਚਲੀ ਗਈ ਸੀ। ਵਿਆਹ ਦੇ ਕਰੀਬ ਇੱਕ-ਡੇਢ ਮਹੀਨੇ ਬਾਅਦ ਹੀ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਤੋਂ ਹੀ ਉਹ ਮਾਨਸਿਕ ਤਣਾਅ ਅਤੇ ਡਿਪਰੈਸ਼ਨ ਵਿੱਚ ਚੱਲ ਰਿਹਾ ਸੀ।
ਮ੍ਰਿਤਕ ਦੇ ਹੋਰ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਘਟਨਾ ਸਵੇਰੇ 9 ਵਜੇ ਦੇ ਕਰੀਬ ਵਾਪਰੀ। ਅਚਾਨਕ ਗੋਲੀ ਦੀ ਆਵਾਜ਼ ਸੁਣ ਕੇ ਜਦੋਂ ਉਹ ਬਾਹਰ ਨਿਕਲੇ ਤਾਂ ਪਤਾ ਲੱਗਾ ਕਿ ਹਰਪ੍ਰੀਤ ਸਿੰਘ (50) ਨੇ ਆਪਣੀ ਮਾਂ ਅਤੇ ਦੋ ਪਾਲਤੂ ਕੁੱਤਿਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਇਸ ਤੋਂ ਬਾਅਦ ਹਰਪ੍ਰੀਤ ਨੇ ਨਾਲ ਲੱਗਦੀ ਗਲੀ ਦੇ ਕੋਲ ਖੇਤਾਂ ਵਿੱਚ ਜਾ ਕੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਗੁਮਟਾਲਾ ਦੇ ਵਾਰਡ ਨੰਬਰ 2 ਦੇ ਕੌਂਸਲਰ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੋਨ ‘ਤੇ ਇਸ ਘਟਨਾ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ। ਫਿਲਹਾਲ ਵਾਰਦਾਤ ਦੇ ਪਿੱਛੇ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।























